ਲੜਕੀਆਂ ਕਿਸੇ ਵੀ ਪੱਖੋਂ ਲੜਕਿਆਂ ਤੋਂ ਪਿਛੇ ਨਹੀਂ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਜਿਲ੍ਹਾ ਪ੍ਰਸਾਸ਼ਨ ਵੱਲੋਂ 251 ਨਵਜੰਮੀਆਂ ਲੜਕੀਆਂ ਦੀ ਲੋਹੜੀ ਮਨਾਈ ਗਈ।ਸਮਾਗਮ ਵਿੱਚ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਭੁੱਗਾ ਬਾਲ ਕੇ ਲੜਕੀਆਂ ਦੀ ਲੋਹੜੀ ਮਨਾਈ ਗਈ।ਇਸ ਦੌਰਾਨ ਢਿਲੋਂ ਨਵਜੰਮੀਆਂ ਲੜਕੀਆਂ ਨੂੰ ਜਨਮ ਸਰਟੀਫੀਕੇਟ ਅਤੇ ਉਨ੍ਹਾਂ ਦੀਆਂ ਮਾਤਾਵਾਂ/ਕੇਅਰ ਟੇਕਰਾਂ ਨੂੰ ਸ਼ਾਲ ਅਤੇ ਹੋਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਹਰ ਥਾਂ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹਨ ਕਿਸੇ ਤੋਂ ਵੀ ਘੱਟ ਨਹੀਂ ਹਨ।ਉਨ੍ਹਾਂ ਕਿਹਾ ਕਿ ਉਹ ਖੇਤਰ ਚਾਹੇ ਸਿਖਿਆ, ਖੇਡਾਂ ਜਾਂ ਸਮਾਜਿਕ ਗਤੀਵਿਧੀਆਂ ਦਾ ਹੋਵੇ, ਲੜਕੀਆਂ ਹਰ ਖੇਤਰ ਵਿੱਚ ਮੋਹਰੀ ਹਨ। ਢਿਲੋਂ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਵੀ ਵਧੇਰੇ ਵਿਭਾਗ ਅਜਿਹੇ ਹਨ ਜਿੰਨਾਂ ਜਿਥੇ ਜਿਆਦਾ ਲੜਕੀਆਂ ਸਿਖਿਆ ਗ੍ਰਹਿਣ ਕਰ ਰਹੀਆਂ ਹਨ ਅਤੇ ਪੜ੍ਹਾਈ ਵਿੱਚ ਵੀ ਕਾਫੀ ਅੱਗੇ ਜਾ ਰਹੀਆਂ ਹਨ।
ਢਿਲੋਂ ਨੇ ਕਿਹਾ ਕਿ ਅੱਜ ਲੋੜ ਹੈ ਲੜਕਿਆਂ ਨੂੰ ਸਮਝਾਉਣ ਦੀ ਅਤੇ ਜੇਕਰ ਤੁਹਾਡਾ ਲੜਕਾ ਗਲਤ ਹੈ ਤਾਂ ਉਸ ਨੂੰ ਘਰ ਵਿੱਚ ਡੱਕੋ ਨਾ ਕੇ ਲੜਕੀਆਂ ਨੂੰ।ਉਨ੍ਹਾਂ ਕਿਹਾ ਕਿ ਅੱਜ ਦੇ ਮਾਪੇ ਆਪਣੇ ਜਿੰਮੇਵਾਰੀ ਤੋਂ ਕੁਤਾਹੀ ਵਰਤ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀ ਜਿੰਮੇਵਾਰੀ ਸਮਝ ਕੇ ਲੜਕਿਆਂ ਨੂੰ ਚੰਗਾ ਨਾਗਰਿਕ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਲੜਕਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਉਹ ਧੀਆਂ, ਭੈਣਾ ਦਾ ਮਾਣ ਸਤਿਕਾਰ ਕਰਨ।ਢਿਲੋਂ ਨੇ ਕਿਹਾ ਕਿ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ ਕਿ ਅੰਮ੍ਰਿਤਸਰ ਵਿੱਚ ਸੈਕਸ ਰੈਸ਼ੋ 889 ਹੈ ਜੋ ਕਿ ਸਾਡੀ ਲਈ ਇਕ ਸਵਾਲੀਆ ਚਿੰਨ ਹੈ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਅਸੀਂ ਭਰੂਣ ਹੱਤਿਆ ਕਰ ਰਹੇ ਹਾਂ ਜੋ ਕਿ ਇਕ ਘਿਨੌਣਾ ਅਪਰਾਧ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ: ਭਾਰਤੀ ਨੇ ਹਾਜ਼ਰ ਮਾਵਾਂ ਨੂੰ ਚੰਗੀ ਖੁਰਾਕ ਅਤੇ ਚੰਗੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।ਉਨ੍ਹਾਂ ਕਿਹਾ ਕਿ ਨਵਜੰਮੇ ਬੱਚੇ ਦਾ 14 ਹਫਤਿਆਂ ਤੱਕ ਟੀਕਾਕਰਨ ਜਰੂਰ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਮਾਤਾ ਕੁਸ਼ੱਲਿਆ ਕਲਿਆਣ ਸਕੀਮ ਯੋਜਨਾ ਦੌਰਾਨ ਹਰੇਕ ਮਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬੱਚੇ ਨੂੰ ਜਨਮ ਦੇਣ ਸਮੇਂ 1000 ਰੁਪਏ ਦਿੱਤੇ ਜਾਂਦੇ ਹਨ।ਕਾਲਜ ਦੀ ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਜੋ 251 ਨਵਜੰਮੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਸਭ ਨੂੰ ਇਸ ਕਾਲਜ ਵਿੱਚ ਦਾਖਲਾ ਲੈਣ ਸਮੇਂ ਫੀਸਾਂ ਵਿੱਚ ਰਿਆਇਤ ਦਿੱਤੀ ਜਾਵੇਗੀ।ਆਂਗਨਵਾੜੀ ਵਰਕਰਾਂ ਵੱਲੋਂ ਬਹੁਤ ਵਧੀਆ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।
ਇਸ ਸਮਗਾਮ ਵਿੱਚ ਉਪ ਜਿਲ੍ਹਾ ਸਿਖਿਆ ਅਫਸਰ ਰਾਜੇਸ਼ ਕੁਮਾਰ, ਸ੍ਰੀਮਤੀ ਰੇਖਾ ਮਹਾਜਨ, ਡਾ: ਰੁਬਿੰਦਰ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ, ਸੀ.ਡੀ.ਪੀ.ਓ ਸ੍ਰੀਮਤੀ ਕੁਲਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।