Tuesday, December 24, 2024

ਨਾਮਵਰ ਕਹਾਣੀਕਾਰ ਤਲਵਿੰਦਰ ਸਿੰਘ ਦੀ ਯਾਦ ‘ਚ ਸਿਮਰਤੀ ਸਮਾਰੋਹ

ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – 5 ਵਰ੍ਹੇ ਪਹਿਲਾਂ ਦਰਦਨਾਕ ਸੜਕ ਹਾਦਸੇ ‘ਚ ਆਪਣੀ ਪਤਨੀ ਸਮੇਤ ਚੱਲ ਵੱਸੇ ਨਾਮਵਰ ਕਥਾਕਾਰ PPNJ1511201922ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਮਰਿਤੀ ਸਮਾਰੋਹ ਕਰਵਾਇਆ ਗਿਆ।ਜਨਵਾਦੀ ਲੇਖਕ ਸੰਘ ਦੀ ਪਹਿਲ ਕਦਮੀ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿੱਚ ਹੋਏ ਸਮਾਗਮ ਵਿਚ ਹਾਜ਼ਰ ਸਾਹਿਤਕਾਰਾਂ ਨੇ ਮਰਹੂਮ ਤਲਵਿੰਦਰ ਸਿੰਘ ਨੂੰ ਚੇਤੇ ਕਰਦਿਆਂ ਉਨਾਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ।
ਸਮਾਗਮ ਦਾ ਅਰੰਭ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਤਲਵਿੰਦਰ ਸਿੰਘ ਆਪਣੀਆਂ ਕਹਾਣੀਆਂ ਰਾਹੀਂ ਮਾਨਵੀਂ ਰਿਸ਼ਤਿਆਂ ਦੀ ਕਸ਼ੀਦਾਕਾਰੀ ਕਰਦਿਆਂ ਮੋਹ ਦੀਆਂ ਤੰਦਾਂ ਨੂੰ ਬਰੀਕੀ ਨਾਲ ਫੜਦਾ ਸੀ।ਸ਼ਾਇਰ ਦੇਵ ਦਰਦ ਨੇ ਆਪਣੀ ਗਜ਼ਲ ‘ਜੋਬਨ ਰੁੱਤੇ ਯਾਰ ਤੁਰੇ ਤਾਂ ਰੋਵਾਂ ਨਾ’ ਦੇ ਹਵਾਲੇ ਨਾਲ ਆਪਣੀ ਅਦਬੀ ਅਤੇ ਪਰਿਵਾਰਕ ਸਾਂਝ ਦੀਆਂ ਬਰੀਕ ਬਾਣੀਆਂ ਦੀ ਗੱਲ ਕੀਤੀ।
          ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਵਧੀਆ ਸਾਹਿਤਕਾਰ ਹੋਣ ਕਰਕੇ ਤਲਵਿੰਦਰ ਸਿੰਘ ਕਦੇ ਵੀ ਲੋਕ ਚੇਤਿਆਂ ਵਿਚੋਂ ਮਨਫੀ ਨਹੀਂ ਹੋਵੇਗਾ। ਡਾ. ਹੀਰਾ ਸਿੰਘ ਨੇ ਤਲਵਿੰਦਰ ਦੀਆਂ ਕਹਾਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਕੋਲ ਕਹਾਣੀ ਕਹਿਣ ਦੀ ਕਮਾਲ ਦੀ ਜੁਗਤ ਸੀ।ਅਰਤਿੰਦਰ ਸੰਧੂ ਅਤੇ ਹਰਭਜਨ ਖੇਮਕਰਨੀ ਨੇ ਕਿਹਾ ਕਿ ਤਲਵਿੰਦਰ ਦੀ ਲੇਖਣੀ ਹਮੇਸ਼ਾਂ ਥੁੜਿਆਂ ਟੁੱਟਿਆਂ ਦੇ ਹੱਕ ਵਿਚ ਭੁਗਤਦੀ ਸੀ।
          ਮਨਮੋਹਨ ਸਿੰਘ ਢਿੱਲੋਂ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਕਥਾ ਜੁਗਤਾਂ ਰਾਹੀਂ ਔਰਤ ਮਰਦ ਦੇ ਸਬੰਧਾਂ ਦਾ ਚਿਤਰਣ ਬਾਖੂਬੀ ਕਰਦਾ ਸੀ।ਰਾਜ ਖੁਸ਼ਵੰਤ ਸਿੰਘ ਸੰਧੂ ਅਤੇ ਸਫਰ ਸ਼ੁਕਲਾ ਨੇ ਵੀ ਤਲਵਿੰਦਰ ਦੀਆਂ ਭਾਵਪੂਰਤ ਯਾਦਾਂ ਸਾਂਝੀਆਂ ਕੀਤੀਆਂ।ਸੁਮੀਤ ਸਿੰਘ ਅਤੇ ਡਾ. ਕਸ਼ਮੀਰ ਸਿੰਘ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮ ਨਿਰੰਤਰ ਰਚਾਏ ਜਾਣ ਦੀ ਹਾਮੀ ਭਰੀ।
ਦਿਲਜੀਤ ਸਿੰਘ ਬੇਦੀ ਨੇ ਆਪਣੀ ਪੁਸਤਕ “ਨਮਸਕਾਰ ਗੁਰਦੇਵ ਕੋ” ਪੱਤਰਕਾਰ ਮਨਮੋਹਣ ਸਿੰਘ ਢਿੱਲੋਂ ਨੂੰ ਭੇਟ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply