Thursday, November 21, 2024

ਸਭ ਦਾ ਸਾਂਝਾ ਗੁਰੂ ਨਾਨਕ….

           ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਸਾਧਾਰਨ ਸੀ, ਜਿਨ੍ਹਾਂ ਨਾਲ ਦੁਨੀਆਂ ਵਿੱਚ ਵੱਖ-ਵੱਖ ਫਿਲਾਸਫੀਆਂ ਦਾ Guru Nanakਉਤਾਰਾ ਹੋਇਆ।
          ਕਿਸੇ ਨੇ ਕਿਹਾ “ਗੁਰੂ ਨਾਨਕ, ਬਾਬਾ ਨਾਨਕ, ਨਾਨਕ ਪੀਰ, ਨਾਨਕ ਚਾਰੀਆ, ਨਾਨਕ ਲਾਮਾ, ਨਾਨਕ ਕਦਾਮਦਰ ਅਤੇ ਕਿਸੇ ਨੇ ਨਾਨਕ ਵਲੀ, ਇਹ ਨਾਮ ਸਨ ਸ਼ਰਧਾ ਦੇ, ਪਿਆਰ ਦੇ, ਮੁਹੱਬਤ ਦੇ ਨਾਮ ਜਿਨ੍ਹਾਂ ਨੂੰ ਲੋਕਾਂ ਨੇ ਆਪੋ ਆਪਣੀ ਭਾਵਨਾ ਨਾਲ ਪੁਕਾਰਿਆ।ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਉਪਕਾਰੀ ਪੰਧ ਦੀ ਵਿਲੱਖਣਤਾ ਕਿਸੇ ਹੋਰ ਵਿੱਚ ਨਹੀਂ ਸੀ।ਇਸ ਸੋਚ, ਪੰਧ, ਨਿਰਵੈਰਤਾ ਤੇ ਨਿਡਰਤਾ ਦੀ ਕਿਤੇ ਕੋਈ ਮਿਸਾਲ ਭਾਲਿਆਂ ਨਹੀ ਮਿਲਦੀ।

“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ।।
ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ ।।”

            ਗੁਰੂ ਨਾਨਕ ਦੀ ਸਿਧਾਂਤਕ ਸੋਚ ਦੁਨੀਆਂ `ਤੇ ਘੋਰ ਜ਼ੁਲਮ, ਅਨਿਆਂ ਤੇ ਕੂੜ ਦੇ ਪਸਾਰੇ ਨੂੰ ਖਤਮ ਕਰਨ ਸੀ।ਜਿਸ ਸਦਕਾ ਦੁਨੀਆਂ ਵਿੱਚੋਂ ਗੈਰ ਇਕਲਾਕੀ ਧੁੰਦ ਖਤਮ ਹੋ ਕੇ ਸੱਚ, ਨਿਰਭਉ ਤੇ ਨਿਰਵੈਰ ਦੇ ਚਾਨਣ ਫੈਲਿਆ।ਕਿਸੇ ਖੇਤਰੀ, ਭਾਸ਼ਾਈ ਜਾਂ ਚੱਲ ਰਹੀਆਂ ਧਾਰਮਿਕ ਰਵਾਇਤਾਂ ਵਿੱਚ ਬੱਝਣਾ ਇਸ ਸਿਧਾਂਤ ਦਾ ਉਦੇਸ਼ ਨਹੀਂ ਸੀ।ਸਗੋਂ ਵਕਤੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਗਿਆਨ, ਵਿਗਿਆਨ ਰਾਹੀਂ ਲੋਕਾਈ ਦਾ ਪਾਰ ਉਤਾਰਾ ਕਰਨਾ ਸੀ।ਉਨਾਂ ਨੇ ਪਰਿਵਾਰਕ ਧਾਰਮਿਕ ਪਰੰਪਰਾ ਦਾ ਵਿਰੋਧੀ ਬਣ ਕੇ ਜਨੇਊ ਦੀ ਮੁਖਾਲਫਤ ਕੀਤੀ ਕਿ ਇਹ ਧਾਗਾ ਜਦੋ ਵੀ ਟੁੱਟੇਗਾ, ਨਵਾਂ ਪਹਿਨਣਾ ਪਵੇਗਾ! ਗੰਦੇ ਹੋਣ ਦੀ ਸੁਰਤ ਵਿੱਚ ਧੋਣਾ ਪਵੇਗਾ! ਪਰ ਮੈ ਗਿਆਨ ਰੂਪੀ ਜਨੇਊ ਪਾਉਣਾ ਚਾਹੁੰਦਾ ਹਾਂ ਜੋ ਨਾ ਟੁੱਟੇ, ਨਾ ਗੰਦਾ ਹੋਵੇ, ਨਾ ਹੀ ਸੜੇਗਾ।

“ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥”

          ਗੁਰੂ ਨਾਨਕ ਦੇਵ ਜੀ ਨੇ ਨਨਕਾਣੇ ਤੋਂ ਨਿਕਲ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਸੁਧਾਰ ਲਹਿਰ ਰੂਪੀ ਯਾਤਰਾਵਾਂ ਕੀਤੀਆਂ।ਹਰ ਧਰਮ ਨੂੰ ਸਮਝਣ ਲਈ ਉਨ੍ਹਾਂ ਦੇ ਕੇਂਦਰੀ ਅਸਥਾਨਾ ਬਨਾਰਸ, ਮੱਕਾ, ਯੂਰੋਸਲਮ, ਵੈਟੀਕਨ ਸਮੇਤ ਕਈ ਹੋਰ ਥਾਵਾਂ `ਤੇ ਗਏ। ਸਾਰੇ ਭਾਰਤ ਵਿੱਚ ਘੁੰਮਦਿਆਂ ਹਿੰਦੂ ਤੀਰਥ ਅਸਥਾਨ ਬਨਾਰਸ ਜਾ ਕੇ ਪਖੰਡ, ਵਹਿਮ ਭਰਮ, ਅੰਧਵਿਸ਼ਵਾਸ ਨੂੰ ਖਤਮ ਕਰਨ ਲਈ ਲੋਕਾਂ ਨੂੰ ਦਲੀਲ ਨਾਲ ਸਮਝਾਇਆ ਕਿ ਪਾਣੀ, ਅੱਗ, ਸੂਰਜ ਮਨੱਖੀ ਜਰੂਰਤਾਂ ਦੇ ਸਾਧਨ ਹਨ, ਪਰਮਾਤਮਾ ਨਹੀ।ਵਿਦੇਸ਼ੀ ਯਾਤਰਾਵਾਂ ਦੌਰਾਨ ਤਿੱਬਤ, ਨਿਪਾਲ, ਇਰਾਨ, ਇਰਾਕ ਅਤੇ ਇਸਲਾਮ ਧਰਮ ਦੇ ਕੇਂਦਰੀ ਅਸਥਾਨ ਮੱਕਾ ਮਦੀਨਾ ਤੱਕ ਗਏ।ਧਾਰਮਿਕ ਕੱਟੜਤਾ `ਤੇ ਸਖਤ ਟਿਪਣੀਆਂ ਕਰਕੇ ਸੱਚ ਦਾ ਮਾਰਗ ਦੱਸਿਆ।ਉਨਾਂ ਨੇ ਕਿਹਾ ਰੱਬ ਸਭ ਥਾਂ ਹੈ, ਕੋਈ ਦਿਸ਼ਾ ਖਾਸ ਨਹੀ, ਇਲਾਕਾ, ਕਬੀਲਾ, ਦੇਸ਼ ਕਿਸੇ ਧਰਮ ਦੀ ਹੱਦ ਨਹੀਂ ਬੰਨ ਸਕਦਾ।ਰੱਬ ਸਰਬ ਵਿਆਪਕ ਹੈ।ਇਹਨਾਂ ਸਭ ਯਾਤਰਾਵਾਂ ਦਾ ਮਕਸਦ ਨਿਵੇਕਲੇ, ਨਿਆਰੇ ਸਿੱਖ ਧਰਮ ਦੀ ਸਥਾਪਨਾ ਕਰਨਾ ਸੀ ਤਾਂ ਕਿ ਦੁਨੀਆਂ ਵਿੱਚ ਵੱਸਦੇ ਬਾਕੀ ਧਰਮ, ਜਾਤਾਂ, ਪਰੰਪਰਾਵਾਂ ਨੂੰ ਸਮਝਿਆ ਜਾ ਸਕੇ।ਆਪਣੇ ਜੀਵਨ ਜਾਂ ਆਪਣੀਆਂ ਯਾਤਰਾਵਾਂ ਦੌਰਾਨ ਹਮੇਸ਼ਾਂ ਭਗਤੀ ਲਹਿਰ ਵਿੱਚ ਰਹੇ।
         ਉਨਾਂ ਪਿਤਾ ਜੀ ਵਲੋਂ ਵਿਉਪਾਰ ਲਈ ਦਿੱਤੀ ਸਾਰੀ ਮਾਇਆ ਸਾਧੂਆਂ ਦੀ ਭੁੱਖ ਮਿਟਾਉਣ ਲਈ ਖਰਚ ਕਰ ਦਿੱਤੀ।ਗੁਰੂ ਨਾਨਕ ਦੇਵ ਜੀ ਦੇ ਵੀਹ ਰੁਪਏ ਦਾ ਲੰਗਰ ਅੱਜ ਸਾਰੀ ਦੁਨੀਆਂ ਵਿੱਚ ਵਰਤ ਰਿਹਾ ਹੈ।ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣ ਤੋ ਲੈ ਕੁ ਹਰ ਥਾਂ ਭਗਤਾਂ, ਸਾਧੂਆਂ, ਸੰਤ, ਫਕੀਰਾਂ, ਸਾਂਈ, ਵਲੀਆਂ ਦੀ ਸੰਗਤ ਕੀਤੀ। ਉਥੇ ਨਾਲ ਨਾਲ ਬਾਣੀ ਉਚਾਰੀ ਅਤੇ ਹੋਰ ਸੂਫੀਆਂ, ਸੰਤਾਂ ਦੀ ਬਾਣੀ ਇਕੱਠੀ ਕੀਤੀ।  
          ਹਰ ਸਿੱਖ ਦੋ ਵਕਤ “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ “ਸਰਬਤ ਦਾ ਭਲਾ” ਦੀ ਅਰਦਾਸ ਕਰਦਾ ਹੈ,  ਕਿ ਦੀਨ ਦੁਨੀਆਂ ਵਿੱਚ ਸਭ ਦਾ ਜੀਵਨ ਸੁਖਾਵਾਂ ਹੋਵੇ।ਸਭ ਪਾਸੇ ਅਮਨ ਚੈਨ ਤੇ ਭਰਾਤਰੀ ਭਾਈਚਾਰਾ ਹੋਵੇ।ਇਕ ਦੂਜੇ ਨਾਲ ਵਿਰੋਧ ਖਤਮ ਹੋਵੇ।  
           “ਨਾ ਕੋਈ ਹਿੰਦੂ, ਨਾ ਮੁਸਲਮਾਨ।” ਗੁਰੂ ਜੀ ਨੇ ਸਮਝਾਇਆ ਕਿ ਹਿੰਦੂ ਮੁਸਲਮਾਨ ਵਾਲੇ ਵਿਤਕਰੇ ਛੱਡ ਦਿਓ।ਪ੍ਰਮਾਤਮਾ ਨੂੰ ਸਾਰੀ ਲੋਕਾਈ ਵਿੱਚ ਦੇਖੋ।ਇਕ ਅਕਾਲ ਪੁਰਖ ਪ੍ਰਮਾਤਮਾ ਨੂੰ ਹੀ ਯਾਦ ਕਰੋ, ਜੋ ਸਭ ਅੰਦਰ ਵੱਸ ਰਿਹਾ ਹੈ।ਗੁਰੂ ਨਾਨਕ ਦੇਵ ਜੀ ਦੀ ਨਿਡਰਤਾ ਇਸ ਕਦਰ ਰਹੀ, ਜਦੋ ਬਾਬਰ ਜ਼ੁਲਮ ਕਰ ਰਿਹਾ ਸੀ ਤਾਂ ਉਸ ਨੂੰ “ਬਾਬਰ ਜ਼ਾਬਰ” ਕਿਹਾ।ਹਕੂਮਤੀ ਡਰ ਭਉ ਨੂੰ ਵੰਗਾਰਿਆ ਕਿ ਤੂੰ ਜ਼ੁਲਮ ਕਰ ਰਿਹਾ ਹੈਂ, ਜੋ ਮਨੁੱਖਤਾ ਵਿਰੋਧੀ ਹੈ।ਰੱਬ ਦੇ ਭੈਅ ਵਿੱਚ ਰਹਿ। ਭਾਵੇਂ ਕਿ ਗੁਰੂ ਸਾਹਿਬ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ।ਪਰ ਉਥੇ ਵੀ ਮਨੁੱਖਤਾ ਦੇ ਸੱਚੇ ਮਾਰਗ ਦੀ ਗੱਲ ਕੀਤੀ।
          ਗੁਰੂ ਜੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਵੱਡਾ ਹੋਕਾ ਦਿੱਤਾ।ਜਿਸ ਵਿੱਚ ਇਨਸਾਨ ਗ੍ਰਹਿਸਥੀ ਜੀਵਨ ਵਿੱਚ ਕਿਰਤ ਕਰਦਿਆਂ ਵਾਹਿਗੁਰੂ ਦਾ ਨਾਮ ਜਪ ਸਕਦਾ ਹੈ।ਕਮਾਈ ਹੋਈ ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਜਰੂਰਤਮੰਦਾਂ ਵਿੱਚ ਵੰਡ ਕੇ ਛਕਣ ਦੀ ਪ੍ਰੇਰਨਾ ਕੀਤੀ।ਗੁਰੂ ਨਾਨਕ ਦੇਵ ਜੀ ਆਪ ਖੁਦ ਸਾਰੀ ਉਮਰ ਕਿਰਤ ਕੀਤੀ।ਰੱਬ ਦੀ ਮਹਿਮਾਂ, ਉਸਤਤਿ ਕੀਤੀ ਅਤੇ ਵੰਡ ਛਕਣ ਦੀ ਰੀਤ ਚਲਾਈ।ਆਪ ਨੇ ਖੁਦ ਕਰਤਾਰਪੁਰ ਵਿੱਚ ਆਖਰੀ ਸਮੇਂ ਖੇਤੀਬਾੜੀ ਕਰਕੇ ਜੀਵਨ ਨਿਰਬਾਹ ਕੀਤਾ।
              ਸਿੱਖਾਂ ਤੇ ਨਾਨਕ ਲੇਵਾ ਸੰਗਤਾਂ ਲਈ ਇਸੇ ਅਸਥਾਨ ਦੇ ਦਰਸ਼ਨਾਂ ਦਾ ਰਾਹ ਲਾਂਘੇ ਨਾਲ ਖੁੱਲਿਆ ਹੈ, ਜਿਸ ਨਾਲ ਦੋਹਾਂ ਦੇਸ਼ਾਂ `ਚ  ਭਾਈਚਾਰਕ ਸਾਂਝ ਵਧੇਗੀ।
Dalwinder Singh Ghuman

 

ਦਲਵਿੰਦਰ ਸਿੰਘ ਘੁੰਮਣ
ਸੰਪਰਕ – 0033630073111

dal.ghuman@gmail.com

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply