ਯੂਨੀਵਰਸਿਟੀ ਵਿਖੇ ਕਰੋਮੋਸੈਂਸਰ ਐਂਡ ਇਮੇਜਨਿੰਗ ਪਰੋਬਜ਼ ਵਿਸ਼ੇ ‘ਤੇ ਤੀਜੀ ਏਸ਼ੀਅਨ ਕਾਨਫਰੰਸ ਸ਼ੁਰੂ
ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਆਸਟਿਨ ਅਮਰੀਕਾ ਤੋਂ ਯੂਨੀਵਰਸਿਟੀ ਆਫ ਟੈਕਸਸ ਦੇ ਵਿਗਿਆਨੀ ਪ੍ਰੋ. ਨੈਨਥਨ ਐਲ ਸੈਸਲਰ ਨੇ ਕਿਹਾ ਹੈ ਕਿ ਖੋਜ ਅਤੇ ਵਿਕਾਸ ਦੇ ਖੇਤਰ ਵਿਚ ਤੇਜੀ ਨਾਲ ਵਾਪਰ ਰਹੀਆਂ ਪ੍ਰਸਥਿਤੀਆਂ ਨੂੰ ਵਿਗਿਅਨ ਦੇ ਨਜ਼ਰੀਏ ਨਾਲ ਹੱਲ ਕਰਨ ਦੇ ਆਸਾਨ ਤਰੀਕੇ ਲੱਭਣੇ ਚਾਹੀਦੇ ਹਨ ਤਾਂ ਹੀ ਆਉਣ ਵਾਲੇ ਸਮੇਂ ਵਿਚ ਜਿਥੇ ਸਾਡੀ ਜੀਵਨ ਸ਼ੈਲੀ ਸੁਖੈਨ ਹੋ ਜਾਵੇਗੀ ਉਥੇ ਵੱਖ ਵੱਖ ਖੇਤਰਾਂ ਵਿਚ ਵੀ ਕਈ ਸੰਭਾਵਨਾਵਾਂ ਪੈਦਾ ਹੋ ਜਾਣਗੀਆਂ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕਰੋਮੋਸੈਂਸਰ ਐਂਡ ਇਮੇਜਨਿੰਗ ਪਰੋਬਜ਼ ਵਿਸ਼ੇ ਉਪਰ ਸ਼ੁਰੂ ਹੋਈ ਤੀਜੀ ਏਸ਼ੀਅਨ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਸਮੇਂ ਏਸ਼ੀਆਈ ਦੇਸ਼ਾਂ ਵਿਚੋਂ ਪੁੱਜੇ ਵਿਗਿਆਨੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਆਪਣੇ 45 ਮਿੰਟ ਦੇ ਭਾਸ਼ਣ ਵਿਚ ਜਿਥੇ ਰੰਗਾਂ ਦੇ ਆਧਾਰ ਉਪਰ ਜਾਣਕਾਰੀ ਨੂੰ ਕੋਡਿੰਗ ਕਰਨ ਦੇ ਵੱਖ ਵੱਖ ਤਰੀਕਿਆਂ ਤੋਂ ਜਾਣੂ ਕਰਵਾਇਆ ਉਥੇ ਨਵੀਆਂ ਦਵਾਈਆਂ ਦੇ ਲਈ ਵੱਖ ਵੱਖ ਵਿਧੀਆਂ ਦੀਆਂ ਉਦਹਾਰਣਾਂ ਦਿੰਦਿਆਂ ਕਿਹਾ ਕਿ ਤੇਜੀ ਨਾਲ ਬਦਲ ਰਹੀ ਜੀਵਨ ਸ਼ੈਲੀ ਦੇ ਲਈ ਕਈ ਜਲਿਟ ਸਥਿਤੀਆਂ ਪੈਦਾ ਹੋ ਰਹੀਆਂ ਹਨ ਜਿਨ੍ਹਾਂ ਨੂੰ ਨਜਿੱਠਣ ਲਈ ਨਵੀਆਂ ਦਵਾਈਆਂ ਵੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਇਸ ਸਮੇਂ ਵੱਖ ਵੱਖ ਐਪਲੀਕੇਸ਼ਨਾਂ ਦੇ ਨਾਲ ਆਪਟੀਕਲ ਅਤੇ ਅਣੂ ਡਿਜ਼ਾਇਨ ਨਾਲ ਸਬੰਧਤ ਕੁੱਝ ਬਰੀਕੀ ਨਾਲ ਜਾਣਕਾਰੀਆਂ ਦਿੰਦਿਆਂ ਵਿਗਿਆਨੀਆਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਨਾਲ ਸਿਹਤ ਮੰਦ ਸਮਾਜ ਦੇ ਨਿਰਮਾਣ ਲਈ ਵੀ ਕੰਮ ਕਰਨ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ ਵੱਖ ਖੇਤਰਾਂ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਉਥੇ ਕੈਮਿਸਟਰੀ ਵਿਭਾਗ ਵੱਲੋਂ ਖੋਜ ਅਤੇ ਪਬਲੀਕੇਸ਼ਨਾਂ ਸਦਕਾ ਮਿਲ ਰਹੀਆਂ ਵਿਤੀ ਸਹਾਇਤਾਵਾਂ ਬਾਰੇ ਦੱਸਦਿਆਂ ਕਿਹਾ ਕਿ ਕੈਮਿਸਟਰੀ ਵਿਭਾਗ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ।
ਇਸ ਮੌਕੇ ਯੂਨੀਵਰਸਿਟੀ ਵੱਲੋਂ ਪ੍ਰੋ. ਨੈਨਥਨ ਐਲ ਸੈਸਲਰ ਤੋਂ ਇਲਾਵਾ ਦੋ ਹੋਰ ਵਿਗਿਆਨੀਆਂ ਪ੍ਰੋ. ਅਯਪਨਪਿਲਯ ਅਜੇ ਘੋਸ਼ ਅਤੇ ਪ੍ਰੋ. ਅਮੀਤਵਾ ਦਾਸ ਨੂੰ ਲੈਕਚਰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਕਾਨਫਰੰਸ ਦੇ ਕਨਵੀਨਰ, ਡਾ. ਮਨੋਜ ਕੁਮਾਰ ਨੇ ਕਰੋਮੋਸੈਂਸਰ ਐਂਡ ਇਮੇਜਨਿੰਗ ਪਰੋਬਜ਼ ਵਿਸ਼ੇ ਉਪਰ ਸ਼ੁਰੂ ਹੋਈ ਤੀਜੀ ਏਸ਼ੀਅਨ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਸਮੇਂ ਏਸ਼ੀਆਈ ਦੇਸ਼ਾਂ ਵਿਚੋਂ ਪੁੱਜੇ ਵਿਗਿਆਨੀਆਂ ਨੂੰ ਜੀ ਆਇਆਂ ਆਖਦਿਆਂ ਕਾਨਫਰੰਸ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਚਾਰ ਦਿਨ ਚੱਲਣ ਵਾਲੀ ਇਸ ਕਾਨਫਰੰਸ ਦੇ ਵਿਚ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਵਿਦਵਾਨਾਂ ਵੱਲੋਂ ਆਪਣੇ ਲੈਕਚਰ ਦੇ ਕੇ ਖੋਜ ਅਤੇ ਵਿਕਾਸ ਦੇ ਖੇਤਰ ਨੂੰ ਨਵੀ ਦਿਸ਼ਾ ਦੇਣ ਦੀਆਂ ਸੰਭਾਵਨਾਵਾਂ ਹਨ।ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਇਸ ਕਾਨਫਰੰਸ ਦੇ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਵਾਉਣ `ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਨਫਰੰਸ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਲਾਭਦਾਇਕ ਸਿੱਧ ਹੋਵੇਗੀ। ਇਸ ਵਿਚ ਵੱਖ-ਵੱਖ ਅਕਾਦਮਿਕ ਅਤੇ ਖੋਜ ਅਦਾਰਿਆਂ ਤੋਂ ਵਿਗਿਆਨੀ ਅਤੇ ਖੋਜਾਰਥੀ ਭਾਗ ਲੈ ਰਹੇ ਹਨ। ਆਸਟਿਨ ਅਮਰੀਕਾ ਤੋਂ ਯੂਨੀਵਰਸਿਟੀ ਆਫ ਟੈਕਸਸ, ਪ੍ਰੋ. ਨੈਨਥਨ ਐਲ ਸੈਸਲਰ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ।ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਏਸ਼ੀਅਨ ਕਾਨਫਰੰਸ ਵਿਚ ਯੂਜੰਗ ਯੂਨ, ਜੌਂਗ ਸੇਉਂਗ ਕਿਮ, ਅਯਪਨਪਿਲਯ ਅਜੇ ਘੋਸ਼ ਅਤੇ ਅਮੀਤਵਾ ਦਾਸ ਵਰਗੇ ਅੰਤਰਰਾਸ਼ਟਰ ਵਿਗਿਆਨਕ ਭਾਗ ਲੈ ਰਹੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …