ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਦਿਨ-ਬ-ਦਿਨ ਵੱਧ ਰਹੀ ਭਿਆਨਕ ਬਿਮਾਰੀ ‘ਕੈਂਸਰ’ ਸਬੰਧੀ ਖ਼ਾਲਸਾ ਕਾਲਜ ਵਿਖੇ ਅੱਜ ਇਕ ਰੋਜ਼ਾ ‘ਮੁਫ਼ਤ ਮੈਡੀਕਲ ਕੈਂਪ ਅਤੇ ਕੈਂਸਰ ਜਾਗਰੂਕਤਾ’ ਸੈਮੀਨਾਰ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਅਤੇ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ, ਜਲੰਧਰ ਦੇ ਯਤਨਾਂ ਸਦਕਾ ਕਰਵਾਏ ਕੈਂਸਰ ਜਾਗਰੂਕਤਾ ਸੈਮੀਨਾਰ ’ਚ ਵਰਲਡ ਕੈਂਸਰ ਕੇਅਰ ਯੂ.ਕੇ ਤੋਂ ਗਲੋਬਲ ਐਮਬੈਸਡਰ ਅਤੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਨੇ ਕੈਂਸਰ ਦੇ ਲੱਛਣਾਂ ਅਤੇ ਉਸ ਤੋਂ ਬਚਾਅ ਸਬੰਧੀ ਆਪਣੇ ਸੰਬੋਧਨੀ ਭਾਸ਼ਣ ਨਾਲ ਸਟਾਫ਼ ਤੇ ਵਿਦਿਆਰਥੀਆਂ ਨਾਲ ਸੁਝਾਅ ਸਾਂਝੇ ਕੀਤਾ।
ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦਫ਼ਤਰ ਵਿਖੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ੍ਰੀ ਧਾਲੀਵਾਲ ਸਵਾਗਤ ਕਰਦਿਆਂ ਕੈਂਸਰ ਪ੍ਰਤੀ ਵਿਚਾਰ-ਚਰਚਾ ਕੀਤੀ। ਇਸ ਮੌਕੇ ਛੀਨਾ ਨੇ ਕਿਹਾ ਕਿ ਆਧੁਨਿਕਤਾ ਭਰਪੂਰ ਯੁੱਗ ’ਚ ਜਿੱਥੇ ਮਨੁੱਖ ਆਰਾਮਦਾਇਕ ਸਹੂਲਤਾਂ ਸਰਲ ਤੇ ਆਸਾਨ ਜੀਵਨ ਜਿਉਣ ਦਾ ਆਦੀ ਹੋ ਰਿਹਾ ਹੈ, ਉਥੇ ਕਈ ਬਿਮਾਰੀਆਂ ਜਿਨ੍ਹਾਂ ’ਚ ਖ਼ਾਸ ਕਰਕੇ ਖ਼ਤਰਨਾਕ ਬਿਮਾਰੀ ਕੈਂਸਰ ਦੀ ਗ੍ਰਿਫ਼ਤ ’ਚ ਆ ਰਿਹਾ ਹੈ, ਜੋ ਕਿ ਮਨੁੱਖਤਾ ਲਈ ਬਹੁਤ ਗੰਭੀਰਤਾ ਅਤੇ ਸੰਜੀਦਾ ਮਾਮਲਾ ਹੈ।ਛੀਨਾ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਕਾਲਜ ਕੈਂਪਸ ’ਚ ਪ੍ਰਿੰ: ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਸੰਸਾਰ ਪ੍ਰਸਿੱਧ ਸੰਸਥਾ ਦੇ ਰਾਜਦੂਤ ਸ੍ਰੀ ਧਾਲੀਵਾਲ ਕੈਂਸਰ ਪ੍ਰਤੀ ਜਾਗ੍ਰਿਤ ਕਰਨ ਲਈ ਪਧਾਰੇ ਹਨ ਅਤੇ ਹਾਜ਼ਰ ਸਟਾਫ਼ ਤੇ ਵਿਦਿਆਰਥੀ ਖ਼ਤਰਨਾਕ ਬਿਮਾਰੀ ਸਬੰਧੀ ਜਿੱਥੇ ਜਾਣਕਾਰੀ ਹਾਸਲ ਕਰਨਗੇ ਉਥੇ ਸਮਾਜ ’ਚ ਲੋਕਾਂ ਨੂੰ ਇਸ ਬਿਮਾਰੀ ਦੇ ਕਾਰਨਾਂ ਅਤੇ ਸਿੱਟਿਆਂ ਪ੍ਰਤੀ ਜਾਗਰੂਕਤਾ ਫ਼ੈਲਾਉਣਗੇ।
ਡਾ. ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ਰਹਿੰਦਿਆਂ ਮਨੁੱਖ ਨੂੰ ਆਪਣੇ ਸਰੀਰ ਦਾ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਜੇਕਰ ਕਿਸੇ ਕਿਸਮ ਦਾ ਕੋਈ ਰੋਗ, ਚਾਹੇ ਉਹ ਕੈਂਸਰ ਹੀ ਕਿਉਂ ਨਾ ਹੋਵੇ, ਦਾ ਸਮੇਂ ’ਤੇ ਪਤਾ ਲੱਗਣ ’ਤੇ ਡਾਕਟਰ ਇਸ ਤੋਂ ਛੁਟਕਾਰਾ ਦਿਵਾਉਣ ਲਈ ਉਪਚਾਰ ਕਰ ਸਕਦਾ ਹੈ।ਡਾ. ਧਾਲੀਵਾਲ ਨੇ ਇਸ ਮੌਕੇ ਮਾਨਸਿਕ ਤਣਾਅ, ਦੂਸ਼ਿਤ ਆਬੋ-ਹਵਾ, ਕੁਦਰਤੀ ਖਾਧ ਪਦਾਰਥ ਨਾ ਹੋਣ, ਸਵੇਰ ਦੀ ਸੈਰ-ਕਸਰਤ ਨਾ ਕਰਨਾ ਆਦਿ ਨਾਲ ਮਨੁੱਖ ਕੈਂਸਰ ਦੀ ਜਕੜ੍ਹ ’ਚ ਆ ਰਿਹਾ ਹੈ।
ਡਾ. ਧਾਲੀਵਾਲ ਨੇ ਕੈਂਸਰ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਸਰੀਰ ਦੇ ਅੰਗ ਅਤੇ ਟਿਸ਼ੂ ਛੋਟੇ ਛੋਟੇ ਮੂਲਭੂਤ ਅੰਗਾਂ ਤੋਂ ਬਣੇ ਹੁੰਦੇ ਹਨ, ਜਿਨ੍ਹਾਂ ਨੂੰੰ ਸੈੱਲ (ਕੋਸ਼ਾਣੂ) ਕਿਹਾ ਜਾਂਦਾ ਹੈ। ਕੈਂਸਰ ਇਨ੍ਹਾਂ ਸੈੱਲਾਂ ਦੀ ਬਿਮਾਰੀ ਹੈ। ਸਰੀਰ ’ਚ ਹਰੇਕ ਹਿੱਸੇ ਦੇ ਸੈਲ ਵੱਖੋ-ਵੱਖਰੇ ਹੁੰਦੇ ਹਨ ਪਰ ਜ਼ਿਆਦਾਤਰ ਸੈਲ ਇਕੋਂ ਤਰ੍ਹਾਂ ਨਾਲ ਆਪਣੀ ਮਰੁੰਮਤ ਕਰ ਲੈਂਦੇ ਹਨ ਅਤੇ ਆਪਣੇ ਆਪ ਨੂੰ ਦੁਬਾਰਾ ਬਣਾ ਲੈਂਦੇ ਹਨ।ਆਮ ਤੌਰ ’ਤੇ ਸੈਲ ਤਰਤੀਬਬੱਧ ਤਰੀਕੇ ਨਾਲ ਵੰਡੇ ਜਾਂਦੇ ਹਨ। ਪਰ ਜੇ ਇਹ ਪ੍ਰੀਕ੍ਰਿਆ ਕਾਬੂ ਤੋਂ ਬਾਹਰ ਹੋ ਜਾਵੇ, ਤਾਂ ਸੈੱਲਾਂ ਦਾ ਵੰਡਿਆ ਜਾਣਾ ਜਾਰੀ ਰਹਿੰਦਾ ਹੈ ਅਤੇ ਇਹ ਇਕ ਗੁੰਢ ’ਚ ਬਦਲ ਜਾਂਦੇ ਹਨ ਜਿਸ ਨੂੰ ਟਿਊਮਰ ਕਿਹਾ ਜਾਂਦਾ ਹੈ। ਸਾਰੇ ਟਿਊਮਰ ਕੈਂਸਰ ਨਹੀਂ ਹੁੰਦੇ।
ਪ੍ਰਿਸੀਪਲ ਡਾ. ਮਹਿਲ ਸਿੰਘ ਨੇ ਡਾ. ਆਂਚਲ ਅਰੋੜਾ ਵਲੋਂ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਪ੍ਰੋਗਰਾਮ ਦੇ ਆਰਗੇਨਾਈਜ਼ ਸਕੱਤਰ ਡਾ. ਆਂਚਲ ਅਰੋੜਾ ਨੇ ਕਿਹਾ ਕਿ ਪੰਜਾਬ ’ਚ ਇਹ ਮੰਦਭਾਗੀ ਤ੍ਰਾਸਦੀ ਹੈ ਕਿ ਜਦੋਂ ਇਨਸਾਨ ਕੈਂਸਰ ਦੀ ਤੀਸਰੀ ਸਟੇਜ਼ ’ਤੇ ਪਹੁੰਚਦਾ ਹੈ ਤਾਂ ਜੀਵਨ ਨੂੰ ਬਚਾਉਣ ਲਈ ਪਿੱਛੇ ਕੋਈ ਵੀ ਸਮਾਂ ਨਹੀਂ ਰਹਿੰਦਾ।ਇਸ ਲਈ ਸਮਾਂ ਰਹਿੰਦਿਆਂ ਹੀ ਸਰੀਰ ਦੀ ਜਾਂਚ ਕਰਵਾ ਕੇ ਕੈਂਸਰ ਦੇ ਜੇਕਰ ਕੋਈ ਆਸਾਰ ਨਜ਼ਰ ਆਉਣ ਤਾਂ ਦਵਾਈ ਲੈ ਕੇ ਉਸ ਤੋਂ ਛੁਟਕਾਰਾ ਪਾਇਆ ਜਾ ਸਕੇ।
ਡਾ. ਅਰੋੜਾ ਨੂੰ ਵਰਲਡ ਕੈਂਸਰ ਕੇਅਰ ਯੂ.ਕੇ ਦੇ ਡਾ. ਧਾਲੀਵਾਲ ਵਲੋਂ ‘ਗੁਡਵਿੱਲ ਐਮਬੈਸਡਰ, ਇੰਡੀਆ’ ਦੇ ਖਿਤਾਬ ਨਾਲ ਨਿਵਾਜਿਆ ਗਿਆ।ਸੰਸਥਾ ਦੀ ਟੀਮ ’ਚ 30 ਦੇ ਕਰੀਬ ਮੈਂਬਰ ਚਾਰ ਚੈਕਅਪ ਕੇਂਦਰ ਵੈਨਾਂ ਸਮੇਤ ਪੁੱਜੇ ਜਿਨ੍ਹਾਂ ਨੇ ਲਗਭਗ 300 ਦੇ ਕਰੀਬ ਖ਼ਾਲਸਾ ਕਾਲਜ ਦੇ ਸਮੂਹ ਵਿੱਦਿਅਕ ਅਦਾਰਿਆਂ ਦੇ ਸਟਾਫ਼, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਲੋਕਾਂ ਦਾ ਮੁਫ਼ਤ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ।
ਇਸ ਮੌਕੇ ਡਾ. ਸੁਖਮੀਨ ਬੇਦੀ, ਡਾ. ਚਰਨਜੀਤ ਸਿੰਘ, ਡਾ. ਜਸਜੀਤ ਕੌਰ ਰੰਧਾਵਾ, ਡਾ. ਜੋਰਾਵਰ ਸਿੰਘ ਅਤੇ ਟੀਮ ’ਚ ਮੈਨੇਜਿੰਗ ਡਾਇਰੈਕਟਰ ਸ: ਧਰਮਿੰਦਰ ਢਿੱਲੋਂ, ਡਾ. ਸ਼ਾਲਨੀ, ਡਾ. ਸੋਨੀਆ, ਆਦਿ ਹਾਜ਼ਰ ਸਨ।