Sunday, December 22, 2024

ਸ਼ਹੀਦ (ਕਹਾਣੀ)

            “ਯੋਧਾ ਸਿਆਂ, ਆ ਅੱਜ ਜਿਹੜੀ ਸ਼ਹੀਦ ਦੇ ਪਰਿਵਾਰ ਦੀ “ਤੂੰ ਤੂੰ, ਮੈਂ ਮੈਂ” ਹੋਈ ਆ ਸਰਪੰਚ ਨਾਲ, ਸਾਰਾ ਪਿੰਡ ਥੂ ਥੂ ਕਰਦਾ ਪਿਆ ਇਸ ਸਰਪੰਚ ਨੂੰ ! ਐਵੇਂ ਸਿਰ ਸੁਆਹ ਪੁਆਈ ਆਪਣੇ ਇਹਨੇਂ ਸ਼ਹੀਦ ਨੂੰ ਮਾੜਾ ਬੋਲ ਕੇੇ !” ਸੱਜਣ ਸਿੰਘ ਨੇ ਨਿਰਾਸ਼ ਹੁੰਦਿਆਂ ਯੋਧਾ ਸਿਉਂ ਨੂੰ ਕਿਹਾ।
“ਵੈਸੇ ਸੱਜਣ ਸਿਆਂ, ਇਹ ਸਰਪੰਚ ਸ਼ਹੀਦ ਬੀਰ ਸਿੰਘ ਦੇ ਭੋਗ `ਤੇ ਸ਼ਹੀਦ ਦੀ ਮਹਾਨਤਾ ਦੇ ਸੋਹਲੇ ਗਾਉਂਦਾ ਨਈਂ ਸੀ ਥੱਕਦਾ।ਅਖੇ ਸ਼ਹੀਦ ਦਾ ਰੁਤਬਾ ਸਭ ਤੋਂ ਉਚਾ ਹੁੰਦਾ।ਸ਼ਹੀਦ ਕੌਮ ਦੇ ਸਰਮਾਏ ਹੁੰਦੇ।ਸੈਂਕੜਿਆਂ ਨਾਲ ਲੜਿਆ ਸਾਡੇ ਪਿੰਡ ਦਾ ‘ਕੱਲਾ ਸੂਰਾ…ਪੂਰੇ ਦੇਸ ਵਿੱਚ ਇਸ ਪਿੰਡ ਦਾ ਨਾਂ ਸਦਾ ਲਈ ਉਚਾ ਕਰ ਦਿੱਤਾ।ਅਖੇ ਸ਼ਹੀਦ ਦੇ ਨਾਂ ‘ਤੇ ਪਿੰਡ ਦੇ ਸਕੂਲ ਦਾ ਨਾਂ ਰਖਵਾਵਾਂਗੇ।ਯਾਦਗਾਰੀ ਗੇਟ ਬਣਵਾਵਾਂਗੇ ਤੇ ਕਈ ਹੋਰ ਬਿਆਨ ਦਾਗੇ ਸਨ ਓਸ ਦਿਨ”।
ਨੇੜੇ ਖਲੋਤੇ ਨਛੱਤਰ ਨੇ ਵੀ ਇਹੀ ਕਿਹਾ ਕਿ ਆਖ਼ਰ ਸਰਪੰਚ ਨੂੰ ਵੀ ਏਹੋ ਜਿਹੀ ਗ਼ਲਤੀ ਨਹੀਂ ਸੀ ਕਰਨੀ ਚਾਹੀਦੀ।ਫ਼ੋਕੀ ਆਕੜ ‘ਚੋਂ ਲੈਣਾ ਕੀ ਏ? ਵੈਸੇ ਵੀ ਜੀਭ ਦਾ ਫ਼ੱਟ ਤਲਵਾਰ ਦੇ ਫ਼ੱਟ ਨਾਲੋਂ ਜਿਆਦਾ ਤਿੱਖਾ ਹੁੰਦਾ!
           ਬੀਬੀ ਜਗੀਰੋ, “ਵੇ ਯੋਧਿਆ, ਆ ਪਿੰਡ ਕਿਉਂ ਨਾ ਸਰਪੰਚ ਦੀ ਥੂ ਥੂ ਪਈ ਕਰੇ ?…ਨਾ ਸ਼ਹੀਦਾਂ ਨਾਲ ਵੀ ਭਲਾ ਕੋਈ ਏਦਾਂ ਕਰਦਾ ਜਿੱਦਾਂ ਸਰਪੰਚ ਨੇ ਕੀਤੀ ? ਬੀਰ ਦੀ ਸ਼ਹਾਦਤ ਤੋਂ ਤਿੰਨ ਸਾਲ ਬਾਅਦ ਜੇ ਡੀ.ਸੀ ਦਫ਼ਤਰੋਂ ਸ਼ਹੀਦ ਦੇ ਨਾਂ ‘ਤੇ ਸਕੂਲ ਦਾ ਨਾਂ ਬਦਲਣ ਦੀ ਫ਼ਾਈਲ ਆ ਈ ਗਈ ਸੀ, ਤਾਂ ਇਹ ਮਾਣ ਹੋਣਾ ਚਾਈਦਾ ਸੀ ਸਰਪੰਚ ਨੂੰ ! ਅਖੇ ਪਿੰਡ ਦੀ ਪੰਚਾਇਤ ਦਾ ਮਤਾ ਪੈਣਾ ਸਕੂਲ ਦਾ ਨਾਂ ਬਦਲਣ ਲਈ।…ਪਾ ਦਿੰਦਾ ਏਹ!”
        “ਜਗੀਰੋ, ਨਲਾਇਕੀ ਇੱਕ ਹੋਵੇ ਤਾਂ ਫਿਰ ਵੀ ਅਸੀਂ ਕਹੀਏ ਕਿ ਅਣਜਾਣੇ ‘ਚ ਹੋ ਗਿਆ ਸਭ।ਸ਼ਹੀਦ ਦੀ ਪਤਨੀ ਜੀਤ ਆਈ ਸੀ ਇਹ ਫਾਇਲ ਲੈ ਕੇ ਪੰਚਾਇਤਨਾਮਾ ਲਿਖਵਾਉਣ ਲਈ”
“ਅੱਛਾ ! ਤੇ ਫੇਰ…?”
            “ਜਗੀਰੋ ਫੇਰ ਕੀ ਹੋਣਾ ਸੀ? ਮੈਂ ਵੀ ਨਾਲ ਈ ਸੀ।ਜੀਤ ਨੇ ਕਿਹਾ, “ਸਰਪੰਚ ਸਾਹਿਬ, ਆ ਇੱਕ ਫਾਇਲ ਆਈ ਏ ਸਕੂਲ ਦਾ ਨਾਂ ਸ਼ਹੀਦ ਬੀਰ ਸਿੰਘ ਦੇ ਨਾਂ ‘ਤੇ ਰੱਖਣ ਲਈ।ਆ ਮਿਹਰਬਾਨੀ ਕਰਿਓ, ਪੰਚਾਇਤੀ ਮਤਾ ਪਾਉਣ ਲਈ”।ਬੱਸ ਸਰਪੰਚ ਨੇ ਦਿਖਾਈ ਫਿਰ ਆਪਣੀ ਸਰਪੰਚੀ ।ਅਖੇ,“ਜੀਤੋ, ਪੰਚਾਇਤਨਾਮੇ ਇਵੇਂ ਨਹੀਂ ਪੈ ਜਾਂਦੇ, ਜਿਵੇਂ ਤੂੰ ਕਹਿੰਨੀ ਏਂ ? ਪਿੰਡ ਦੇ ਨੌ ਪੰਚ ਨੇ ਸਾਰਿਆਂ ਦੀ ਸਹਿਮਤੀ ਲੈਣੀ ਪੈਣੀ ਏ”।ਪਾ ‘ਤਾ ਭੰਗਲਭੂਸੇ ਵਿੱਚ ਆਪਣੀ ਆਕੜ ਦੱਸਣ ਲਈ”।
ਜੀਤ ਚਿੰਤਤ ਹੋ ਕੇ ਮਨ ਹੀ ਮਨ ਵਿੱਚ ਸੋਚਦੀ ਹੈ ਕਿ ਆਹ ਸਰਪੰਚ ਬੋਲ ਕੀ ਰਿਹਾ “… ‘ਜੀਤ ਤੋਂ ਜੀਤੋ’, ‘ਤੁਸੀਂ ਤੋਂ ਤੂੰ’…ਪਹਿਲਾਂ ਤਾਂ ਬੜੀ ਜੀਤ ਜੀ, ਜੀਤ ਜੀ, ਤੁਸੀਂ ਤੁਸੀਂ ਕਰਦਾ ਸੀ”।“ਚੰਗਾ ਸਰਪੰਚ ਸਾਹਿਬ।ਆਹ ਫ਼ਾਈਲ ਰੱਖ ਲਓ, ਮੈਂ ਹਫ਼ਤੇ ਬਾਅਦ ਲੈਣ ਲਈ ਆ ਜਾਵਾਂਗੀ”।ਇਹ ਕਹਿ ਕੇ ਜੀਤ ਵਾਪਿਸ ਆਉਂਦੀ ਹੈ।
“ਫਿਰ ਕੀ ਹੋਇਆ?” ਯੋਧਾ ਦੱਸੀ ਜਾਂਦਾ ‘ਤੇ ਜਗੀਰੋ ਸੁਣੀ ਜਾਂਦੀ।ਜਗੀਰੋ ਨੂੰ ਲੱਗਾ ਜਿਵੇਂ ਸਾਰੀ ਗੱਲ ਉਸਨੂੰ ਅਜੇ ਮਾਲੂਮ ਨਹੀਂ।
           “ਬੱਸ ਜਗੀਰੋ, ਪੰਦਰਾਂ ਕੁ ਦਿਨਾਂ ਬਾਅਦ ਫਿਰ ਸਰਪੰਚ ਕੋਲ ਉਸਦੇ ਜਾਣ ‘ਤੇ ਸਰਪੰਚ ਨੇ ਕਿਹਾ ਕਿ ਤੁਹਾਨੂੰ ਆਪ ਹੀ ਪੰਚਾਂ ਕੋਲ ਜਾਣਾ ਪੈਣਾ ਸਾਈਨ ਕਰਵਾਉਣ ਲਈ।…ਜੀਤ ਨੇ ਫਾਈਲ ਚੁੱਕੀ ‘ਤੇ ਪੰਜ ਕੁ ਦਿਨ ਲਾਏ ਸਾਰੇ ਪੰਚਾਂ ਤੱਕ ਪਹੁੰਚ ਕਰਨ ਲਈ ਤੁਰ ਪਈ ਘਰ ਘਰ।ਪੱਲੇ ਇਹੀ ਪਿਆ ਕਿ ਜੋ ਕਰਨਾ ਸਰਪੰਚ ਨੇ ਹੀ ਕਰਨਾ।ਜੀਤ ਚਿੰਤਾ ‘ਚ ਸੋਚਦੀ, “ਆਹ ਪੰਚਾਂ ਨੂੰ ਕੀ ਹੋ ਗਿਆ? ਅਖੇ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਨੇ! ਆਹ ਦਰ ਦਰ ਦੀਆਂ ਠੋਕਰਾਂ ਹੁਣ ਮੇਰੇ ਨਸੀਬਾਂ ‘ਚ ਨੇ! ਅੱਜ ਜੇ ਓਹ ਜਿਉਂਦਾ ਹੁੰਦਾ, ਤਾਂ ਕੀ ਮੈਨੂੰ ਇਹਨਾਂ ਪੰਚਾਂ-ਸਰਪੰਚਾ ਦੇ ਘਰਾਂ ਦੀ ਧੂੜ ਫ਼ੱਕਣ ਦਿੰਦਾ?
         ਮਹੀਨੇ ਬਾਅਦ ਹਾਰ ਹੰਭ ਕੇ ਜੀਤ ਫਿਰ ਸਰਪੰਚ ਦਿਲਹਾਰ ਸਿੰਘ ਕੋਲ ਪਹੁੰਚਦੀ ਹੈ।ਤੇ ਉਸਦਾ ਜਵਾਬ ਸੁਣ ਕੇ ਹੱਕੀ ਬੱਕੀ ਰਹਿ ਜਾਂਦੀ ਹੈ-“ਉਹ ਤੇਰਾ ਖ਼ਸਮ ਕਿਹੜਾ ਬਰਗੇਡੀਅਰ ਲੱਗਾ ਹੋਇਆ ਸੀ।ਬੇਲਦਾਰਾਂ ਦਾ ਪੁੱਤ ਹੋ ਇੱਕ ਫ਼ੌਜੀ ਹੀ ਤਾਂ ਸੀ ਨਾ! ਡਿਊਟੀ ਕਰਦਾ ਜੇ ਮੁਕਾਬਲੇ ‘ਚ ਮਾਰਿਆ ਗਿਆ, ਤਾਂ ਉਹਨੇ ਕਿਹੜਾ ਵੱਡਾ ਮਾਅਰਕਾ ਮਾਰ ਲਿਆ? ਨਾ ਉਹਨੇ ਕਿਹੜਾ ਏਡਾ ਵੱਡਾ ਕੋਈ ਕੰੰਮ ਕੀਤਾ ਕਿ ਸਕੂਲ ਦਾ ਨਾਂ ਉਹਦੇ ਨਾਂ ‘ਤੇ ਰੱਖ ਦੇਈਏ? ਹੋਰਾਂ ਪੱਤੀਆਂ ਦੇ ਸਰਪੰਚਾਂ ਕੋਲੋ ਸਾਈਨ ਕਰਵਾ ਲਓ, ਜੇ ਕਰਵਾ ਸਕਦੇ ਓ! ਮੇਰੇ ਹੱਥ ਖੜੇ!”
          ਪੈ ਗਿਆ ਖਲਾਰਾ ਫਿਰ! ਗੁੱਸਾ ਤਾਂ ਅਉਂਦਾ ਈ ਆ ਜਗੀਰੋ।ਇੱਕ ਘਰੋਂ ਜੀਅ ਤੁਰ ਜਾਏ ਤੇ ਦੂਜਾ ਸ਼ਹੀਦਾਂ ਲਈ ਕੋਈ ਤ੍ਰਿਸਕਾਰ ਦੀ ਬੋਲੀ ਬੋਲੇ ਤਾਂ ਫਿਰ ਖ਼ੂਨ ਤਾਂ ਖ਼ੌਲਦਾ ਈ ਆ ਨਾ।…ਤੇ ਜਿਹੜੀ ਫਿਰ ਜੀਤ ਨੇ ਕੀਤੀ, ਉਹ ਵੀ ਕਦੀ ਸਰਪੰਚ ਦੀ ਪਹਿਲਾਂ ਨਹੀਂ ਹੋਈ ਹੋਣੀ।ਕਹਿੰਦੀ,“ਨਾ ਮੇਰਾ ਖ਼ਸਮ ਬਰਗੇਡੀਅਰ ਤਾਂ ਨਹੀਂ ਸੀ ਲੱਗਾ! ਤੂੰ ਦੱਸ ਤੇਰੀਆਂ ਸੱਤਾਂ ਪੀੜ੍ਹੀਆਂ ਵਿੱਚ ਕਿਹੜਾ ਕੋਈ ਬਰਗੇਡੀਅਰ ਹੋਇਆ ਸੀ? ਵੈਸੇ ਰੱਬ ਨਾ ਕਰੇ ਕੋਈ ਬਰਗੇਡੀਅਰ ਆਪਣੀ ਮੌਤੇ ਮਰ ਵੀ ਜਾਏ ਨਾ, ਤਾਂ ਉਹ ਸ਼ਹੀਦ ਨਹੀਂ ਕਹਿਲਾਉਂਦੇੇ!!! ਉਹ ਦੇਸ ਦਾ ਜਾਂਬਾਜ਼ ਸ਼ਹੀਦ ਏ।ਤੂੰ ਦੱਸ ਤੇਰੀਆਂ ਪੀੜ੍ਹੀਆਂ ਵਿੱਚ ਕਦੇ ਇੱਕ ਵੀ ਸ਼ਹੀਦ ਪੈਦਾ ਹੋਇਆ? ਜੇ ਹੋਇਆ ਹੁੰਦਾ, ਤਾਂ ਅੱਜ ਹੰਕਾਰ ਵਿੱਚ ਇਹ ਨਾ ਕਹਿੰਦਾ।
              ਜਵਾਬ ‘ਤਾਂ ਸਰਪੰਚ ਨੂੰ ਕੋਈ ਨੀਂ ਆਇਆ।ਲਾਗੇ ਇਕੱਠੇ ਹੋਏ ਲੋਕਾਂ ‘ਚ ਇੱਜ਼ਤ ਬਚਾਉਣ ਦਾ ਮਾਰਾ ਬੋੋਲਿਆ, “ਲੱਖਾਂ ਰੁਪਏ ਤਾਂ ਸਰਕਾਰਾਂ ਨੇ ਤੈਨੂੰ ਦੇ ਦਿੱਤੇ, ਤੂੰ ਕੀ ਲੈਣਾ ਸਕੂਲ ਦਾ ਨਾਂ ਬਦਲਵਾ ਕੇ?”
            ਜੀਤ ਦਾ ਕਰੁਣਾ ਤੇ ਸ਼ੇਰਨੀ ਵਰਗਾ ਜਵਾਬ ਸੁਣ ਕੇ ਤਾਂ ਨੇੜੇ ਇਕੱਠੀਆਂ ਹੋਈਆਂ ਔਰਤਾਂ ਵੀ ਰੋਣੋਂ ਨਾ ਰਹਿ ਸਕੀਆਂ।ਅਖੇ, “ਸਰਪੰਚਾ,…ਆਹ ਸਰਕਾਰਾਂ ਦਾ ਦਿੱਤਾ ਲੱਖਾਂ ਰੁਪਇਆ ਤੇਰੇ ਮੂੰਹ ‘ਤੇ ਮਾਰਦੀ ਆਂ…ਸਰਕਾਰਾਂ ਨੂੰ ਕਹਿ ਮੇਰੇ ਤੁਰ ਗਏ ਬੀਰ ਨੂੰ ਵਾਪਿਸ ਮੋੜ ਦੇਣ…”।
“ਤੈਨੂੰ ਕੀ ਪਤਾ ਵਤਨ ਦੇ ਸ਼ਹੀਦ ਕੀ ਹੁੰਦੇ? ਤੇਰੇ ਵਰਗੇ ਲੋਕ ਗਰਾਂਟਾਂ ਖਾ ਕੇ ਸਰਕਾਰ ਦੀਆਂ, ਕਹਿੰਦੇ ਬੜਾ ਕੰਮ ਕਰਵਾ ਦਿੱਤਾ ਪਿੰਡ ਦਾ! ਤੂੰ ਸਰਪੰਚਾ ਸਾਰੀਆਂ ਗਰਾਂਟਾਂ ਸਰਕਾਰ ਦੀਆਂ ਲਾਈਆਂ।ਦੱਸ ਇੱਕ ਵੀ ਰੁਪਇਆ ਤੂੰ ਆਪਣੀ ਜੇਬ ‘ਚੋਂ ਲਾਇਆ? ਤੇਰੇ ਵਰਗੇ ਮੌਕਾਪ੍ਰਸਤ ਗੱਦਾਰਾਂ ਨੇ ਤਾਂ ਇਸ ਦੇਸ ਦਾ ਭੱਠਾ ਬਿਠਾਉਣ ਵਿੱਚ ਕੋਈ ਕਸਰ ਨਹੀਂ ਛੱਡੀ! ਬਿਆਨ ਤਾਂ ਲੋਕਾਂ ਵਿੱਚ ਬੜੇ ਵੱਡੇ ਵੱਡੇ ਛੱਡਦਾਂ ਸੈਂ? ਹੁਣ ਸੱਪ ਸੁੰਘ ਗਿਆ ਤੈਨੂੰ? ਆਇਆ ਵੱਡਾ ਪੜ੍ਹਿਆ ਲਿਖਿਆ ਸਰਪੰਚ!…ਵੈਸੇ ਵੀ ਦੇਸ਼ ਦੇ ਸ਼ਹੀਦ ਕਿਸੇ ਯਾਦਗਾਰ ਦੇ ਮੁਥਾਜ ਨਹੀਂ ਹੁੰਦੇ!”
           ਸਰਪੰਚ ਦੀ ਚੋਖੀ ਝਾੜ-ਝੰਭ ਕਰਕੇ ਉੇਹ ਵਾਪਿਸ ਚਲੀ ਗਈ।ਸਰਪੰਚ ਲਾਜਵਾਬ ਹੋ ਕੇ ਸ਼ਰਮਿੰਦਗੀ ‘ਚ ਆਪਣੇ ਗੇਟ ਤੋਂ ਹੀ ਘਰ ਮੁੜ ਜਾਂਦਾ ਹੈ।ਯੋਧਾ ਜਗੀਰੋ ਨੂੰ ਦੱਸ ਰਿਹਾ ਸੀ ਕਿ ਨੇੜੇ ਖਲੋਤੇ ਕੁੱਝ ਲੋਕ ਸਰਪੰਚ ਦੇ ਅਸਰ ਰਸੂਖ਼ ਕਰਕੇ ਕੁੱਝ ਬੋਲਦੇ ਨਹੀਂ।ਪਰ ਨਿਰਾਸ਼ਾ ‘ਚ ਵਾਪਿਸ ਪਰਤਦੇ ਇੰਝ ਪ੍ਰਤੀਤ ਹੋ ਰਹੇ ਸਨ ਜਿਵੇਂ ਅੰਦਰੋਂ ਹੀ ਅੰਦਰ ਉਹ ਸਰਪੰਚ ਨੂੰ ਲਾਹਨਤਾਂ ਪਾ ਰਹੇ ਹੋਣ।
            ਸਾਰੀ ਗੱਲ ਨੂੰ ਨੇੜੇ ਖਲੋਤਾ ਮਾਸਟਰ ਬਘੇਲਾ ਸਿੰਘ ਬੜੇ ਧਿਆਨ ਨਾਲ ਸੁਣ ਰਿਹਾ ਸੀ।ਕਹਿੰਦਾ, “ਕੀ ਥੁੜ੍ਹਿਆ ਇਹੋ ਜਿਹੀ ਖੱਜ਼ਲ ਖੁਆਰੀ ਨਾਲੋਂ? ਕੀ ਇਹ ਮਤਿਆਂ-ਫਾਇਲਾਂ ਦੇ ਸਾਰੇ ਕਾਨੂੰਨ ਸ਼ਹੀਦਾਂ ਦੇ ਪਿੱਛੇ ਰਹਿ ਗਏ ਪਰਿਵਾਰਾਂ ਦੀ ਖੱਜਲ ਖੁਆਰੀ ਲਈ ਹੀ ਬਣਾਏ ਨੇ? ਜੇ ਸੜਕਾਂ ਦੇ ਨਾਂ, ਪਾਰਕਾਂ ਦੇ ਨਾਂ, ਯੂਨੀਵਰਸਿਟੀਆਂ ਦੇ ਨਾਂ ਸਰਕਾਰਾਂ ਖੁਦ ਰੱਖ ਸਕਦੀਆਂ, ਤਾਂ ਕੀ ਸ਼ਹੀਦ ਦੇ ਨਾਂ ਤੇ ਸਕੂਲ ਦਾ ਨਾਂ ਬਦਲਣ ਲਈ ਕਿਸੇ ‘ਵੱਖਰੇ ਮਤੇ’ ਦੀ ਲੋੜ ਹੁੰਦੀ ਹੈ ਵਿਭਾਗਾਂ ਨੂੰ?…ਵਿਭਾਗਾਂ ਨੂੰ ਨਈਂ ਪਤਾ ਕਿ ਇਹ ਸਾਡੇ ਮਾਣਮੱਤੇ ਸ਼ਹੀਦਾਂ ਦੇ ਪਰਿਵਾਰ ਨੇ? ਤੇ ਕੋਈ ਸੌਖੀ ਨੀਤੀ ਰਾਹੀਂ ਹੀ ਕਿਉਂ ਨਹੀਂ ਬਦਲੇ ਜਾਂਦੇ ਇਹ ਨਾਂ?”
ਜਗੀਰੋ “ਅੱਛਾ, ਹੂੰ, ਹਾਂ, ਲੈ” ਕਰਦੀ ਕਰਦੀ ਸਾਰੀ ਵਿਥਿਆ ਸੁਣਦਿਆਂ ਅੱਖਾਂ ‘ਚੋਂ ਵਹਿੰਦੇ ਹੰਝੂਆਂ ਨੂੰ ਵੀ ਪੂੰਝੀ ਜਾਂਦੀ ਹੈ।ਯੋਧਾ ਸਿੰਘ ਫਿਰ ਜਗੀਰੋ ਨੂੰ ਦੱਸਦਾ ਹੈ ਕਿ ਇਹ ਸਾਰੀ ਗੱਲਬਾਤ ਚੱਲ ਹੀ ਰਹੀ ਹੁੰਦੀ ਹੈ, ਕਿ ਗੁੱਸੇ ਵਿੱਚ ਅੱਗ ਬਬੂਲਾ ਹੋ ਕੇ ਸਰਪੰਚ ਦਿਲਹਾਰ ਸਿੰਘ ਪੁਲਿਸ ਥਾਣੇ ਆਪਣੀ ਕੱਲ੍ਹ ਦੀ ਜੀਤ ਨਾਲ ਹੋਈ “ਤੂੰ ਤੂੰ, ਮੈਂ ਮੈਂ” ਦੀ ਰੱਪਟ ਦਰਜ ਕਰਵਾਉਣ ਲਈ ਜਾਂਦਾ ਹੈ।ਥਾਣੇਦਾਰ ਨੂੰ ਪਹਿਲਾਂ ਹੀ ਇਸ ਸਭ ਦੀ ਭਿਣਕ ਪੈ ਚੁੱਕੀ ਸੀ।ਥਾਣੇਦਾਰ ਵੀ ਅੱਗੋਂ ਭਰਿਆ ਪੀਤਾ ਸੀ।ਕਹਿੰਦਾ, “ਵਾਕਿਆ ਈ ਤੂੰ ਦਿਲ ਦਾ ਹਾਰਿਆ ਹੋਇਆ ਪੱਥਰ ਦਿਲ ਮੌਕਾਪ੍ਰਸਤ ਹੈਂ।ਤੂੰ ਭੁੱਲ ਚੁੱਕਾਂ ਕਿ ਮੈਂ ਥਾਣੇਦਾਰ ਬਾਅਦ ‘ਚ ‘ਤੇ ਦੇਸ ਦਾ ਸਿਪਾਹੀ ਪਹਿਲਾਂ ਹਾਂ।ਪਰਚਾ ਤਾਂ ਮੈਂ ਤੇਰੇ ‘ਤੇ ਦਰਜ ਕਰੂੰ! ਸ਼ਹੀਦਾਂ ਦਾ ਨਿਰਾਦਰ ਕਰਦੈਂ? ਤੈਨੂੰ ਲੋਕਾਂ ਸਰਪੰਚ ਰੋਹਬ ਝਾੜਨ ਲਈ ਬਣਾਇਆ ਕਿ ਲੋਕਾਂ ਦੇ ਕੰਮ ਕਰਨ ਲਈ? ਤੂੰ ਦੱਸ ਕਿਹੜੇ ਅਧਿਕਾਰ ਹੇਠ ਸਰਕਾਰ ਦੀ ਫ਼ਾਈਲ ‘ਤੇ ਦਸਤਖ਼ਤ ਨਹੀਂ ਕੀਤੇ? ਘਰ ਦਾ ਰਾਜ ਆ ਤੇਰਾ? ਓਹ ਸ਼ਹੀਦ ਮੇਰਾ ਵੀ ਸ਼ਹੀਦ ਆ! ਦੋ ਮਿੰਟ ‘ਚ ਆਪਣੀ ਰੱਪਟ ਵਾਪਿਸ ਲੈ ਜਾ, ਨਹੀਂ ਤਾਂ ਹਵਾਲਾਤ ‘ਚ ਬੰਦ ਕਰਕੇ ਮੁਰਗਾ ਮੈਂ ਬਣਾ ਦੇਣਾ ਈ ਤੇਰਾ!”
                ਥਾਣੇਦਾਰ ਬਿੱਕਰ ਸਿੰਘ ਦੇ ਇਹ ਕੜਕਵੇਂ ਬੋਲ ਸੁਣ ਕੇ ਸਰਪੰਚ ਨੇ ਆਪਣੀ ਰੱਪਟ ਚੁੱਕੀ।…‘ਤੇ ਨੀਵੀਂ ਪਾ ਕੇ ਪੱਤਰਾ ਵਾਚਦਾ ਹੋਇਆ ਆਪਣੇ ਘਰ ਨੂੰ ਤਿੱਤਰ ਬਿੱਤਰ ਹੋ ਗਿਆ…।ਨੇੜੇ ਖਲੋਤੇ ਯੋਧਾ ਸਿਉਂ, ਸੱਜਣ ਸਿੰਘ, ਜਗੀਰੋ, ਨਛੱਤਰ ‘ਤੇ ਪਿੰਡ ਦੇ ਹੋਰ ਲੋਕਾਂ ਨੇ ਇਹ ਸਭ ਦੇਖ ਕੇ ਥਾਣੇਦਾਰ ਦੇ ਨਾਂ ‘ਤੇ “ਵਾਹ ਥਾਣੇਦਾਰ ਸਾਹਿਬ ਵਾਹ” ਕਹਿ ਕੇ ਤਾੜੀਆਂ ਮਾਰੀਆਂ ਤੇ ਇਹੋ ਜਿਹੇ ਸਰਪੰਚ ਤੋਂ ਤੌਬਾ ਕੀਤੀ।
               ਅੱਖਾਂ ਚੋਂ ਹੰਝੂਆਂ ਨੂੰ ਆਪਣੀ ਚੁੰਨੀਂ ਨਾਲ ਪੂੰਝਦੀ ਹੋਈ ਜਗੀਰੋ ਵੀ ਫਿਰ ਯੋਧੇ ਨੂੰ ਬੜੀ ਸ਼ੇਰਨੀ ਬਣਕੇ ਕਹਿੰਦੀ ਹੈ, “ਯੋਧਿਆ, ਕੀ ਥੁੜ੍ਹਿਆ ਖਲੋ ਖਲੋ ਕੇ ਤਮਾਸ਼ਾ ਦੇਖਣ ਦਾ ਜੇ ਸੱਚ ਨਾਲ ਈ ਨਈ੍ਹ ਖੜ੍ਹਨਾਂ? ਹੋਰ ਬਣਾਓ ਇਹੋ ਜਿਹਿਆਂ ਨੂੰ ਸਰਪੰਚ ਪਿੰਡ ਦੀ ਥੂ ਥੂ ਕਰਵਾਉਣ ਲਈ? ਤੁਹਾਡੇ ਨਾਲੋਂ ਤਾਂ ਆਹ ਓਪਰੇ ਪਿੰਡ ਦਾ ਥਾਣੇਦਾਰ ਸੌ ਗੁਣਾਂ ਚੰਗਾ…ਸਰਪੰਚ ਨੂੰ ਮਾਤ ਤਾਂ ਪਾ ਗਿਆ!”
Paramjit Kalsi Btl

 

ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ)   
ਲੈਕਚਰਾਰ ਪੰਜਾਬੀ,
ਪਿੰਡ ਤੇ ਡਾਕਖਾਨਾ ਊਧਨਵਾਲ, ਜ਼ਿਲਾ ਗੁਰਦਾਸਪੁਰ।
ਮੋ – 68900008

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply