ਮੁੱਖ ਮੰਤਰੀ ਅਮਰਿੰਦਰ ਦੀ ਪਹਿਲਕਦਮੀ ਸਦਕਾ ਪੰਜਾਬ ਵਾਪਸ ਆਉਣਗੇ ਸ਼ਰਧਾਲੂ – ਚੇਅਰਮੈਨ ਸ਼ਰਮਾ
ਪਟਿਆਲਾ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾਵਾਇਰਸ ਕਰਕੇ ਮਹਾਰਾਸ਼ਟਰ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਲੰਮੇ ਸਮੇਂ ਤੋਂ ਰੁਕੇ ਹੋਏ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਉਪਰਾਲੇ ਸਦਕਾ ਅੱਜ ਪੀ.ਆਰ.ਟੀ.ਸੀ ਦੀਆਂ 32 ਵੌਲਵੋ ਸਕੈਨੀਆ ਅਤੇ ਐਚ.ਵੀ.ਏ.ਸੀ ਬੱਸਾਂ ਦੇ ਕਾਫ਼ਲੇ ਨੂੰ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਕੀਤਾ ਗਿਆ।ਇਨ੍ਹਾਂ ਬੱਸਾਂ ਵਿਚੋਂ 7 ਵੌਲਵੋ ਬੱਸਾਂ ਨੂੰ ਪਟਿਆਲਾ ਦੇ ਬੱਸ ਸਟੈਂਡ ਤੋਂ ਰਵਾਨਾਂ ਕਰਨ ਦੀ ਰਸਮ ਪੀ.ਆਰ.ਟੀ.ਸੀ ਦੇ ਚੇਅਰਮੈਨ ਕੇ.ਕੇ ਸ਼ਰਮਾ ਨੇ ਨਿਭਾਈ।
ਕੇ.ਕੇ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਵਿਆਪੀ ਲਾਕਡਾਊਨ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਮਹਾਰਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਕੈਬਨਿਟ ਮੰਤਰੀ ਅਸ਼ੋਕ ਚੌਹਾਨ ਨਾਲ ਗੱਲਬਾਤ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ। ਉਨਾਂ ਕਿਹਾ ਕਿ ਬੱਸਾਂ ਵਿੱਚ ਪੀ.ਆਰ.ਟੀ.ਸੀ ਦੇ ਪਟਿਆਲਾ ਡਿਪੂ ਸਮੇਤ ਚੰਡੀਗੜ੍ਹ, ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਡਿਪੂ ਦੀਆਂ 32 ਬੱਸਾਂ ਸ਼ਾਮਲ ਹਨ, ਜਿਨ੍ਹਾਂ `ਚ 15 ਵੌਲਵੋ ਏ.ਸੀ ਅਤੇ 17 ਐਚ.ਵੀ.ਏ.ਸੀ ਬੱਸਾਂ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆਉਣਗੀਆ ਅਤੇ ਇਹ ਬੱਸਾਂ ਸਾਰੀਆਂ ਇਕੱਠੀਆਂ ਕਰਕੇ ਬਠਿੰਡਾ ਤੋਂ ਅੱਗੇ ਰਵਾਨਾ ਹੋਣਗੀਆਂ।
ਉਨਾਂ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਪਹਿਲਾਂ ਅੰਦਰੋਂ ਤੇ ਬਾਹਰੋਂ ਸੈਨੇਟਾਈਜ ਕੀਤਾ ਗਿਆ ਹੈ ਅਤੇ ਡਰਾਇਵਰਾਂ ਕੰਡਕਟਰਾਂ ਸਮੇਤ ਦੋ ਸਬ ਇੰਸਪੈਕਟਰਾਂ ਅਮਨਦੀਪ ਸਿੰਘ ਤੇ ਸੁਰਿੰਦਰ ਸਿੰਘ ਤੁਲੀ ਨੂੰ ਵੀ ਵਾਧੂ ਮਾਸਕ, ਸੈਨੇਟਾਈਜ਼ਰ ਤੇ ਦਸਤਾਨੇ ਸਮੇਤ ਦਵਾਈਆਂ, ਖਾਣ-ਪੀਣ ਦੀਆਂ ਵਸਤਾਂ ਆਦਿ ਦੇ ਕੇ ਨਾਲ ਨਿਗਰਾਨੀ ਲਈ ਭੇਜਿਆ ਹੈ।ਸਰਕਾਰ ਨੇ ਇਨ੍ਹਾਂ ਬੱਸਾਂ ਦੇ ਖ਼ਰਚੇ ਵਜੋਂ ਲੋੜੀਂਦੀ ਰਾਸ਼ੀ ਅਦਾਰੇ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਮਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਦਿੱਤੀ ਜਾਵੇਗੀ।ਇਸ ਮੌਕੇ ਕਾਂਗਰਸ ਐਸ.ਸੀ ਸੈਲ ਦੇ ਚੇਅਰਮੈਨ ਸੋਨੂੰ ਸੰਗਰ, ਪਟਿਆਲਾ ਡਿਪੂ ਦੇ ਜੀ.ਐਮ ਇੰਜ. ਜਤਿੰਦਰਪਾਲ ਸਿੰਘ ਗਰੇਵਾਲ ਅਤੇ ਚੰਡੀਗੜ੍ਹ ਡਿਪੂ ਦੇ ਜੀ.ਐਮ ਮਨਿੰਦਰਪਾਲ ਸਿੰਘ ਸਿੱਧੂ, ਡੀ.ਆਈ ਜਤਿੰਦਰ ਜੋਸ਼ੀ, ਇੰਸਪੈਕਟਰ ਕਰਮ ਚੰਦ, ਸਬ ਇੰਸਪੈਕਟਰ ਜਸਪਾਲ ਸਿੰਘ, ਵਿਜੇ ਕੁਮਾਰ, ਅਮਨਦੀਪ ਸਿੰਘ, ਉਪਰੇਸ਼ਨ ਸ਼ਾਖਾ ਰਾਜਦੀਪ ਸਿੰਘ ਆਦਿ ਮੌਜੂਦ ਸਨ।