550 ਕੱਪੜੇ ਦੇ ਥੈਲੇ ਅਤੇ 550 ਪੌਦੇ ਲੋਕਾਂ ਨੂੰ ਕੀਤੇ ਗਏ ਅਰਪਣ
ਭੀਖੀ/ਮਾਨਸਾ, 22 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਅਤੇ ਹਰਿਆ ਭਰਿਆ ਬਣਾਉਣ ਲਈ ਸਥਾਨਕ ਸੈਂਟਰਲ ਪਾਰਕ ਵਿਖੇ ਸ੍ਰੀ ਗੁੂਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਵਾਇਤੀ ਥੈਲੇ ਅਤੇ ਪੌਦੇ ਵੰਡਣ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ।ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਕੈਂਪ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਨੇ ਪਾਰਕ ਵਿਚ ਪੌਦਾ ਲਗਾ ਕੇ ਕੀਤੀ।ਉਨ੍ਹਾਂ ਕਿਹਾ ਕਿ 550 ਰਵਾਇਤੀ ਥੈਲੇ ਅਤੇ 550 ਪੌਦੇ ਵੰਡਣ ਲਈ ਲਗਾਏ ਇਸ ਕੈਂਪ ਦੌਰਾਨ ਜਿੰਨ੍ਹਾਂ ਲੋਕਾਂ ਨੂੰ ਇਹ ਥੈਲੇ ਵੰਡੇ ਜਾ ਰਹੇ ਹਨ, ਉਹ ਇਸ ਦੀ ਵਰਤੋਂ ਕਰਦੇ ਹੋਏ ਪਲਾਸਟਿਕ ਮੁਕਤ ਸਮਾਜ ਬਣਾਉਣ ਵਿਚ ਯੋਗਦਾਨ ਪਾਉਣ।ਉਨ੍ਹਾਂ ਨਾਲ ਹੀ ਕਿਹਾ ਕਿ ਵਾਤਾਰਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਜ਼ਿਲ੍ਹੇ ਨੂੰ ਹਰਿਆ ਭਰਿਆ ਅਤੇ ਪਲਾਸਟਿਕ ਮੁਕਤ ਕੀਤਾ ਜਾ ਸਕੇ।
ਕੈਂਪ ਦੌਰਾਨ ਝੋਲਿਆਂ ਵਾਲੇ ਬਾਬੇ ਦੇ ਨਾਮ ਨਾਲ ਜਾਣੇ ਜਾਂਦੇ ਦਫ਼ਤਰ ਡਿਪਟੀ ਕਮਿਸ਼ਨਰ ਮਾਨਸਾ ਦੇ ਕਰਮਚਾਰੀ ਗੁਰਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਚਰਨਜੀਤ ਕੌਰ ਵਲੋਂ ਕੱਪੜੇ ਦੇ ਬਣੇ ਥੈਲੇ ਅਤੇ ਪੌਦੇ ਵੰਡੇ ਗਏ।ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਇਹ 550 ਥੈਲੇ ਸਰਕਾਰੀ ਆਈ.ਟੀ.ਆਈ ਮਾਨਸਾ ਦੇ ਸਿਖਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਹਨ ਅਤੇ ਥੈਲੇ ਬਣਾਉਣ ਲਈ ਲੱਗੇ ਕੱਪੜੇ ਲਈ ਰੈਮੰਡ ਸ਼ੋਅਰੂਮ ਅਤੇ ਕਾਕਾ ਕਲਾਥ ਹਾਊਸ ਮਾਨਸਾ ਨੇ ਸਹਿਯੋਗ ਕੀਤਾ ਹੈ।ਉਨਾਂ ਨੇ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਹਰਵਿੰਦਰ ਕੁਮਾਰ ਭਾਰਦਵਾਜ ਅਤੇ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ ਭੈਣੀ ਬਾਘਾ ਲਖਵਿੰਦਰ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਡਿਪਟੀ ਕਮਿਸ਼ਨਰ ਵਲੋਂ 550 ਕੱਪੜੇ ਦੇ ਥੈਲੇ ਤਿਆਰ ਕਰਨ ਵਾਲੀਆਂ ਸਰਕਾਰੀ ਆਈ.ਟੀ.ਆਈ ਦੀਆਂ 15 ਸਿਖਿਆਰਥਣਾਂ ਅਤੇ ਟਰੇਨਰ ਸ੍ਰੀਮਤੀ ਕੁਲਵਿੰਦਰ ਕੌਰ ਨੂੰ ਸਨਮਾਨ ਪੱਤਰ ਭੇਂਟ ਕੀਤੇ ਗਏ।