Thursday, November 21, 2024

ਮੇਰੇ ਪਿਓ ਦੇ ਨਾਂ ‘ਤੇ…(ਮਿੰਨੀ ਕਹਾਣੀ)

ਅੱਜ ਮੇਰੀ ਕਲੋਨੀ ਦੀ ਵੱਡੀ ਪਾਰਕ ਵਿੱਚ ਹੰਗਾਮੀਂ ਮੀਟਿੰਗ ਰੱਖੀ ਹੋਈ ਸੀ।ਕਹਿੰਦੇ ,“ਸਾਡੀ ਅਰਬਨ ਗਰੈਂਡ ਸਿਟੀ ਕਲੋਨੀ ਵਿੱਚ ਤਿੰਨ ਵੱਡੀਆਂ ਪਾਰਕਾਂ ਨੇ।ਵੱਡਾ ਬਾਜ਼ਾਰ ਵੀ ਆ।ਸ਼ਹਿਰ ਦੀ ਸਾਰੀ ਕਰੀਮ ਇੱਥੇ ਵੱਸਦੀ ਆ ਤੇ ਪ੍ਰਧਾਨ ਕੋਈ ਵੀ ਨਾ ?…ਪ੍ਰਧਾਨ ਵੀ ਚੁਣ ਲਈਏ ਤੇ ਨਾਲੇ ਕਲੋਨੀ ਦੇ ਕੋਈ ਦੋ-ਚਾਰ ਚੰਗੇ ਫ਼ੈਸਲੇ ਵੀ ਰਲ਼ ਕੇ ਕਰ ਲਈਏ”।
               ਮੈਂ ਆਪਣਾ ਚਿੱਟਾ ਮਾਇਆ ਵਾਲਾ ਕੜਕਵਾਂ ਕੁੜਤਾ ਪਜ਼ਾਮਾ ਕੱਢਿਆ ਤੇ ਅਜੇ ਤਿਆਰ-ਬਰ-ਤਿਆਰ ਹੋ ਕੇ ਆਪਣੀ ਕਲੋਨੀ ਦੀ ਮੀਟਿੰਗ ਵਿੱਚ ਜਾਣ ਲਈ ਬਾਹਰ ਵਾਲਾ ਗੇਟ ਖੋਲ੍ਹਿਆ ਹੀ ਸੀ ਕਿ ਮੇਰੀ ਤ੍ਰੀਮਤ ਨੇ ਜ਼ੋਰ ਦੀ ਪਿੱਛੋਂ ‘ਵਾਜ਼ ਮਾਰੀ, “ਆ ਲੀਡਰਾਂ ਵਾਲਾ ਕੁੜਤਾ ਪਜ਼ਾਮਾ ਪਾ ਕੇ, ਐਵੇਂ ਪ੍ਰਧਾਨ-ਪ੍ਰਧੂਨ ਨਾ ਬਣ ਆਇਓ! ਘਰ ਦੇ ਆਲੂਆਂ ਗੰਢਿਆਂ ਦੀ ਸੇਵਾ ਤੋਂ ਵੀ ਜਾਂਦੀ ਰਵਾਂਗੀ! ਮੇਰੇ ਤੋਂ ਨੀਂ ਜਾਇਆ ਜਾਂਦਾ ਘੜੀ-ਮੁੜੀ ਦੁਕਾਨਾਂ ‘ਤੇ ਘਰ ਦਾ ਸਮਾਨ ਲਿਆਉਣ ਲਈ।”
            “ਨਾ ਕਮਲ਼ੀਏ! ਜਿੱਦਾਂ ਦੀ ਤੂੰ ਪਿੱਛੋਂ ‘ਵਾਜ਼ ਮਾਰਤੀ ਨਾ, ਮਿਲ਼ ਜਾਊ ਹੁਣ ਪ੍ਰਧਾਨਗੀ ਮੈਨੂੰ! ਨਾ ਤੂੰ ਕੀ ਸਮਝਦੀ ਏਂ ਕਿ ਪ੍ਰਧਾਨਗੀ ਕੁੜਤਿਆਂ ਨਾਲ ਮਿਲਦੀ? ਹਰ ਵੇਲੇ ਟੈਂ ਟੈਂ ਲਾਈ ਰੱਖਦੀ ਏਂ!…ਚੱਲਿਆਂ ਹੁਣ ਮੈਂ ਪ੍ਰਧਾਨਗੀ ਦਾ ਤਾਜ਼ ਲੈਣ!”, ਥੋੜ੍ਹੇ ਟੌਂਟ ਵਿੱਚ ਕਹਿ ਕੇ ਮੈਂ ਵੀ ਮੀਟਿੰਗ ਵਿੱਚ ਪਹੁੰਚ ਗਿਆ।
              ਕਲੋਨੀ ਦੇ ਪਤਵੰਤਿਆਂ ਦੀ ਮੀਟਿੰਗ ਚੱਲ ਰਹੀ ਸੀ।ਪਤਾ ਲੱਗਾ ਕਿ ਪਹਿਲਾਂ ਹੀ ਧਰੀ ਧਰਾਈ ਯੋਜਨਾ ਅਨੁਸਾਰ ਸੁਮਿੱਤਰ ਸਿੰਘ ਨੂੰ ਕਲੋਨੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ।ਮੈਨੂੰ ਪੜ੍ਹਿਆ ਲਿਖਿਆ ਜਾਣ ਕੇ ਬਾਕੀ ਅਹੁਦੇਦਾਰਾਂ ਦੇ ਨਾਲ ਕਲੋਨੀ ਦਾ ਖ਼ਜ਼ਾਨਚੀ ਬਣਾਉਣ ਦੀ ਗੱਲ ਤੋਰੀ ਗਈ।ਮੇਰੀਆਂ ਸੋਚਾਂ ‘ਚ ਮੇਰੀ ਤ੍ਰੀਮਤ ਦੇ ਕਹੇ ਲਫ਼ਜ਼ ਘੁੰਮਣੇ ਸ਼ੁਰੂ ਹੋ ਗਏ।ਆਪਣੀ ਤ੍ਰੀਮਤ ਤੋਂ ਡਰਦਿਆਂ ਮੈਂ ਖ਼ਜ਼ਾਨਚੀ ਦਾ ਅਹੁੱਦਾ ਵੀ ਛੱਡਿਆ।ਮੈਂ ਸੋਚਿਆ ਕਿ ਜੇ ਖ਼ਜ਼ਾਨਚੀ ਦਾ ਅਹੁੱਦਾ ਛੱਡਣਾ ਹੀ ਆ, ਤਾਂ ਕਿਉਂ ਨਾ ਚਾਰ ਨੰਬਰ ਬਣਾ ਕੇ ਈ ਛੱਡੀਏ?
              “ਸਾਥੀਓ, ਇਹ ਖ਼ਜ਼ਾਨਚੀ ਤੁਸੀਂ ਕਿਸੇ ਹੋਰ ਨੂੰ ਬਣਾ ਦਿਓ! ਮੈਂ ਬਿਨਾ ਕਿਸੇ ਅਹੁੱਦੇ ਦੇ ਲਾਲਚ ਤੋਂ ਸਦਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗਾ।”
              ਮੇਰੀ ਨਾਂਹ ਕਰਨ ਦੀ ਦੇਰ ਸੀ ਕਿ ਦੇਵਪੁਰੀ ਨੂੰ ਖ਼ਜ਼ਾਨਚੀ ਬਣਾਇਆ ਗਿਆ…ਤੇ ਦੇਵਪੁਰੀ ਬਾਗ਼ੋ-ਬਾਗ਼।
             ਕਲੋਨੀ ਪ੍ਰਧਾਨ ਸੁਮਿੱਤਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਜਿੰਦ-ਜਾਨ ਨਾਲ ਕਲੋਨੀ ਦੀ ਸੇਵਾ ਕਰਨਗੇ।ਸਭ ਨੇ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਕੀਤੀਆਂ।ਇੱਕ ਤੋਂ ਵੱਧ ਦੂਜੇ ਦੇ ਬਿਹਤਰ ਬੋਲਣ ਤੋਂ ਬਾਅਦ ਸਾਰੇ ਅਸ਼ ਅਸ਼ ਕਰ ਉਠਣ।ਆਪ ਮੁਹਾਰੇ ਤਾੜੀ `ਤੇ ਤਾੜੀ ਵੱਜੇ।ਵਾਰੀ ਮੇਰੀ ਵੀ ਆ ਗਈ।ਸਟੇਜ ਸਕੱਤਰ ਖੁੰਡਾ ਸਿੰਘ ਨੇ ਕਿਹਾ ਕਿ ਹੁਣ ਖੜਕ ਪ੍ਰਤਾਪ ਸਿੰਘ, ਜੋ ਇਸ ਕਲੋਨੀ ਦੇ ਸਭ ਨਾਲੋਂ ਪੜੇ੍ਹ ਲਿਖੇ ਵਾਸੀ ਹਨ, ਕਲੋਨੀ ਦੀ ਬਿਹਤਰੀ ਲਈ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ।
ਕੋਈ ਵੀ ਸਟੇਜ ਮੇਰੇ ਲਈ ਬਹੁਤ ਪਵਿੱਤਰ ਹੁੰਦੀ।ਬੱਸ, ਸਟੇਜ਼ ‘ਤੇ ਸੱਚ ਬੋਲਣ ਤੋਂ ਰਿਹਾ ਨਹੀਂ ਜਾਂਦਾ।
             “ਨਵੀਂ ਪ੍ਰਧਾਨਗੀ, ਨਵੀਂ ਕਮੇਟੀ ਮੁਬਾਰਕ! ਵੱਸਦੇ ਕਲੋਨੀ ਵਿੱਚ ਅਸੀਂ ਆਂ…ਤੇ ਸ਼ਾਮ ਵੇਲੇ ਹੁੱਲੜਬਾਜ਼ੀ, ਮੋਟਰਸਾਈਕਲਾਂ ਦੇ ਪਟਾਕੇ ‘ਤੇ ਅਵਾਰਾਗਰਦੀ ਕਰਦੇ ਇੱਥੇ ਬਾਹਰੋਂ ਨੇ! ਜੇ ਇੰਨਾਂ ਤਿੰਨ ਵੱਡੀਆਂ ਪਾਰਕਾਂ ਵਿੱਚ ਸਾਡੀਆਂ ਧੀਆਂ, ਭੈਣਾਂ, ਮਾਵਾਂ ਨੇ ਮਨਚੱਲੇ ਸ਼ੋਕਰਿਆਂ ਦੀ ਅਵਾਰਾਗਰਦੀ ਦੇ ਡਰੋਂ ਸੈਰ ਹੀ ਨਹੀਂ ਕਰ ਸਕਣੀਂ, ਤਾਂ ਕੀ ਕਰਨੀਆਂ ਇਹ ਪਾਰਕਾਂ? ਘਰੋ ਘਰੀਂ ਵੜ ਕੇ ਕੀ ਇਹ ਅਵਾਰਾਗਰਦੀ ਇਸੇ ਤਰਾਂ ਹੀ ਰਹਿਣ ਦਿੱਤੀ ਜਾਏ?…ਨਹੀਂ! ਇਹ ਪਿਆਰ, ਕਾਨੂੰਨ ਜਾਂ ਸਲੀਕੇ ਤੇ ਤਰੀਕੇ ਨਾਲ ਪ੍ਰਧਾਨ ਸਾਹਿਬ, ਸਭ ਨੂੰ ਰਲ਼ ਕੇ ਰੋਕਣੀ ਪਵੇਗੀ।…ਦੂਜੀ ਗੱਲ…ਰਿਸ਼ਤੇਦਾਰ ਕੋਈ ਬਾਹਰੋਂ ਸਾਨੂੰ ਮਿਲਣ ਆ ਜਾਏ ਨਾ ਪਹਿਲੀ ਵਾਰ ਇਸ ਕਲੋਨੀ ਵਿੱਚ, ਤਾਂ ਪਹਿਲਾਂ ਕੋਠੀ ਨੰਬਰ ਦੱਸਦੇ ਆਂ।ਫਿਰ ਜਦ ਉਹ ਪੁੱਛਦਾ ਕਿ ਇਹ ਕਿੱਥੇ ਕੁ ਪੈਂਦੀ ਏ, ਤਾਂ ਦੱਸੀਦਾ ਕਿ ਆ ਵੱਡੀ ਪਾਰਕ ਲਾਗੇ ਪੈਂਦੀ ਆ।ਬੱਸ ਕਿੰਨਾਂ ਚਿਰ ਉਹ ਕਦੇ ਵੱਡੀ ਪਾਰਕ ਵੱਲ, ਕਦੇ ਦੂਜੀ ਪਾਰਕ ਵੱਲ ਤੇ ਕਦੇ ਤੀਜੀ ਪਾਰਕ ਦੇ ਚਕਰਵਿਊ ਵਿੱਚ ਘੁੰਮਦਾ ਰਹਿੰਦਾ, ਖੱਜਲ ਖੁਆਰ ਹੁੰਦਾ”।
ਸਾਹਮਣੇ ਬੈਠਿਆਂ ‘ਚੋਂ ਆਵਾਜ਼ ਆਈ, “ਇਹ ਤਾਂ…ਸਾਡੇ ਨਾਲ ਵੀ ਇੰਝ ਈ ਹੁੰਦਾ”।
                    ਮੈਂ ਕਿਹਾ, “ਆਪਾਂ ਪੜੇ੍ਹ ਲਿਖੇ ਆਂ ਸਾਰੇ ਹੁਣ। ਯੁੱਗ ਕਿਤੇ ਦਾ ਕਿਤੇ ਪਹੁੰਚ ਗਿਆ।ਕਿਉਂ ਨਾ ਇਹਨਾਂ ਤਿੰਨਾਂ ਪਾਰਕਾਂ ਦੇ ਨਾਂ ਦੇਸ਼ ਦੀਆਂ ਮਹਾਨ ਹਸਤੀਆਂ ਦੇ ਨਾਂ ‘ਤੇ ਰੱਖ ਲਈਏ?”
             ਸਾਰਿਆਂ ਦੀ ਆਵਾਜ਼ ਆਈ ਕਿ ਇਹ ਗੱਲ ਬਹੁਤ ਵਧੀਆ।ਪ੍ਰਧਾਨ ਜੀ ਬੋਲੇ, “ਖੜਕ ਪ੍ਰਤਾਪ ਸਿੰਘ ਜੀ, ਤੁਸੀਂ ਹੀ ਦੱਸ ਦੇਵੋ ਕਿ ਇਹਨਾਂ ਪਾਰਕਾਂ ਦੇ ਨਾਂ ਕੀ ਰੱਖੀਏ? ਆਪਾਂ ਫੁੱਲ ਚੜ੍ਹਾਵਾਂਗੇ ਤੁਹਾਡੀ ਕਹੀ ਗੱਲ ‘ਤੇ”।
             ਮੈਂ ਕਿਹਾ, “ਜੇ ਇਹਨਾਂ ਤਿੰਨਾਂ ਪਾਰਕਾਂ ਦੇ ਨਾਂ ਤੁਸੀਂ ਕੋਈ ਵੀ ਤਿੰਨ ਦੇਸ਼ ਦੇ ਮਹਾਨ ਸ਼ਹੀਦਾਂ ਦੇ ਨਾਂ ‘ਤੇ ਰੱਖ ਦਿਓ! ਇਸ ਨਾਲ ਇੱਕ ਤੀਰ ਤੇ ਦੋ ਨਿਸ਼ਾਨੇ ਹੋਣਗੇ।ਘਰ ਦੀ ਨਿਸ਼ਾਨਦੇਈ ਵੀ ਹੋ ਜਾਊ, ਤੇ ਸਾਡੀ ਕਲੋਨੀ ਵਿੱਚੋਂ ਦੇਸ਼-ਭਗਤੀ ਦਾ ਸੁਨੇਹਾ ਵੀ ਜਾਊੂ।ਇਕਵੰਜਾ ਹਜ਼ਾਰ ਰੁਪਏ ਦੀ ਸੇਵਾ ਮੇਰੇ ਵੱਲੋਂ ਹੋਵੇਗੀ, ਉਹਨਾਂ ਦੇ ਨਾਂ ‘ਤੇ ਪਾਰਕ ਦੇ ਗੇਟ ਬਣਾਉਣ ਲਈ!” ਇਸ ਵਾਰ ਤਾੜੀਆਂ ਸਭ ਨਾਲੋਂ ਵੱਧ ਵੱਜੀਆਂ ਕਿ ਗੱਲ ਬੜੀ ਪਤੇ ਦੀ ਹੋ ਗਈ।ਪਰ ਅਚਾਨਕ ਅਮੀਰਜ਼ਾਦਾ ਕਿਰਪਾਲਾ ਉਠਿਆ, ਤੇ ਸਟੇਜ ਵੱਲ ਆ ਕੇ ਬੋਲਣ ਲਈ ਮੇਰੇ ਕੋਲੋਂ ਮਾਈਕ ਫ਼ੜ੍ਹ ਲੈਂਦਾ।
               “ਮੇਰਾ ਪਿਤਾ ਅੱਸੀਆਂ ਸਾਲਾਂ ਦਾ ਪੂਰਾ ਹੋ ਕੇ ਤੁਰਿਆ ਇਸ ਜਹਾਨ ਵਿੱਚੋਂ! ਇੱਕ ਲੱਖ ਦਿੰਨਾਂ ਮੈਂ ਆਪਣੀ ਜੇਬ ਵਿੱਚੋਂ, ਪਾਰਕ ਦਾ ਇੱਕ ਗੇਟ ਮੇਰੇ ਪਿਓ ਦੇ ਨਾਂ ‘ਤੇ ਬਣਾ ਦਿਉ!”
               ਦੂਜਾ ਉਠਿਆ, “ਡੇਢ ਲੱਖ ਮੇਰੇ ਵੱਲੋਂ ਵੀ…ਪਰ ਸ਼ਰਤ ਇੱਕ ਆ? ਇੱਕ ਪਾਰਕ ਦਾ ਨਾਂ ਮੇਰੇ ਮਰੇ ਦਾਦੇ ਦੇ ਨਾਂ ‘ਤੇ ਰੱਖ ਦਿਓ!”
                ਤੀਜਾ ਉਠਿਆ, “ਮੇਰੀ ਦਾਦੀ ਮੇਰੇ ਨਾਲ ਬਹੁਤ ਪਿਆਰ ਕਰਦੀ ਸੀ।ਵਿਚਾਰੀ ਤੁਰ ਗਈ ਜਹਾਨ ‘ਚੋਂ! ਸਵਾ ਲੱਖ ਮੇਰੇ ਵੱਲੋਂ ਉਸਦੇ ਨਾਂ ‘ਤੇ ਤੀਜੀ ਪਾਰਕ ਦਾ ਨਾਂ ਰੱਖਣ ਲਈ!”
              ਕੁੱਝ ਵਾਸੀ ਤਾੜੀਆਂ ਮਾਰ ਰਹੇ ਸਨ ‘ਤੇ ਕੁੱਝ ਸੂਝਵਾਨ ਚਿੰਤਤ ਹੋ ਕੇ ਸੋਚ ਰਹੇ ਸਨ।ਇੰਨੇ ਨੂੰ ਪ੍ਰਧਾਨ ਸੁਮਿੱਤਰ ਸਿੰਘ ਬੜਾ ਭਾਵੁਕ ਹੋ ਕੇ ਮਾਈਕ ਫੜ੍ਹਦਾ ਹੈ, “ਬਹੁਤ ਦੁੱਖ ਹੋਇਆ ਅੱਜ! ਮਨ ਵਲੂੰਧਰਿਆ ਗਿਆ ਮੇਰਾ! ਨਹੀਂ ਚਾਹੀਦੀ ਮੈਨੂੰ ਇਸ ਕਲੋਨੀ ਦੀ ਪ੍ਰਧਾਨਗੀ! ਆ ਚੱਕੋ ਅਸਤੀਫ਼ਾ! ਪ੍ਰਧਾਨਗੀ ਉੱਦਣ ਲਊਂ, ਜਿੱਦਣ ਤੁਹਾਨੂੰ ਮਰੇ ਹੋਏ ਬੰਦੇ ਅਤੇ ਸ਼ਹੀਦ ਵਿਚਲੇ ਅੰਤਰ ਦੀ ਸੋਝੀ ਆ ਜਾਊ! ਸੱਤਾਂ ਜਨਮਾਂ ‘ਚ ਮਰ ਕੇ ਵੀ ਸ਼ਹੀਦ ਦਾ ਦਰਜਾ ਨਈਂ ਮਿਲਦਾ ਬੰਦੇ ਨੂੰ! ਮਰਿਆਂ ਨੂੰ ਪੈਸੇ ਨਾਲ ਤੋਲ ਕੇ ਸ਼ਹੀਦਾਂ ਦੀ ਬਰਾਬਰੀ ਕਰਦੇ ਫ਼ਿਰਦੇ!”
Paramjit Kalsi Btl    

 

ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),    
ਪੰਜਾਬੀ ਲੈਕਚਰਾਰ, ਪਿੰਡ ਤੇ ਡਾਕਖਾਨਾ ਊਧਨਵਾਲ,
ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ-143505
ਮੋ – 70689 00008

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply