Monday, December 23, 2024

ਅਹੁਦੇ ਦਾ ਮੁੱਲ (ਮਿੰਨੀ ਕਹਾਣੀ)

            ਨਿਮਾਣਾ ਸਿਹੁੰ ਸਵੇਰੇ ਸਵੇਰੇ ਖੂੰਡੇ ਦੇ ਸਹਾਰੇ ਸੈਰ ਕਰ ਰਿਹਾ ਸੀ।ਅਚਾਨਕ ਇੱਕ ਕਾਰ ਨਿਮਾਣੇ ਦੇ ਲਾਗੇ ਆ ਕੇ ਰੁਕੀ ਉਸ ਵਿੱਚੋਂ ਨਿਮਾਣੇ ਦਾ ਇੱਕ ਪੁਰਾਣਾ ਸਾਥੀ ਬਾਹਰ ਨਿਕਲਿਆ ਤੇ ਗਲਵੱਕੜੀ ਪਾਅ ਕੇ ਮਿਲਣ ਤੋਂ ਬਾਅਦ ਆਪਣੀ ਕਾਰ ਵਿੱਚ ਬਿਠਾ ਲਿਆ।ਜਿਸ ਅਦਾਰੇ ਵਿੱਚ ਨਿਮਾਣੇ ਦਾ ਸਾਥੀ ਨੌਕਰੀ ਕਰਦਾ ਸੀ।ਨਿਮਾਣੇ ਨੂੰ ਵੀ ਉਥੇ ਆਪਣੇ ਨਾਲ ਲੈ ਗਿਆ।ਅਜੇ ਕਾਰ ਅਦਾਰੇ ਅੰਦਰ ਦਾਖਲ ਹੋਈ ਸੀ ਕਿ ਚਾਰ ਪੰਜ ਕਰਮਚਾਰੀਆਂ ਨੇ ਵੱਡੀਆਂ-ਵੱਡੀਆਂ ਲਾਂਘਾਂ ਪੁੱਟਦਿਆਂ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ `ਚ ਕਾਰ ਦੇ ਮਗਰ ਵਹੀਰਾਂ ਘੱਤ ਲਈਆਂ।ਕਾਰ ਰੋਕ ਕੇ ਨਿਮਾਣੇ ਦਾ ਸਾਥੀ ਕਾਰ ਚੋਂ ਬਾਹਰ ਨਿਕਲਿਆ।ਉਨ੍ਹਾਂ ਚਾਰ ਪੰਜ ਕਰਮਚਾਰੀਆਂ ਦੀ ਰਫ਼ਤਾਰ ਇਸ ਤਰ੍ਹਾਂ ਘਟ ਗਈ ਜਿਵੇਂ ਕਿਸੇ ਨੇ ਸ਼ਤਾਬਦੀ ਗੱਡੀ ਦੀ ਚੇਨ ਖਿੱਚ ਦਿੱਤੀ ਹੋਵੇ।ਉਨ੍ਹਾਂ ਵਿੱਚੋਂ ਇੱਕ ਨੇ ਝੂਠੀ ਜਿਹੀ ਹਾਸੀ ਹੱਸਦਿਆਂ ਕਿਹਾ,” ਸਰ ਜੀ ਤੁਸੀਂ ਕੱਟ ਬਹੁਤ ਸੋਹਣਾ ਮਾਰਦੇ ਜੇ” ਇਹ ਸਾਰਾ ਵਾਕਿਆ ਨਿਮਾਣੇ ਦੀ ਸਮਝ ਤੋਂ ਬਾਹਰ ਸੀ।ਫਿਰ ਨਿਮਾਣੇ ਦਾ ਸਾਥੀ ਦੱਬਵੀਂ ਆਵਾਜ਼ ਵਿੱਚ ਦੱਸਦਾ ਕਿ ਅਦਾਰੇ ਦੇ ਮੁੱਖੀ ਦੀ ਗੱਡੀ ਵੀ ਇਸੇ ਗੱਡੀ ਵਰਗੀ ਹੈ।ਇਨ੍ਹਾਂ ਨੂੰ ਭੁਲੇਖਾ ਪਿਆ ਕਿ ਕਿਤੇ ਸਾਹਿਬ ਜੀ ਆ ਗਏ ਹਨ।ਇਹ ਵਿਚਾਰੇ ਰੋਜ਼ ਦੀ ਤਰ੍ਹਾਂ ਦੌੜੇ ਆਏ।ਇੱਕ ਗੱਡੀ ਦੀ ਬਾਰੀ ਖੋਲ੍ਹਣ ਨੂੰ ਇੱਕ ਰੋਟੀ ਵਾਲਾ ਡੱਬਾ ਫੜ੍ਹਨ ਤੇ ਇੱਕ ਕਾਰ ‘ਤੇ ਕਵਰ ਪਾਉਣ ਨੂੰ—-।
           ਅਜੇ ਨਿਮਾਣੇ ਦਾ ਸਾਥੀ ਗੱਲ ਦੱਸ ਹੀ ਰਿਹਾ ਸੀ ਕਿ ਇੰਨੇ ਚਿਰ ਨੂੰ ਸਾਹਿਬ ਦੀ ਗੱਡੀ ਵੀ ਆ ਗਈ।ਉਹ ਚਾਰ ਪੰਜ ਕਰਮਚਾਰੀ ਇਸ ਤਰ੍ਹਾਂ ਕਾਰ ਵੱਲ ਝਪਟੇ ਜਿਵੇਂ ਟ੍ਰੈਫਿਕ ਪੁਲਿਸ ਵਾਲੇ ਕਿਸੇ ਹੋਰ ਦੂਸਰੇ ਰਾਜ ਦੀ ਨੰਬਰ ਪਲੇਟ ਵਾਲੀ ਗੱਡੀ ਵੱਲ ਦੌੜਦੇ ਹਨ।
          ਨਿਮਾਣਾ ਸਾਰੀ ਗੱਲ ਸਮਝ ਗਿਆ ਸਾਹਿਬ ਵਲੋਂ ਸੈਂਟਰ ਲੌਕ ਲਾਉਂਦਿਆਂ ਹੀ ਗੱਡੀ ਦੇ ਇਸ਼ਾਰੇ ਜਗਮਗ ਕਰਦੇ ਟੂੰ ਟੂੰ ਕਰਨ ਜਿਵੇਂ ਨਿਮਾਣੇ ਨੂੰ ਸਮਝਾ ਰਹੇ ਹੋਣ ਕਿ ਨਿਮਾਣਿਆਂ! ਦੁਨੀਆਂ `ਤੇ ਬੰਦੇ ਦਾ ਮੁੱਲ ਨਹੀਂ, ਅਹੁੱਦੇ ਦਾ ਮੁੱਲ ਪੈਂਦਾ—–।
     Sukhbir Khurmanian       

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ- 98555 12677
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply