ਗਿ: ਦਿੱਤ ਸਿੰਘ ਰਚਨਾਵਲੀ
ਸੰਪਾਦਕ – ਡਾ. ਇੰਦਰਜੀਤ ਸਿੰਘ ਗੋਗੋਆਣੀ
ਪ੍ਰਕਾਸ਼ਕ – ਭਾਈ ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ
ਭੇਟਾ: 250 ਰੁਪਏ ਸਫ਼ੇ 176
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਨੂੰ ਜਿਸ ਢੰਗ ਨਾਲ ਲੇਖਕ ਨੇ ਕਲਮਬੱਧ ਕੀਤਾ ਹੈ, ਇਹ ਰਚਨਾ ਹਰ ਸਮੇਂ ਵਿੱਚ ਮਹਾਨਤਾ ਰੱਖਦੀ ਹੈ।ਗਿਆਨੀ ਦਿੱਤ ਸਿੰਘ ਜੀ ਸਿੱਖ ਪੰਥ ਦੀਆਂ ਨਾਮਵਰ ਸ਼ਖ਼ਸੀਅਤਾਂ ਵਿੱਚੋਂ ਇੱਕ ਗਹਿਰ ਗੰਭੀਰ ਚਿੰਤਕ ਅਤੇ ਵਿਲੱਖਣ ਪਹਿਚਾਣ ਰੱਖਦੇ ਹਨ।ਸਮਕਾਲੀ ਪੰਥਕ ਚੁਣੌਤੀਆਂ ਦੇ ਸਨਮੁੱਖ ਉਨ੍ਹਾਂ ਡਟ ਕੇ ਅਵਾਜ਼ ਬੁਲੰਦ ਕੀਤੀ।ਗਿਆਨੀ ਜੀ ਦਾ ਜੀਵਨ ਕਾਲ ਅਪ੍ਰੈਲ 1850 ਤੋਂ ਸ਼ੁਰੂ ਹੋ ਕੇ ਸਤੰਬਰ 1901 ਈ: ਵਿੱਚ ਸਮਾਪਤ ਹੋ ਜਾਂਦਾ ਹੈ।ਪੰਜ ਦਹਾਕਿਆਂ ਦੀ ਇਸ ਸੀਮਤ ਜਿਹੀ ਉਮਰ ਵਿਚ ਉਨ੍ਹਾਂ ਦੀ ਕੌਮੀ ਤੇ ਕਲਮੀ ਸੇਵਾ ਫਖ਼ਰ ਕਰਨਯੋਗ ਹੈ।
ਹਥਲੀ ਪੁਸਤਕ “ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ” ਪਹਿਲੀ ਵਾਰ 7 ਅਗਸਤ 1896 ਈ: ਨੂੰ ਪ੍ਰਕਾਸ਼ਿਤ ਹੋਈ ਸੀ।ਇਹ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਗੁਰਮਤਿ ਵਿੱਦਿਆ ਪ੍ਰਦਾਨ ਕਰਨ ਲਈ ਤਿਆਰ ਕਰਵਾਈ ਗਈ ਸੀ।ਗਿਆਨੀ ਜੀ ਖ਼ਾਲਸਾ ਕਾਲਜ ਕੌਂਸਲ ਦੇ ਮੈਂਬਰ ਵੀ ਸਨ।ਇਸ ਪੁਸਤਕ ਦੀ ਭੂਮਿਕਾ ਉਸ ਸਮੇਂ ਕੌਂਸਲ ਦੇ ਆਨਰੇਰੀ ਸਕੱਤਰ ਸ੍ਰ. ਜਵਾਹਰ ਸਿੰਘ ਜੀ ਨੇ ਲਿਖੀ ਸੀ।ਆਪ 18 ਦਸੰਬਰ 1892 ਤੋਂ 31 ਮਾਰਚ 1902 ਈ: ਤੱਕ ਕੌਂਸਲ ਦੇ ਸਕੱਤਰ ਰਹੇ।ਇਸ ਦੀ ਭੂਮਿਕਾ ਵਿੱਚ ਦਰਜ਼ ਹੈ,” ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਲਈ ਜੋ ਸਤਿਗੁਰਾਂ ਦੀਆਂ ਜਨਮ ਸਾਖੀਆਂ ਬਣਾਈਆਂ ਗਈਆਂ ਹਨ, ਉਹਨਾਂ ਵਿਚੋਂ ਇਹ ਪਹਿਲੀ ਸਾਖੀ ਆਦਿ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ।।” ਫਿਰ ਇਸ ਦੀ ਤੀਜੀ ਐਡੀਸ਼ਨ ਵਾਲੀ ਪੁਸਤਕ ਪ੍ਰਾਪਤ ਹੋਈ ਜੋ ਕੌਂਸਲ ਦੇ ਸਕੱਤਰ ਭਾਈ ਗੁਰਬਖਸ਼ ਸਿੰਘ ਜੀ ਗਿਆਨੀ ਦੀ ਪ੍ਰਵਾਨਗੀ ਨਾਲ `ਪੰਜਾਬ ਕਮਰਸ਼ਲ ਪ੍ਰੈਸ` ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਈ।ਉਪਰੰਤ ਇਸ ਦੀ ਪੰਜਵੀਂ ਐਡੀਸ਼ਨ ਕੌਂਸਲ ਦੇ ਸਕੱਤਰ ਸ੍ਰ. ਹਰਬੰਸ ਸਿੰਘ ਅਟਾਰੀ ਜੀ ਦੇ ਸਮੇਂ ਉਹਨਾਂ ਦੀ ਸਰਪ੍ਰਸਤੀ ਹੇਠ ਪ੍ਰਕਾਸ਼ਿਤ ਹੋਈ।(ਆਪ 10 ਅਪ੍ਰੈਲ 1921 ਤੋਂ 20ਮਈ1929 ਈ: ਤੱਕ ਬਤੌਰ ਸਕੱਤਰ ਕਾਰਜਸ਼ੀਲ ਰਹੇ) ਇਸ ਪੁਸਤਕ ਦੀ ਤੀਜੀ ਪੰਜਵੀਂ ਐਡੀਸ਼ਨ `ਤੇ ਪ੍ਰਕਾਸ਼ਨ ਵਰ੍ਹਾ ਦਰਜ਼ ਨਹੀਂ ਹੈ।
ਇਸ ਪੁਸਤਕ ਦੇ ਪਹਿਲੇ ਸੰਸਕਰਣਾਂ ਦੇ 404 ਪੰਨੇ ਹਨ ਤੇ ਭਾਸ਼ਾ ਮੁੱਖ ਪੰਜਾਬੀ ਹੈ।ਇਸ ਵਿਚਲੇ ਦੋਹਰੇ, ਚੌਪਈ ਆਦਿ ਹਿੰਦੀ ਰੰਗ ਦੇ ਵੀ ਹਨ।ਪੁਸਤਕ ਰਚਨਾ ਦਾ ਮਕਸਦ ਦੱਸਦਿਆਂ ਆਦਿ ਵਿਚ ਗਿ: ਦਿੱਤ ਸਿੰਘ ਜੀ ਨੇ ਦੋਹਰਾ ਲਿਖਿਆ ਹੈ:-
ਸ੍ਰੀ ਗੁਰੂ ਨਾਨਕ ਦੇਵ ਦੇ ਚਰਨ ਰਿਦੇ ਮਹਿੰ ਧਾਰ।।
ਚਰਿਤ ਤਿੰਨ੍ਹਾਂ ਦੇ ਸਿੰਧ ਸਮ ਕਹਾਂ ਅਲਪ ਵਿਸਥਾਰ।।
ਜਿਨਕੇ ਸਮਸਰ ਦੂਸਰਾ ਨਾ ਹੋਇਆ ਨਹਿ ਹੋਗ।।
ਧੰਨ ਕਹਤ ਜਿਸ ਨਾਮ ਕੋ ਸਭ ਧਰਮਾਂ ਦੇ ਲੋਗ।।
ਹਥਲੀ ਪੁਸਤਕ ਵਿੱਚ ਗੁਰੂ ਜੀ ਦੇ ਜੀਵਨ ਇਤਿਹਾਸ ਨੂੰ ਬਹੁਤ ਹੀ ਸਰਲ ਤੇ ਸਪੱਸ਼ਟ ਸ਼ਬਦਾਂ ਵਿਚ ਸਮਝਾਇਆ ਗਿਆ ਹੈ।ਸਤਿਗੁਰਾਂ ਦੇ ਜੀਵਨ ਇਤਿਹਾਸ ਦੇ ਹਰ ਪੱਖ ਨੂੰ ਵੱਖ-ਵੱਖ ਬਿਰਤਾਂਤਾਂ ਵਿਚ ਪੇਸ਼ ਕੀਤਾ ਹੈ। ਸੰਪੂਰਨ ਇਤਿਹਾਸ 50 ਦੇ ਕਰੀਬ ਪ੍ਰਸੰਗਾਂ ਵਿੱਚ ਵਰਨਣ ਕੀਤਾ ਗਿਆ ਹੈ।ਗੁਰੂ ਜੀ ਦੇ ਪ੍ਰਕਾਸ਼ ਸਬੰਧੀ ਕੱਤਕ ਕਿ ਵਿਸਾਖ ਵਾਲਾ ਕੋਈ ਵਿਵਾਦ ਨਹੀਂ,
ਸਗੋਂ ਸਪੱਸ਼ਟ ਹਵਾਲਾ ਹੈ:-
“ਸੰ: 1526 ਬਿਕ੍ਰਮੀ ਕੱਤਕ ਸੁਦੀ ਪੂਰਨਮਾਸ਼ੀ ਨੂੰ ਪਹਿਰ ਰਾਤ ਰਹਿੰਦੀ ਗੁਰੂ ਜੀ ਨੇ ਅਵਤਾਰ ਲੀਤਾ।” ਲੇਖਕ ਵਲੋਂ ਰਚਿਤ ਦੋਹਰਾ, ਚੌਪਈ ਆਦਿ ਛੰਦ ਇਤਿਹਾਸਕ ਬਿਰਤਾਂਤ ਦੀ ਲੜੀ ਜੋੜਨ ਤੇ ਪ੍ਰਸੰਗ ਨੂੰ ਅੱਗੇ ਤੋਰਨ ਵਿੱਚ ਸਹਾਇਕ ਹੋਏ ਹਨ।ਇਸ ਪੁਸਤਕ ਦੀ ਵਿਸ਼ੇਸ਼ਤਾ ਹੈ ਕਿ ਪੰਡਤ, ਪੁਰੋਹਿਤ, ਸਿੱਧ, ਕਾਜ਼ੀ, ਮੁਲਾਣੇ, ਸੰਨਿਆਸੀ ਤੇ ਹੋਰ ਸਮਾਜਿਕ ਤੇ ਧਾਰਮਿਕ ਲੋਕਾਂ ਵਲੋਂ ਉਠਾਏ ਗਏ ਸਵਾਲਾਂ ਦਾ ਜੋ ਸਪੱਸ਼ਟ ਉੱਤਰ ਦਿੱਤਾ ਗਿਆ ਹੈ, ਉਹ ਗੁਰੂ ਨਾਨਕ ਬਾਣੀ ਦੇ ਸ਼ਬਦ ਫਿਰ ਸਰਲ ਵਿਆਖਿਆ ਨਾਲ ਸਮਝਾਏ ਗਏ ਹਨ।ਇੱਕ ਇਤਿਹਾਸਕਾਰ ਦੀ ਦ੍ਰਿਸ਼ਟੀ ਤੋਂ ਲੇਖਕ ਨੇ ਗੁਰੂ ਜੀ ਦਾ ਜੀਵਨ ਮਨੋਰਥ, ਉਦਾਸੀਆਂ, ਸਥਾਨਕ ਵੇਰਵਾ, ਪ੍ਰਚਾਰ ਦਾ ਢੰਗ, ਉਸ ਸਮੇਂ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਕ ਪਰਸਥਿਤੀਆਂ ਦਾ ਖੋਜ ਭਰਪੂਰ ਵਰਣਨ ਕੀਤਾ ਹੈ।ਇਹ ਪੁਸਤਕ ਸਿੰਘ ਸਭਾ ਲਹਿਰ ਦੇ ਉਦੇਸ਼ ਦੀ ਪੂਰਤੀ ਹਿੱਤ ਰਚੀ ਗਈ ਸੀ ਤਾਂ ਕਿ ਸਿੱਖ ਨੌਜਵਾਨਾਂ ਅਤੇ ਆਮ ਪਾਠਕ ਵਰਗ ਵਿੱਚ ਧਾਰਮਿਕ ਚੇਤੰਨਤਾ ਪੈਦਾ ਕੀਤੀ ਜਾ ਸਕੇ।ਇਸ ਰਚਨਾ ਵਿੱਚ ਨਾਨਕ ਨਿਰਮਲ ਪੰਥ ਦੀ ਜੋਤਿ ਤੇ ਜੁਗਤ ਨੂੰ ਸਮਝਾਉਣ ਦਾ ਸ਼ਲਾਘਾਯੋਗ ਉਪਰਾਲਾ ਸੀ, ਜਿਸ ਦੀ ਸਾਰਥਿਕਤਾ ਅੱਜ ਵੀ ਬਰਕਰਾਰ ਹੈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ੍ਰ. ਰਜਿੰਦਰਮੋਹਨ ਸਿੰਘ ਛੀਨਾ ਵਲੋਂ ਇਸ ਪੁਸਤਕ ਦੀ ਪ੍ਰਕਾਸ਼ਨਾ ਸਬੰਧੀ ਮਿਲੇ ਭਰਵੇਂ ਸਹਿਯੋਗ ਕਾਰਨ ਉਹ ਵੀ ਸਰਾਹਨਾ ਦੇ ਪਾਤਰ ਹਨ।ਚਿੱਤਰਕਾਰ ਕੁਲਵੰਤ ਸਿੰਘ ਗਿੱਲ ਵਲੋਂ ਬਣਾਇਆ ਗਿਆ ਟਾਈਟਲ ਚਿੱਤਰ ਵੀ ਪੁਸਤਕ ਦੀ ਬਾਹਰੀ ਦਿੱਖ ਨੂੰ ਸੁੰਦਰਤਾ ਪ੍ਰਦਾਨ ਕਰਦਾ ਹੈ।ਅਸੀਂ ਬੜੇ ਮਾਣ ਅਤੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਇਹ ਪੁਸਤਕ ਪਾਠਕ ਵਰਗ ਤੋਂ ਲੈ ਕੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਵਿਦਵਾਨਾਂ, ਕਥਾਵਾਚਕਾਂ, ਪ੍ਰਚਾਰਕਾਂ ਤੇ ਗੁਰਮਤਿ ਸਾਹਿਤ ਦੇ ਖੋਜਾਰਥੀਆਂ ਲਈ ਪੜ੍ਹਨ ਤੇ ਸਾਂਭਣਯੋਗ ਹੈ ।
ਸੁਖਬੀਰ ਸਿੰਘ ਖੁਰਮਣੀਆਂ
477/21, ਕਿਰਨ ਕਲੋਨੀ ਗੁਮਟਾਲਾ,
ਅੰਮ੍ਰਿਤਸਰ-143002
ਮੋ – 98555 12677