ਐਮ. ਸੀ. ਐਮ. ਈ ਅਤੇ ‘ਡਿੱਕੀ’ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਜਲੰਧਰ, (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ) – ਗਰੀਬ ਨੌਜਵਾਨਾਂ ਨੂੰ ਵਪਾਰ ਨਾਲ ਜੋੜਨ ਲਈ ਲਈ ਮਾਈਕ੍ਰੋ ਸਮਾਲ ਮੀਡੀਅਮ ਇੰਟਰਪ੍ਰਾਈਜਿਸ (ਐਮ. ਸੀ. ਐਮ. ਈ), ਭਾਰਤ ਸਰਕਾਰ ਅਤੇ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀਜ਼ (ਡਿੱਕੀ) ਵੱਲੋਂ ਸਾਂਝਾ ਖਾਕਾ ਤਿਆਰ ਕੀਤਾ ਗਿਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਸਰਕਟ ਹਾਊੁਸ ਵਿਖੇ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਐਮ. ਸੀ. ਐਮ. ਈ ਅਤੇ ਡਿੱਕੀ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਗਰੀਬ ਨੌਜਵਾਨਾਂ ਨੂੰ ਵਪਾਰ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ, ਇਸ ਸਬੰਧੀ ਅਕਤੂਬਰ ਮਹੀਨੇ ਵਿਚ ਇਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਗਰੀਬ ਵੀ ਵਪਾਰ ਦੇ ਕਿੱਤੇ ਨਾਲ ਜੁੜ ਸਕਣ। ਉਨਾਂ ਕਿਹਾ ਕਿ ਇਸ ਮੌਕੇ ਨੌਜਵਾਨਾਂ ਨੂੰ ਭਾਰਤ ਸਰਕਾਰ ਦੀਆਂ ਵਪਾਰ ਸਬੰਧੀ ਸਕੀਮਾਂ ਤੋਂ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੋ ਸਕਣ। ਇਸ ਮੌਕੇ ਐਮ. ਸੀ. ਐਮ. ਈ ਡਿਪਟੀ ਡਾਇਰੈਕਟਰ ਸ੍ਰੀ ਕਮਲ ਸਿੰਘ ਅਤੇ ਸਹਾਇਕ ਡਾਇਰੈਕਟਰ ਸ੍ਰੀ ਪਿਊਸ਼ ਅਗਰਵਾਲ ਨੇ ਸ੍ਰੀ ਬਾਘਾ ਨੂੰ ਗਰੀਬ ਲੋਕਾਂ ਲਈ ਭਾਰਤ ਸਰਕਾਰ ਵੱਲੋਂ ਪੈਦਾ ਕੀਤੀਆਂ ਵਪਾਰ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਡਿੱਕੀ ਦੇ ਪੰਜਾਬ ਕੋਆਰਡੀਨੇਟਰ ਸ੍ਰੀ ਸ਼ੰਮੀ ਕਪੂਰ ਅਤੇ ਫਗਵਾੜਾ ਦੇ ਬਿਜ਼ਨਸਮੈਨ ਅਤੇ ਡਿੱਕੀ ਮੈਂਬਰ ਸ੍ਰੀ ਜਗਨ ਨਾਥ ਕੈਲੇ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।