ਭੀਖੀ/ਮਾਨਸਾ, 15 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਸ਼ਾਨਦਾਰ ਆਗਾਜ਼ ਅੱਜ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤਾ ਗਿਆ।14 ਤੋਂ 17 ਨਵੰਬਰ 2019 ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਧੀਕ ਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਪੰਜਾਬ ਸੰਜੇ ਕੁਮਾਰ ਨੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਿਕਰਮ ਮੋਫ਼ਰ, ਕਾਂਗਰਸ ਜ਼ਿਲ੍ਹਾ ਪ੍ਰਧਾਨ ਡਾ. ਮੰਜੂ ਬਾਲਾ, ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ, ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਡਾ. ਨਰਿੰਦਰ ਭਾਰਗਵ ਦੀ ਮੌਜੂਦਗੀ ਵਿਚ ਕੀਤਾ।
ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਿਕਰਮ ਮੋਫ਼ਰ ਨੇ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦੇ ਪ੍ਰਬੰਧ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਾਂਗ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਲਿਆਉਣ ਲਈ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।ਉਨ੍ਹਾਂ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੰਦਗੀ ਵਿਚ ਆਤਮ ਨਿਰਭਰ ਬਣਨ ਅਤੇ ਆਪਣੇ ਜੀਵਨ ਨੂੰ ਚੰਗੀ ਦਿਸ਼ਾ ਵੱਲ ਲਿਜਾਣ।
ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੜਕੀਆਂ ਦੁਆਰਾ ਇਨ੍ਹਾਂ ਖੇਡਾਂ ਵਿਚ ਭਾਗ ਲੈਣਾ ਬਹੁਤ ਹੀ ਚੰਗਾ ਸੰਕੇਤ ਹੈ।ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ ਅਤੇ ਖੇਡਾਂ ਦਾ ਖੇਤਰ ਲੜਕੀਆਂ ਦੀ ਬਹਾਦਰੀ ਅਤੇ ਹਿੰਮਤ ਦਾ ਪ੍ਰਤੀਕ ਹੈ, ਜਿਸ ਵਿਚ ਲੜਕੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਹੈ ਪੰਜਾਬ ਰਾਜ ਖੇਡਾਂ ਵਿੱਚ ਵੱਡੀ ਗਿਣਤੀ ‘ਚ ਖਿਡਾਰਨਾਂ ਜੋਸ਼ੋ ਖਰੋਸ਼ ਨਾਲ ਭਾਗ ਲੈ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਹੈ।
ਮੁੱਖ ਮਹਿਮਾਨਾਂ ਅਤੇ ਖਿਡਾਰਨਾਂ ਨੂੰ ‘ਜੀ ਆਇਆਂ’ ਆਖਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਇਸ ਸਮਾਗਮ ਵਿਚ 3600 ਖਿਡਾਰਨਾਂ ਅਤੇ 400 ਕੋਚ 22 ਜ਼ਿਲ੍ਹਿਆਂ ਤੋਂ ਭਾਗ ਲੈ ਰਹੇ ਹਨ।ਇਹ ਖਿਡਾਰਨਾਂ 21 ਖੇਡਾਂ ਜਿਨ੍ਹਾਂ ਵਿਚ ਐਥਲੈਟਿਕਸ, ਤੀਰ ਅੰਦਾਜੀ, ਮੁੱਕੇਬਾਜ਼ੀ, ਬਾਸਕਿਟਬਾਲ, ਬੈਡਮਿੰਟਨ, ਫੁਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ, ਖੋ-ਖੋ, ਫੈਂਸਿੰਗ, ਸ਼ਤਰੰਜ, ਤੈਰਾਕੀ, ਵੇਟ ਲਿਫਟਿੰਗ, ਕਬੱਡੀ (ਰਾਸ਼ਟਰੀ ਅਤੇ ਸਰਕਲ ਸਟਾਇਲ) ਸ਼ਾਮਲ ਹਨ ਆਦਿ ਦੇ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ।
ਸਮਾਗਮ ਦੀ ਸ਼ੁਰੂਆਤ 22 ਜ਼ਿਲ੍ਹਿਆਂ ਦੇ 3600 ਖਿਡਾਰੀਆਂ ਵੱਲੋਂ ਮਾਰਚ ਪਾਸਟ ’ਚ ਭਾਗ ਲੈ ਕੇ ਕੀਤੀ ਗਈ।ਇਸ ਮਾਰਚ ਪਾਸਟ ਦੀ ਪ੍ਰਧਾਨਗੀ ਪੰਜਾਬ ਪੁਲਿਸ ਦੀ ਘੁੜਸਵਾਰ ਟੁਕੜੀ ਨੇ ਕੀਤੀ ਅਤੇ ਨਾਲ ਹੀ ਪੁਲਿਸ ਦੇ ਬੈਂਡ ਨੇ ਭਾਗ ਲਿਆ।ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਵਲੋਂ ਖੇਡਾਂ ਦਾ ਰਸਮੀ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ।
ਜੁਡੋ ‘ਚ ਕੌਮੀ ਪੱਧਰ ਤੇ ਚਾਂਦੀ ਦਾ ਤਮਗਾ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ ਨੇ ਸਮੂਹ ਖਿਡਾਰੀਆਂ ਨੂੰ ਸਹੁੰ ਚੁਕਾਈ, ਜੂਡੋ ਵਿਚ ਕੌਮੀ ਪੱਧਰ ’ਤੇ ਤਗਮੇ ਜਿੱਤਣ ਵਾਲੀ ਜੀਵਨਜੋਤ ਕੌਰ, ਤਿੰਨ ਵਾਰ ਕੌਮੀ ਪੱਧਰ ‘ਤੇ ਐਥਲੈਟਿਕਸ ਵਿਚ ਤਮਗੇ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ, ਚਾਰ ਵਾਰ ਕੌਮੀ ਗੇਮਾਂ ਵਿੱਚ ਭਾਗ ਲੈਣ ਵਾਲੀ ਫੁੱਟਬਾਲ ਦੀ ਖਿਡਾਰਨ ਅਮ੍ਰਿਤਪਾਲ ਕੌਰ ਅਤੇ ਸਕੂਲ ਕੌਮੀ ਤਮਗਾ ਜੇਤੂ ਅਤੇ ਬਾਕਸਿੰਗ ਵਿੱਚ ਜੂਨੀਅਰ ਨੈਸ਼ਨਲ ਵਿੱਚ ਭਾਗ ਲੈਣ ਵਾਲੀ ਖਿਡਾਰਨ ਇਕਬਾਲ ਕੌਰ ਨੇ ਮਸ਼ਾਲ ਜਗਾਉਣ ਦੀ ਰਸਮ ਅਦਾ ਕੀਤੀ।ਇਸੇ ਤਰਾਂ ਸਾਰੇ ਜ਼ਿਲ੍ਹਿਆਂ ਦੀ ਮਾਰਚ ਪਾਸਟ ਦੀ ਸਕੂਲ ਕੌਮੀ ਖੇਡਾਂ ਵਿਚ ਬਾਸਕਿਟਬਾਲ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਖਿਡਾਰਨ ਪ੍ਰਭਦੀਪ ਕੌਰ ਨੇ ਅਗਵਾਈ ਕੀਤੀ।ਸਾਰੇ ਖਿਡਾਰੀਆਂ ਵਲੋਂ ਖੇਡਾਂ ਨੂੰ ਸੁਚੱਜੇ ਤਰੀਕੇ ਨਾਲ ਖੇਡਣ ਅਤੇ ਨੇਪਰੇ ਚਾੜ੍ਹਨ ਸਬੰਧੀ ਸਹੁੰ ਚੁੱਕੀ ਗਈ।ਨਾਮਵਰ ਪੰਜਾਬੀ ਗਾਇਕ ਰਣਜੀਤ ਬਾਵਾ ਦੀ ਕਲਾ ਦਾ ਸਰੋਤਿਆਂ ਵੱਲੋਂ ਆਨੰਦ ਮਾਣਿਆ ਗਿਆ।
ਇਸ ਮੌਕੇ ਸੀਨੀਅਰ ਕਾਂਗਰਸੀ ਲੀਡਰ ਅਜੀਤ ਇੰਦਰ ਸਿੰਘ ਮੋਫ਼ਰ, ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ ਬੁਢਲਾਡਾ ਆਦਿਤਯ ਡੇਚਲਵਾਲ, ਐਸ.ਡੀ.ਐਮ ਸਰਦੂਲਗੜ੍ਹ ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …