Saturday, July 5, 2025
Breaking News

ਖ਼ਾਲਸਾ ਕਾਲਜ ਵਿਖੇ ‘ਗੁਰੂ ਨਾਨਕ ਬਾਣੀ : ਆਧੁਨਿਕ ਸਮੇਂ ’ਚ ਪ੍ਰਾਸੰਗਿਕਤਾ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ PUNJ0811201905ਦਿਵਸ ਨੂੰ ਸਮਰਪਿਤ ‘ਗੁਰੂ ਨਾਨਕ ਬਾਣੀ : ਆਧੁਨਿਕ ਸਮੇਂ ’ਚ ਪ੍ਰਾਸੰਗਿਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰੋਫੈਸਰ ਕਮਿਊਨਟੀ ਮੈਡੀਸਨ ਵਿਭਾਗ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।
               ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਈ ਕਿਸਮ ਦੀਆਂ ਗਤੀਵਿਧੀਆਂ ਕਰਦਾ ਹੈ ਜਿਸ ’ਚ ਸਾਹਿਤ ਸਭਾ ਪ੍ਰਮੁੱਖ ਸੰਸਥਾ ਵਜੋਂ ਵਿਦਿਆਰਥੀਆਂ ’ਚ ਹਰਮਨ ਪਿਆਰੀ ਬਣ ਰਹੀ ਹੈ।ਉਨ੍ਹਾਂ ਕਿਹਾ ਕਿ ਡਾ. ਦੀਪਤੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਘਰ-ਘਰ ਪਹੁੰਚਾਉਣ ਲਈ ਅਮਲੀ ਰੂਪ ’ਚ ਤੱਤਪਰ ਵਿਦਵਾਨ ਹਨ।
        ਸੈਮੀਨਾਰ ’ਚ  ਡਾ. ਦੀਪਤੀ ਨੇ ਵਿਦਿਆਰਥੀਆਂ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਬਹੁਤ ਸਵੈ-ਵਿਸ਼ਵਾਸ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ ਤੇ ਉਹ ਗੁਰੂ ਨਾਨਕ ਜੀ ਦੇ ਕਿਰਤ, ਕੁਦਰਤ ਅਤੇ ਗਿਆਨ ਬਾਰੇ ਫ਼ਲਸਫੇ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਨਾਨਕ ਬਾਣੀ ਨੂੰ ਸਮਾਜਿਕ ਸਾਰਥਿਕਤਾ ਨਾਲ ਜੋੜ ਕੇ ਨਹੀਂ ਵੇਖਦੇ ਸਮਝਦੇ ਅਸੀਂ ਗੁਰੂ ਸਾਹਿਬ ਦੀ ਫ਼ਿਲਾਸਫੀ ਨਾਲ ਨਿਆਂ ਨਹੀਂ ਕਰ ਸਕਾਂਗੇ।
ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਸਾਹਿਤ ਸਭਾ ਇੰਚਾਰਜ ਡਾ. ਹੀਰਾ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਸਾਲ ਸਮੁੱਚੀ ਸਿੱਖ ਸੰਗਤ ਸਮੁੱਚੇ ਵਿਸ਼ਵ ’ਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਹੈ, ਸਾਹਿਤ ਸਭਾ ਦੇ ਵਿਦਿਆਰਥੀਆਂ ਰਾਹੀਂ ਗੁਰੂ ਜੀ ਦੀ ਸਿਖਿਆ ਨੂੰ ਘਰ-ਘਰ ਪ੍ਰਚਾਰਨ ਲਈ ਇਹ ਵਿਦਿਆਰਥੀਆਂ ਦਾ ਸੈਮੀਨਾਰ ਉਲੀਕਿਆ ਗਿਆ ਸੀ ਜਿਸਨੂੰ ਵਿਦਿਆਰਥੀਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਸੈਮੀਨਾਰ ’ਚ ਵੱਖ-ਵੱਖ ਵਿਭਾਗਾਂ ਦੇ ਸੱਤ ਵਿਦਿਆਰਥੀ ਆਪਣੇ ਪੇਪਰ ਪੇਸ਼ ਕਰ ਰਹੇ ਹਨ।
           ਇਸ ਸੈਮੀਨਾਰ ’ਚ ਬੀ. ਐੱਸ.ਸੀ ਐਗਰੀਕਲਚਰ ਦੀ ਵਿਦਿਆਰਥਣ ਮਾਨਵਜੋਤ ਕੌਰ ਨੇ ‘ਗੁਰੂ ਨਾਨਕ ਦੇਵ ਜੀ ਦੀ ਵਿਸ਼ਾਲਤਾ’ ਐਮ.ਏ ਪੰਜਾਬੀ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ‘ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੇ ਅਸੀਂ’ ਬੀ.ਐਫ.ਐਸ.ਟੀ ਦੀ ਵਿਦਿਆਰਥਣ ਨਵਦੀਪ ਕੌਰ ਨੇ ‘ਨਾਨਕ ਬਾਣੀ ਪਰਿਪੇਖ‘ ਅਤੇ ਐਮ.ਫਿਲ ਪੰਜਾਬੀ ਦੇ ਖੋਜਾਰਥੀ ਵਜ਼ੀਰ ਸਿੰਘ ਨੇ ‘ਨਾਨਕ ਬਾਣੀ ’ਚ ਕਿਰਤ ਦਾ ਸੰਕਲਪ’ ਵਿਸ਼ੇ ’ਤੇ ਭਾਵ-ਪੂਰਤ ਪੇਪਰ ਪੇਸ਼ ਕੀਤੇ।
           ਸਾਹਿਤ ਸਭਾ ਦੇ ਇੰਚਾਰਜ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੇ ਮਿਹਨਤ ਨਾਲ ਪੇਪਰ ਤਿਆਰ ਕਰਕੇ ਅਤੇ ਸਵੈ-ਵਿਸ਼ਵਾਸ ਨਾਲ ਪੜ੍ਹ ਕੇ ਸਾਹਿਤ ਸਭਾ ਨੂੰ ਇਕ ਨਵੇਂ ਰੰਗ ’ਚ ਰੰਗ ਦਿੱਤਾ ਹੈ।ਇਸ ਮੌਕੇ  ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਅਮਨਦੀਪ ਕੌਰ ਥਿੰਦ, ਪ੍ਰੋ. ਗੁਰਸ਼ਿੰਦਰ ਕੌਰ, ਡਾ. ਰਾਜਬੀਰ ਕੌਰ, ਡਾ. ਪਵਨ ਕੁਮਾਰ, ਡਾ. ਰਜਨੀਸ਼ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਡਾ. ਅੰਮ੍ਰਿਤ ਕੌਰ ਹਾਜ਼ਰ ਸਨ।
 

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply