ਗੁਰੂ ਅਰਜਨ ਦੇਵ ਜੀ (1563-1606) ਦੇ ਮਹਿਲ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰਦਾਨ ਦਿੰਦਿਆਂ ਬਾਬਾ ਬੁੱਢਾ ਜੀ ਨੇ ਕਿਹਾ ਸੀ ਕਿ ਤੇਰੇ ਘਰ ਇੱਕ ਅਜਿਹਾ ਪੁੱਤਰ ਜਨਮ ਲਵੇਗਾ, ਜੋ ਸੂਰਮਾ ਅਤੇ ਮਹਾਂਬਲੀ ਹੋਣ ਦੇ ਨਾਲ-ਨਾਲ ਸੰਤਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲਾ ਮੀਰੀ-ਪੀਰੀ ਦਾ ਮਾਲਕ ਵੀ ਹੋਵੇਗਾ।ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਨਾਲ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 1595 ਈ. ਨੂੰ ਹੋਇਆ।ਇਸ ਖੁਸ਼ੀ ਦੇ ਮੌਕੇ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਇਹ ਸ਼ਬਦ ਉਚਾਰਿਆ:
ਸਤਿਗੁਰ ਸਾਚੈ ਦੀਆ ਭੇਜ॥
ਚਿਰੁ ਜੀਵਨੁ ਉਪਜਿਆ ਸੰਜੋਗਿ॥
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿਛੋਂ ਬਾਬਾ ਬੁੱਢਾ ਜੀ ਨੇ ਹੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਲਾਇਆ।ਉਦੋਂ ਆਪ ਦੀ ਉਮਰ 11 ਸਾਲ ਦੀ ਸੀ।ਭਾਈ ਗੁਰਦਾਸ ਜੀ ਨੇ ਇਸ ਸਬੰਧ ਵਿੱਚ ਲਿਖਿਆ ਹੈ:
ਪੰਜਿ ਪਿਆਲੇ ਪੰਜਿ ਪੀਰ
ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ
ਮੂਰਤਿ ਹਰਿਗੋਬਿੰਦ ਸਵਾਰੀ।
ਦਲਿਭੰਜਨ ਗੁਰੁ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ।
(ਵਾਰ 1/48)
ਗੁਰੂ ਜੀ ਨੇ ਅੰਮ੍ਰਿਤਸਰ ਨੂੰ ਮਜ਼ਬੂਤ ਕਰਨ ਲਈ ਉਥੇ `ਲੋਹਗੜ੍ਹ` ਨਾਂ ਦਾ ਕਿਲ੍ਹਾ ਬਣਵਾਇਆ। ਸੰਨ 1609 ਵਿੱਚ ਦੇਸ਼ ਪਿਆਰ, ਸੂਰਬੀਰਤਾ ਅਤੇ ਕੌਮੀ ਭਾਵਾਂ ਦੇ ਪ੍ਰਚਾਰ ਹਿੱਤ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਉਸ ਉਤੇ ਸੁਸ਼ੋਭਿਤ ਹੋ ਕੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ।ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਇੱਕ ਧਾਰਮਕ ਰਹਿਬਰ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ ਨਾਲ ਦੋ ਤਲਵਾਰਾਂ ਪਹਿਨੀਆਂ ਹੋਣ।ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਉਹ ਭੇਟਾਵਾਂ ਦੇ ਨਾਲ-ਨਾਲ ਚੰਗੇ ਘੋੜੇ ਤੇ ਸ਼ਸਤਰ ਵੀ ਭੇਜਿਆ ਕਰਨ।ਆਪ ਕੋਲ 52 ਨੌਜਵਾਨਾਂ ਦੀ ਇੱਕ ਛੋਟੀ ਜਿਹੀ ਫ਼ੌਜ ਵੀ ਸੀ। ਉਨ੍ਹਾਂ ਨੇ ਇੱਕ ਨਗਾਰਾ ਵੀ ਤਿਆਰ ਕਰਵਾਇਆ ਅਤੇ ਨਿਸ਼ਾਨ ਸਾਹਿਬ ਝੁਲਾਇਆ।
ਆਪ ਨੂੰ ਬਾਲ- ਅਵਸਥਾ ਵਿੱਚ ਕਈ ਦੁੱਖ-ਤਕਲੀਫਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਆਪਦਾ ਤਾਇਆ ਪ੍ਰਿਥੀ ਚੰਦ ਆਪ ਨੂੰ ਮਰਵਾ ਕੇ ਗੁਰਗੱਦੀ ਅਤੇ ਸਾਰੀ ਜਾਇਦਾਦ ਦਾ ਮਾਲਕ ਆਪਣੇ ਪੁੱਤਰ ਮਨੋਹਰ ਦਾਸ ਮੇਹਰਬਾਨ ਸੋਢੀ ਨੂੰ ਬਣਾਉਣਾ ਚਾਹੁੰਦਾ ਸੀ।ਪਹਿਲਾਂ ਉਸ ਨੇ ਦਾਈ ਨੂੰ ਲਾਲਚ ਦੇ ਕੇ ਜ਼ਹਿਰੀਲੇ ਦੁੱਧ ਨਾਲ ਗੁਰੁ ਜੀ ਨੂੰ ਮਰਵਾਉਣਾ ਚਾਹਿਆ; ਫਿਰ ਸਪੇਰੇ ਜੋਗੀ ਵਲੋਂ ਗੁਰੁ ਜੀ ਦੇ ਕਮਰੇ ਵਿੱਚ ਜ਼ਹਿਰੀ ਸੱਪ ਛਡਵਾਇਆ ਗਿਆ; ਪਿੱਛੋਂ ਇੱਕ ਖਿਡਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਗੁਰੂ ਜੀ ਨੂੰ ਜ਼ਹਿਰ ਵਾਲਾ ਦਹੀਂ ਖਵਾਉਣ ਲਈ ਕਿਹਾ ਗਿਆ।ਪਰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ।
ਬਾਬਾ ਬੁੱਢਾ ਜੀ ਨੇ ਆਪ ਨੂੰ ਗੁਰੁ ਘਰ ਦੀ ਵਿਦਿਆ, ਸ਼ਸਤਰ ਵਿੱਦਿਆ, ਘੋੜ ਸਵਾਰੀ, ਸ਼ਿਕਾਰ, ਕੁਸ਼ਤੀ ਆਦਿ ਦੀ ਸਿਖਲਾਈ ਦਿੱਤੀ।ਗੁਰੂ ਅਰਜਨ ਦੇਵ ਜੀ ਸਮਝਦੇ ਸਨ ਕਿ ਸਮਾਂ ਅਜਿਹਾ ਆ ਰਿਹਾ ਹੈ ਕਿ ਜ਼ੁਲਮ ਦੇ ਟਾਕਰੇ ਲਈ ਸਿੱਖਾਂ ਨੂੰ ਸੰਤ- ਸਿਪਾਹੀ ਬਣਨਾ ਪਵੇਗਾ।ਅਜਿਹੇ ਸਮੇਂ ਗੁਰਗੱਦੀ ਲਈ ਜਿਹੋ-ਜਿਹੀ ਯੋਗਤਾ ਅਤੇ ਗੁਣਾਂ ਦੀ ਲੋੜ ਸੀ, ਉਹੋ ਜਿਹੀ ਸਿੱਖਿਆ-ਸਿਖਲਾਈ ਗੁਰੂ ਹਰਿਗੋਬਿੰਦ ਸਾਹਿਬ ਨੂੰ ਦਿਵਾਈ ਗਈ।
ਗੁਰੂ-ਘਰ ਦੇ ਪੁਰਾਣੇ ਦੁਖੀ ਸ਼ਹਿਨਸ਼ਾਹਿ-ਹਿੰਦ ਜਹਾਂਗੀਰ ਨੂੰ ਗੁਰੂ ਜੀ ਦੀਆਂ ਸ਼ਸ਼ਤਰ-ਝੁਨਕਾਰਾਂ ਵਿੱਚੋਂ ਬਗਾਵਤ ਦੀ ਬੂ ਆ ਰਹੀ ਸੀ।ਉਸ ਨੇ ਮੁਰਤਜਾ਼ ਖਾਂ (ਸ਼ੇਖ ਫ਼ਰੀਦ ਬੁਖਾਰੀ) ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ।ਉਹਨੇ ਸੁਹੀਏ ਭੇਜ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਦੀਆਂ ਸਰਗਰਮੀਆਂ ‘ਤੇ ਨਜ਼ਰਸਾਨੀ ਸ਼ੁਰੂ ਕਰ ਦਿੱਤੀ।ਉਹਨੇ ਝੂਠ ਦਾ ਪੁਲੰਦਾ ਤਿਆਰ ਕਰਕੇ ਜਹਾਂਗੀਰ ਨੂੰ ਭੇਜ ਦਿੱਤਾ, ਫਿਰ ਸੰਮਨ ਭੇਜ ਕੇ ਛੇਵੇਂ ਗੁਰੂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਵਾ ਦਿੱਤਾ।ਇਹ ਉਹ ਕਿਲ੍ਹਾ ਸੀ, ਜਿਥੇ ਸਿਆਸੀ ਕੈਦੀ ਰੱਖੇ ਜਾਂਦੇ ਸਨ, ਜਿਨ੍ਹਾਂ ਨੂੰ ਹੌਲੀ-ਹੌਲੀ ਜ਼ਹਿਰ ਦੇ ਕੇ ਖ਼ਤਮ ਕਰ ਦਿੱਤਾ ਜਾਂਦਾ ਸੀ।
ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਨੇ ਸਮੇਂ ਨੂੰ ਸੰਭਾਲਿਆ ਤੇ ਚੌਕੀਆਂ ਕੱਢਣ ਦੀ ਪਰੰਪਰਾ ਕਾਇਮ ਕੀਤੀ। ਇਸ ਮਰਿਆਦਾ ਦਾ ਭਾਵ ਹੀ ਰੋਸ ਮਾਰਚ ਸੀ। ਉਹ ਸ਼ਬਦ ਤੇ ਵਾਰਾਂ ਪੜ੍ਹ ਕੇ ਸੰਗਤਾਂ ਨੂੰ ਜਾਗਰੂਕ ਕਰਨ ਲੱਗੇ।ਇਓਂ ਪੂਰੇ ਪੰਜਾਬ ਵਿੱਚ ਗੁਰੁ ਜੀ ਦੀ ਗ੍ਰਿਫ਼ਤਾਰੀ ਵਿਰੁੱਧ ਰੋਸ ਫੈਲ ਗਿਆ।ਹਰਿਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਆਪ ਚੌਕੀ ਕਢਦੇ। ਇਸ ਤਰ੍ਹਾਂ ਗੁਰੂ ਘਰ ਦਾ ਪੈਗਾ਼ਮ ਘਰ ਘਰ ਵਿੱੱਚ ਪੁੱਜ ਗਿਆ।ਪੂਰੇ ਪੰਜਾਬ ਵਿੱਚ ਜੋਸ਼ੀਲਾ ਵਾਤਾਵਰਣ ਬਣ ਗਿਆ।ਸਿੱਖਾਂ ਵਿੱਚ ਗੁਰੂ ਮਿਲਾਪ ਲਈ ਉਤਸ਼ਾਹ ਕਾਇਮ ਹੋ ਗਿਆ।ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਪਰਿਕਰਮਾ ਕਰਕੇ ਤੇ ਜਥੇ ਨੂੰ ਨਾਲ ਲੈ ਕੇ ਕੀਰਤਨ ਕਰਦੇ ਹੋਏ ਗਵਾਲੀਅਰ ਪੁੱਜੇ ਅਤੇ ਉਥੇ ਕਿਲ੍ਹੇ ਦੇ ਬਾਹਰ ਕਈ ਦਿਨ ਕੀਰਤਨ ਕਰਦੇ ਰਹੇ।ਸਿੱਟੇ ਵਜੋਂ ਦੋ ਕੁ ਸਾਲ ਦੀ ਕੈਦ ਪਿਛੋਂ ਗੁਰੂ ਜੀ ਨੂੰ 52 ਰਾਜਿਆਂ ਸਮੇਤ ਰਿਹਾਅ ਕਰ ਦਿੱਤਾ ਗਿਆ।ਜਦੋਂ ਗੁਰੂ ਜੀ ਕਿਲ੍ਹੇ ਤੋਂ ਬਾਹਰ ਆਏ ਤਾਂ ਉਹ ਸੰਗਤਾਂ ਨਾਲ ਅੰਮ੍ਰਿਤਸਰ ਪੁੱਜੇ।ਉਸੇ ਦਿਨ ਤੋਂ ਆਪ ਨੂੰ `ਬੰਦੀ ਛੋੜ` ਦੇ ਨਾਂ ਨਾਲ ਯਾਦ ਕੀਤਾ ਜਾਣ ਲੱਗ ਪਿਆ। ਭਾਈ ਗੁਰਦਾਸ ਜੀ ਨੇ ਇਸ ਸਬੰਧ ਵਿੱਚ ਲਿਖਿਆ ਹੈ:
ਸਤਿਗੁਰੁ ਪਾਰਸਿ ਪਰਸਿਐ ਕੰਚਨੁ ਕਰੈ ਮਨੂਰ ਮਲੀਣਾ।
ਸਤਿਗੁਰੁ ਬਾਵਨੁ ਚੰਦਨਨ ਵਾਸੁ ਸੁਵਾਸੁ ਕਰੈ ਲਾਖੀਣਾ।
ਸਤਗੁਰੁ ਪੂਰਾ ਪਾਰਿਜਾਤੁ ਸਿੰਮਲੁ ਸਫਲੁ ਕਰੈ ਸੰਗਿ ਲੀਣਾ।
ਮਾਨ ਸਰੋਵਰੁ ਸਤਿਗੁਰੂ ਕਾਗਹੁ ਹੰਸੁ ਜਲਹੁ ਦੁਧੁ ਪੀਣਾ।
ਗੁਰ ਤੀਰਥੁ ਦਰੀਆਉ ਹੈ ਪਸੂ ਪਰੇਤ ਕਰੈ ਪਰਬੀਣਾ।
ਸਤਿਗੁਰ ਬੰਦੀਛੋੜੁ ਹੈ ਜੀਵਣ ਮੁਕਤਿ ਕਰੇ ਓਡੀਣਾ।
ਗੁਰਮੁਖਿ ਮਨ ਅਪਤੀਜੁ ਪਤੀਣਾ।
(ਵਾਰ 26/20)
ਗਵਾਲੀਅਰ ਤੋਂ ਰਿਹਾਅ ਹੋਣ ਪਿੱਛੋਂ ਗੁਰੂ ਸਾਹਿਬ ਦਾ ਜਹਾਂਗੀਰ ਨਾਲ ਕੋਈ ਝਗੜਾ ਫਸਾਦ ਨਾ ਹੋਇਆ। ਆਪ ਅੰਮ੍ਰਿਤਸਰੋਂ ਚੱਲ ਕੇ ਲਾਹੌਰ, ਗੁੱਜਰਾਂਵਾਲਾ, ਵਜ਼ੀਰਾਬਾਦ, ਭਿੰਬਰ ਆਦਿ ਤੋਂ ਹੁੰਦੇ ਹੋਏ ਕਸ਼ਮੀਰ ਪਹੁੰਚੇ। ਉੱਥੇ ਹਕੂਮਤ ਦੇ ਦਬਾਅ ਕਰਕੇ ਬਹੁਤ ਸਾਰੇ ਹਿੰਦੂ ਮੁਸਲਮਾਨ ਬਣਦੇ ਜਾ ਰਹੇ ਸਨ।ਗੁਰੂ ਜੀ ਦੇ ਪ੍ਰਚਾਰ ਨਾਲ ਹਜ਼ਾਰਾਂ ਹੀ ਹਿੰਦੂ ਅਤੇ ਮੁਸਲਮਾਨ ਸਿੱਖ ਬਣ ਗਏ।ਉਥੋਂ ਆਪ ਬਾਰਾਂਮੂਲਾ ਰਾਹੀਂ ਪੰਜਾਬ ਆਏ।ਗੁਜਰਾਤ ਪਹੁੰਚ ਕੇ ਕੁੱਝ ਚਿਰ ਉਥੇ ਠਹਿਰੇ ਅਤੇ ਸਿੱਖੀ ਦਾ ਪ੍ਰਚਾਰ ਕੀਤਾ।ਇਥੇ ਹੀ ਸ਼ਾਹ ਦੌਲਾ ਨਾਲ ਹੋਈ ਗੋਸ਼ਟਿ ਵਿੱਚ ਉਸ ਦੇ ਸ਼ੰਕਿਆਂ ਦਾ ਨਿਵਾਰਣ ਕੀਤਾ। ਸ਼ਾਹ ਦੌਲਾ ਨੇ ਗੁਰੂ ਜੀ ਨੂੰ ਪੁੱਛਿਆ:
ਔਰਤ ਕਿਆ, ਔਰ ਫ਼ਕੀਰੀ ਕਿਆ
ਹਿੰਦੂ ਕਿਆ, ਔਰ ਪੀਰੀ ਕਿਆ
ਪੁੱਤਰ ਕਿਆ, ਵੈਰਾਗ ਕਿਆ
ਦੌਲਤ ਕਿਆ, ਔਰ ਤਿਆਗ ਕਿਆ।
ਗੁਰੂ ਸਾਹਿਬ ਦਾ ਜਵਾਬ ਸੀ:
ਔਰਤ ਈਮਾਨ, ਪੁੱਤਰ ਨਿਸ਼ਾਨ।
ਦੌਲਤ ਗੁਜ਼ਰਾਨ।
ਫਕੀਰ ਨਾ ਹਿੰਦੂ, ਨਾ ਮੁਸਲਮਾਨ।
ਗੁਜਰਾਤ ਤੋਂ ਚੱਲ ਕੇ ਆਪ ਵਜ਼ੀਰਾਬਾਦ, ਭਾਈ ਕੇ ਮੱਟੂ, ਹਾਫਿਜ਼ਾਬਾਦ, ਸਰਕਪੁਰ, ਨਨਕਾਣਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ।ਕੁੱਝ ਚਿਰ ਪਿੱਛੋਂ ਨਾਲਾਗੜ੍ਹ, ਦੂਨ ਤੇ ਪਹਾੜੀ ਇਲਾਕੇ ਦਾ ਦੌਰਾ ਕੀਤਾ ਅਤੇ ਸਭ ਥਾਈਂ ਸਿੱਖੀ ਦਾ ਪ੍ਰਚਾਰ ਕੀਤਾ।ਫਿਰ ਆਪ ਨੇ ਮਾਲਵੇ ਦਾ ਦੌਰਾ ਕੀਤਾ।ਕਾਫੀ ਸਮਾਂ ਡਰੋਲੀ ਰੁਕੇ।ਇਥੇ ਗੁਰੂ ਜੀ ਸ਼ਿਕਾਰ ਲਈ ਗਏ। ਸਾਧੂ ਅਤੇ ਰੂਪਾ ਨਾਂ ਦੇ ਸੇਵਕਾਂ ਨੇ ਆਪ ਨੂੰ ਜਲ ਭੇਟ ਕੀਤਾ।ਗੁਰੂ ਜੀ ਨੇ ਉਸ ਦੇ ਪਰਿਵਾਰ ਨੂੰ ਦੇਗ-ਤੇਗ ਚਲਾਉਣ ਲਈ ਕੜਛਾ ਬਖ਼ਸ਼ਿਆ।ਗੁਰੂ ਜੀ ਦੀ ਆਗਿਆ ਅਨੁਸਾਰ ਉਨ੍ਹਾਂ ਨੇ ਪਿੰਡ ਰੂਪਾ ਦੀ ਨੀਂਹ ਰੱਖੀ।ਭਾਈ ਅਸ਼ੋਕ ਸਿੰਘ ਬਾਗੜੀਆਂ ਇਸੇ ਘਰਾਣੇ ਵਿਚੋਂ ਹਨ।
ਗੁਰੂ ਜੀ ਨੇ ਜਬਰ ਤੇ ਜ਼ੁਲਮ ਦੇ ਖਿਲਾਫ ਚਾਰ ਵੱਡੀਆਂ ਲੜਾਈਆਂ ਲੜੀਆਂ ਅਤੇ ਚਾਰਾਂ ਵਿੱਚ ਹੀ ਦੁਸ਼ਮਣ ਸੈਨਾਵਾਂ ਦਾ ਭਾਰੀ ਨੁਕਸਾਨ ਹੋਇਆ।ਪਹਿਲੀ ਜੰਗ ਅੰਮ੍ਰਿਤਸਰ ਨੇੜੇ ਮੁਖਲਿਸ ਖਾਂ ਨਾਲ 1628 ਈ. ਵਿੱਚ ਹੋਈ।ਦੂਜੀ ਜੰਗ ਅਬਦੁਲ ਖਾਨ ਨਾਲ 1630 ਈ. ਵਿੱਚ ਹਰਿਗੋਬਿੰਦਪੁਰ ਵਿਖੇ ਹੋਈ।ਤੀਜੀ ਲੜਾਈ ਲੱਲਾ ਬੇਗ ਤੇ ਕਮਰ ਬੇਗ ਨਾਲ 1631 ਈ. ਵਿੱਚ ਗੁਰੂਸਰ ਮਰਾਝ ਵਿਖੇ ਹੋਈ।ਚੌਥੀ ਜੰਗ 1634 ਈ. ਵਿੱਚ ਜਲੰਧਰ ਨੇੜੇ ਕਰਤਾਰਪੁਰ ਵਿਖੇ ਹੋਈ, ਜਿਥੇ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ (ਗੁਰੂ) ਤੇਗ ਬਹਾਦਰ ਨੇ ਤਲਵਾਰ ਦੇ ਅਜਿਹੇ ਜੌਹਰ ਵਿਖਾਏ ਕਿ ਉਨ੍ਹਾਂ ਦਾ ਨਾਂ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ ਗਿਆ।
ਸਮਕਾਲੀ ਲੇਖਕ ਮੁਹਸਿਨ ਫ਼ਾਨੀ ਲਿਖਦਾ ਹੈ ਕਿ ਗੁਰੂ ਜੀ ਹਮੇਸ਼ਾਂ 300 ਸਵਾਰ ਅਤੇ 60 ਬੰਦੂਕਚੀ ਆਪਣੇ ਨਾਲ ਰੱਖਦੇ ਸਨ ਅਤੇ 700 ਘੋੜੇ ਉਨ੍ਹਾਂ ਦੇ ਤਬੇਲੇ ਵਿੱਚ ਬੱਝੇ ਰਹਿੰਦੇ ਸਨ।ਗੁਰੂ ਜੀ ਨੇ ਚਾਰ ਲੜਾਈਆਂ ਤਾਂ ਜਿੱਤੀਆਂ, ਪਰ ਇਨ੍ਹਾਂ ਵਿੱਚ ਆਪ ਨੇ ਇੰਚ-ਭਰ ਵੀ ਇਲਾਕਾ ਨਾ ਮੱਲਿਆਆਪ ਰਾਜ ਕਾਇਮ ਕਰਨਾ ਨਹੀਂ ਸਨ ਚਾਹੁੰਦੇ।ਉਨ੍ਹਾਂ ਨੂੰ ਤਾਂ ਸਵੈ-ਰੱਖਿਆ ਲਈ ਯੁੱਧ ਕਰਨੇ ਪਏ।ਗੁਰੂ ਸਾਹਿਬ ਦਾ ਮੁੱਖ ਮਨੋਰਥ ਤਾਂ ਹਿੰਦੁਸਤਾਨੀਆਂ ਦੇ ਮਨਾਂ ਅੰਦਰ ਬੀਰ-ਰਸ ਦਾ ਸੰਚਾਰ ਕਰਨਾ ਸੀ, ਤਾਂ ਜੋ ਉਹ ਜਬਰ ਤੇ ਜ਼ੁਲਮ ਵਿਰੁੱਧ ਡੱਟ ਕੇ ਪਰਦੇਸੀ ਹਕੂਮਤ ਨੂੰ ਖਤਮ ਕਰਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਬੀੜਾ ਉਠਾ ਸਕਣ।
ਇਨ੍ਹਾਂ ਯੁੱਧਾਂ ਪਿੱਛੋਂ ਆਪ ਕੀਰਤਪੁਰ ਸਾਹਿਬ ਚਲੇ ਗਏ ਅਤੇ ਸਿੱਖ ਧਰਮ ਨੂੰ ਜਥੇਬੰਦ ਕਰਨ ਲਈ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਆਪਣੇ ਪ੍ਰਚਾਰਕ ਭੇਜੇ।ਆਪਣੇ ਇੱਕ ਸਿੱਖ ਭਾਈ ਬਿਧੀ ਚੰਦ ਨੂੰ ਉਨ੍ਹਾਂ ਨੇ ਇਸ ਮਹਾਨ ਕਾਰਜ ਲਈ ਬੰਗਾਲ ਭੇਜਿਆ।ਗੁਰਮਤਿ ਪ੍ਰਚਾਰ ਹਿੱਤ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਰੂਪ ਵਿੱਚ ਕੀਤੀਆਂ ਲੰਮੀਆਂ ਯਾਤਰਾਵਾਂ ਤੋਂ ਬਾਅਦ `ਛਠਮ ਪੀਰ` ਗੁਰੂ ਹਰਿਗੋਬਿੰਦ ਸਾਹਿਬ ਨੇ ਹੀ ਭਾਰਤ ਵਿੱਚ ਸਭ ਤੋਂ ਜਿਆਦਾ ਥਾਵਾਂ ਦੀ ਯਾਤਰਾ ਕਰਕੇ ਗੁਰਮਤਿ ਸੰਦੇਸ਼ ਨੂੰ ਦੂਰ ਦੁਰਾਡੇ ਪਹੁੰਚਾਇਆ।
ਗੁਰੂ ਸਾਹਿਬ ਨੇ ਗੁਰੂੂਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਉਨ੍ਹਾਂ ਦੀ ਸੇਵਾ ਲਈ ਸੌਂਪ ਦਿੱਤਾ।ਗੁਰੂ ਜੀ ਦੇ ਸੰਪਰਕ ਵਿੱਚ ਆਏ ਕੁੱਝ ਹੋਰ ਪ੍ਰਸਿੱਧ ਸਿੱਖਾਂ ਦੇ ਨਾਮ ਇਸ ਪ੍ਰਕਾਰ ਹਨ: ਭਾਈ ਬਿਧੀ ਚੰਦ, ਭਾਈ ਬਾਲੂੂਹਸਨਾ, ਮਾਤਾ ਭਾਗ ਭਰੀ, ਮਾਤਾ ਕੌਲਾਂ, ਭਾਈ ਮੱਦੂ, ਭਾਈ ਮਿਹਰਾ, ਬਖਤ ਮੱਲ, ਭਾਈ ਅਬਦੁੱਲਾ ਅਤੇ ਨੱਥਾ ਮੱਲ, ਸੁਥਰੇ ਸ਼ਾਹੀਏ, ਭਾਈ ਸਾਦਾ,ਜੋਧ ਰਾਏ, ਬਾਬਾ ਬੁੱਢਣ ਸ਼ਾਹ, ਭਾਈ ਬੁੱਧੂ, ਭਾਈ ਸਾਈਂ ਦਾਸ, ਭਾਈ ਝੰਡਾ, ਭਾਈ ਦੌਲਾ ਸ਼ਾਹ, ਭਾਈ ਜਗਤਾ, ਬਾਬਾ ਫੂਲ, ਭਾਈ ਰੂਪ ਚੰਦ, ਭਾਈ ਰਾਜਾ ਰਾਮ।
ਜਦੋਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਅੰਤਿਮ ਸਮਾਂ ਨੇੜੇ ਆ ਗਿਆ ਹੈ ਤਾਂ ਆਪ ਨੇ ਆਪਣੇ ਪਿੱਛੋਂ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਸ੍ਰੀ (ਗੁਰੂ) ਹਰਿ ਰਾਏ ਜੀ ਨੂੰ ਸੌਂਪ ਦਿੱਤੀ ਅਤੇ ਆਪ 3 ਮਾਰਚ 1644 ਈ. ਨੂੰ ਕੀਰਤਪੁਰ ਵਿਖੇ ਜੋਤੀ ਜੋਤਿ ਸਮਾ ਗਏ।ਗੁਰੂ ਸਾਹਿਬ ਦਾ ਸਸਕਾਰ ਕੀਰਤਪੁਰ ਵਿਖੇ ਸਤਲੁਜ ਦੇ ਕੰਢੇ ਕੀਤਾ ਗਿਆ, ਜਿਸ ਨੂੰ ਅੱਜਕਲ੍ਹ ਪਾਤਾਲਪੁਰੀ ਕਿਹਾ ਜਾਂਦਾ ਹੈ।
ਗੁਰੂ ਸਾਹਿਬ ਦੀ ਕੁੱਲ ਉਮਰ 48 ਸਾਲ 8 ਮਹੀਨੇ 15 ਦਿਨ ਸੀ।ਆਪ 37 ਸਾਲ 10 ਮਹੀਨੇ 7 ਦਿਨ ਗੁਰਗੱਦੀ ‘ਤੇ ਬਿਰਾਜਮਾਨ ਰਹੇ।ਮੀਰੀ ਪੀਰੀ ਦੇ ਮਾਲਿਕ, ਦਲ ਭੰਜਨ ਗੁਰ ਸੂਰਮਾ, ਬੰਦੀ ਛੋੜ ਸਤਿਗੁਰੂ ਦੇ ਲਕਬ ਨਾਲ ਜਾਣੇ ਜਾਂਦੇ ਗੁਰੂ ਹਰਿਗੋਬਿੰਦ ਸਾਹਿਬ ਨੇ ਮੁਸਲਮਾਨੀ ਹੱਲਿਆਂ ਤੇ ਮੁਗਲਈ ਰਾਜ ਦੇ ਧੱਕੇ ਅਤੇ ਜ਼ਬਰ ਨਾਲ ਮਧੋਲੇ ਹੋਏ ਭਾਰਤੀਆਂ ਦੇ ਮਨਾਂ ਵਿੱਚ ਵੀ ਬੀਰ ਰਸ ਤੇ ਸੂਰਬੀਰਤਾ ਦਾ ਸੰਚਾਰ ਕੀਤਾ। ਇਸ ਤਰ੍ਹਾਂ ਆਪ ਨੇ ਸਿਰਲੱਥ ਅਤੇ ਸਰਫਰੋਸ਼ ਪ੍ਰਵਾਨਿਆਂ ਦੀ ਉਸ ਸੂਰਬੀਰ ਅਤੇ ਸਰਦਾਰ ਖ਼ਾਲਸਾ ਕੌਮ ਦੀ ਪਨੀਰੀ ਤਿਆਰ ਕਰ ਦਿੱਤੀ, ਜਿਸ ਨੇ ਅੱਗੇ ਜਾ ਕੇ ਭਗਤੀ ਅਤੇ ਸ਼ਕਤੀ ਦੇ ਅਵਤਾਰ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਹੇਠ ਮੁਗਲਈ ਸਾਮਰਾਜ ਦੀਆਂ ਜੜ੍ਹਾਂ ਉਖੇੜ ਦਿੱਤੀਆਂ ਅਤੇ ਬਾਅਦ ਵਿੱਚ ਲਾਸਾਨੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਖਾਲਸਾਈ ਰਾਜ ਦਾ ਪਰਚਮ ਸਾਰੇ ਦੇਸ਼ ਵਿੱਚ ਲਹਿਰਾ ਦਿੱਤਾ।
ਸਿੱਖ ਧਰਮ ਵਿੱਚ ਦੀਵਾਲੀ ਦਾ ਤਿਉਹਾਰ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿੱਚ `ਬੰਦੀ ਛੋੜ ਦਿਵਸ` ਵਜੋਂ ਮਨਾਇਆ ਜਾਂਦਾ ਹੈ।ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ `ਬੰਦੀ ਛੋੜ` ਸ਼ਬਦ ਦੀ ਵਰਤੋਂ ਕਰਦਿਆਂ ਗੁਰੁ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ:
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ॥
(ਪੰਨਾ 524)
ਆਓ, ਅਸੀਂ ਇਸ ਬੰਦੀਛੋੜ ਦਿਵਸ ਤੇ ਨਸ਼ੇ ਅਤੇ ਹੋਰ ਸਮਾਜਿਕ ਅਲਾਮਤਾਂ ਵਿਰੁੱਧ ਜਹਾਦ ਛੇੜੀਏ; ਆਪਸੀ ਮੇਲ-ਮਿਲਾਪ ਤੇ ਸਦ-ਭਾਵਨਾ ਦਾ ਵਾਤਾਵਰਣ ਕਾਇਮ ਕਰਕੇ ਸਰਬਤ ਦੇ ਭਲੇ ਦੀ ਮੰਗਲ ਕਾਮਨਾ ਕਰੀਏ।
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ (ਬਠਿੰਡਾ)
ਮੋ – 9417692015