ਸੁਲਤਾਨਪੁਰ ਲੋਧੀ ਵਿਖੇ ਸਥਾਪਿਤ ਹੈਲਪ ਡੈਸਕਾਂ ਤੋਂ ਮੁਫਤ ਮਿਲੇਗੀ ਸੂਚਨਾ ਪੁਸਤਕ
ਸੁਲਤਾਨਪੁਰ ਲੋਧੀ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਮਹਾਨ ਸਮਾਗਮਾਂ ਵਿਚ ਸ਼ਿਰਕਤ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਵਾਸਤੇ ਇਕ ਵਿਸ਼ੇਸ਼ ‘ਸੂਚਨਾ ਪੁਸਤਕ’ ਜਾਰੀ ਕੀਤੀ ਗਈ ਹੈ।
ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵਲੋਂ ਤਿਆਰ ਕੀਤੀ ਇਸ ਸੂਚਨਾ ਪੁਸਤਕ ਨੂੰ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀ 50 ਲੱਖ ਸੰਗਤ ਦੀ ਸਹਾਇਤਾ ਲਈ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿਚ ਤਿਆਰ ਕੀਤਾ ਗਿਆ ਹੈ।30 ਸਫਿਆਂ ਦੀ ਇਸ ਪੁਸਤਕ ਦੇ ਤਤਕਰੇ ਨੂੰ 11 ਭਾਗਾਂ ਵਿਚ ਵੰਡਿਆ ਗਿਆ ਹੈ, ਜਿਨਾਂ ਵਿਚ ਪਰਕਾਸ਼ ਪੁਰਬ ਸਮਾਗਮਾਂ ਦੀ ਰੂਪ ਰੇਖਾ, ਸੁਲਤਾਨਪੁਰ ਲੋਧੀ ਦੇ ਇਤਿਹਾਸ ਤੇ ਧਾਰਮਿਕ ਮਹੱਤਤਾ, ਸੁਲਤਾਨਪੁਰ ਲੋਧੀ ਨੂੰ ਸੜਕੀ, ਰੇਲ ਤੇ ਹਵਾਈ ਜ਼ਹਾਜ ਰਾਹੀਂ ਪਹੁੰਚਣ ਅਤੇ ਮਹੱਤਵਪੂਰਨ ਸ਼ਹਿਰਾਂ ਤੋਂ ਦੂਰੀ, ਦੇਖਣਯੋਗ ਸਥਾਨ, ਸ਼ਰਧਾਲੂਆਂ ਲਈ ਉਪਲਬਧ ਸਹੂਲਤਾਂ, ਮਹੱਤਵਪੂਰਨ ਪ੍ਰਸ਼ਾਸ਼ਨਿਕ ਸੰਪਰਕ ਨੰਬਰ, ਪੰਜਾਬ ਸਰਕਾਰ ਦੇ ਵਿਕਾਸ ਪ੍ਰਾਜੈਕਟਾਂ, ਸਮਾਗਮਾਂ ਦੌਰਾਨ ਕੀਤੇ ਤੇ ਨਾ ਕੀਤੇ ਜਾਣ ਕੰਮਾਂ ਤੇ ਸ਼ੋਸ਼ਲ ਮੀਡੀਆ ਦੇ ਲਿੰਕ ਦਿੱਤੇ ਗਏ ਹਨ।
ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਸੁਲਤਾਨਪੁਰ ਲੋਧੀ ਪੁੱਜ ਰਹੀ ਹੈ, ਜਿਸ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਜ਼ਮੀਨੀ ਪੱਧਰ `ਤੇ ਟੈਂਟ ਸਿਟੀ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੂਚਨਾ ਪ੍ਰਦਾਨ ਕਰਨ ਵੱਲ ਵੀ ਵਿਸ਼ੇਸ਼ ਤਵੱਜ਼ੋਂ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸੂਚਨਾ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਉਨ੍ਹਾਂ 70 ਪਿੰਡਾਂ/ਸ਼ਹਿਰਾਂ ਬਾਰੇ ਵੀ ਜਾਣਕਾਰੀ ਉਪਲਬਧ ਹੈ, ਜਿੱਥੇ-ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ।ਇਸ ਤੋਂ ਇਲਾਵਾ ਸੰਗਤ ਲਈ ਟੈਂਟ ਸਿਟੀ ਵਿਚ ਠਹਿਰਣ ਦੇ ਪ੍ਰਬੰਧ, ਪਾਰਕਿੰਗ ਸਥਾਨ, ਸੰਗਤ ਲਈ ਸ਼ਟਲ ਸਹੂਲਤ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਵਾਤਾਵਰਣ ਸੰਭਾਲ ਦੇ ਸੁਨੇਹੇ ਦੇ ਅਨੁਕੂਲ ਸੰਗਤ ਨੂੰ ਵੇਂਈ ਨੂੰ ਪ੍ਰਦੂਸ਼ਿਤ ਨਾ ਕਰਨ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਵੀ ਸੂਚਨਾ ਪੁਸਤਕ ਵਿਚ ਵੇਰਵੇ ਦਰਜ਼ ਕੀਤੇ ਗਏ ਹਨ। ਸੰਗਤ ਇਹ ਪੁਸਤਕ ਨੂੰ ਸੁਲਤਾਨਪੁਰ ਲੋਧੀ ਵਿਖੇ ਸਥਾਪਿਤ ਕੀਤੀਆਂ ਹੈਲਪ ਡੈਸਕਾਂ ਤੋਂ ਮੁਫਤ ਪ੍ਰਾਪਤ ਕਰ ਸਕੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …