Monday, December 23, 2024

ਮਹਿਤਾ ਵਿਖੇ 36ਵਾਂ ਮਹਾਨ ਸ਼ਹੀਦੀ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਦਮਦਮੀ ਟਕਸਾਲ ਕੌਮ ਦੀ ਚੜ੍ਹਦੀ ਕਲਾ ਲਈ ਮੋਹਰੀ ਰੋਲ ਅਦਾ ਕਰਦੀ ਆਈ ਹੈ – ਗਿ. ਜਗਤਾਰ ਸਿੰਘ

ਮਹਿਤਾ ਚੌਕ, 6 ਜੂਨ (ਪੰਜਾਬ ਪੋਸਟ ਬਿਊਰੋ) – ਜੂਨ ‘84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ  ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਪਾਵਨ ਯਾਦ ਨੂੰ ਸਮਰਪਿਤ 36ਵਾਂ ਮਹਾਨ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਦੇ ਹੈਡ ਕੁਆਰਟਰ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ‘ਚ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
          ਦਮਦਮੀ ਟਕਸਾਲ ਦੇ ਮੁਖੀ ਵੱਲੋਂ ਲਾਕਡਾਊਨ ਦੇ ਕਾਰਨ ਸੰਗਤ ਨੂੰ ਘਰਾਂ ਵਿਚ ਰਹਿ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਕੀਤੀ ਗਈ ਅਪੀਲ ਦੇ ਬਾਵਜ਼ੂਦ ਸਿੱਖ ਸੰਗਤਾਂ ਨੇ ਪੂਰੇ ਜ਼ਾਬਤੇ ‘ਚ ਰਹਿੰਦਿਆਂ ਸ਼ਹੀਦੀ ਹਫ਼ਤੇ ਦੇ ਸਮਾਗਮਾਂ ਵਿੱਚ ਭਾਰੀ ਗਿਣਤੀ ‘ਚ ਹਾਜ਼ਰੀਆਂ ਭਰੀਆਂ ਅਤੇ ਅੱਜ ਵੀ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਨੇ ਆਪ ਮੁਹਾਰੇ ਸ਼ਹੀਦੀ ਸਮਾਗਮ ਵਿੱਚ ਪਹੁੰਚ ਕੇ ਹਾਜਰੀਆਂ ਭਰੀਆਂ।
            ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਪੰਥ ਨੂੰ ਇਕ ਲੜੀ ‘ਚ ਪਰੋਣ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਕੌਮ ਦੀ ਚੜ੍ਹਦੀ ਕਲਾ ਲਈ ਮੋਹਰੀ ਰੋਲ ਅਦਾ ਕਰਦੀ ਆਈ ਹੈ।ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਕੌਮ ਦੀ ਅਣਖ ਤੇ ਸ਼ਾਨ ਲਈ ਲੜਾਈ ਲਈ ਅਤੇ ਆਪਣੀ ਕੁਰਬਾਨੀ ਦੇ ਕੇ ਸੁੱਤੀ ਕੌਮ ਨੂੰ ਜਗਾਇਆ।
               ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਮੁਖਵਾਕ ਦੀ ਕਥਾ ਦੌਰਾਨ ਮਹਾਂਬਲੀ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।ਉਨ੍ਹਾਂ ਜੂਨ ‘੮੪ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਸਿੱਖ ਕੌਮ ਦੀ ਆਨ ਸ਼ਾਨ ਤੇ ਗੁਰਧਾਮਾਂ ਦੀ ਰਾਖੀ ਲਈ ਆਪਾ ਵਾਰ ਗਏ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਥੇਦਾਰ ਬਾਬਾ ਠਾਹਰਾ ਸਿੰਘ, ਜਨਰਲ ਭਾਈ ਸੁਬੇਗ ਸਿੰਘ ਆਦਿ ਦੇ ਪਰਉਪਕਾਰਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਉਚ ਅਵਸਥਾ, ਧਾਰਮਿਕ ਪ੍ਰਾਪਤੀਆਂ ਅਤੇ ਕੁਰਬਾਨੀਆਂ ਵਾਲੇ ਜੀਵਨ ਸੰਘਰਸ਼ ‘ਤੇ ਰੌਸ਼ਨੀ ਪਾਈ।ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਅਜਿਹਾ ਲਾਸਾਨੀ ਇਤਿਹਾਸ ਸਿਰਜ਼ਿਆ ਜਿਸ ‘ਤੇ ਆਉਣ ਵਾਲੀਆਂ ਪੀੜੀਆਂ ਸਦਾ ਮਾਣ ਕਰਨਗੀਆਂ।
                ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਤਰਫ਼ੋਂ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖ਼ਾਲਸਾ ਪੰਥ ਦੇ ਵਡੇ ਕਾਰਜ਼ ਅਤੇ ਵੱਡੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਅ ਰਹੇ ਹਨ।ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਆਪਣੀ ਖੂਨ ਨਾਲ ਕੌਮ ਦੀ ਰੂਹ ਨੂੰ ਸਿੰਜ਼ਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਕੇ ਨੇ ਕਿਹਾ ਕਿ ਦਮਦਮੀ ਟਕਸਾਲ ਗੁਰਬਾਣੀ ਪ੍ਰਚਾਰ ਪ੍ਰਸਾਰ, ਸ਼ਹਾਦਤਾਂ ਅਤੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਵਰਗੇ ਹਰ ਖੇਤਰ ‘ਚ ਟਕਸਾਲ ਅਗੇ ਰਹੀ ਹੈ।ਉਨ੍ਹਾਂ ਸਮੁੱਚੀ ਕੌਮ ਨੂੰ ਇਕ ਪਲੇਟਫਾਰਮ ‘ਤੇ ਇਕੱਤਰ ਹੋਣ ਦਾ ਹੋਕਾ ਦਿਤਾ।
            ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਨੇ ਸਿੱਖੀ ਬਾਣੇ ‘ਚ ਸਿੱਖੀ ਸਿਧਾਂਤਾਂ, ਬਾਣੀ ਅਤੇ ਬਾਣੇ ਨੂੰ ਨਿਸ਼ਾਨਾ ਬਣਾ ਰਹੇ ਬਹੁਰੂਪੀਏ ਪ੍ਰਚਾਰਕਾਂ ਪ੍ਰਤੀ ਸੁਚੇਤ ਅਤੇ ਸਾਵਧਾਨ ਰਹਿਣ ਲਈ ਕੌਮ ਨੂੰ ਅਪੀਲ ਕੀਤੀ।
             ਨਾਮਵਰ ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਮੁੰਡਾ ਪਿਡ ਨੇ ਕਿਹਾ ਕਿ ‘84 ਦਾ ਹਮਲਾ ਹਕੂਮਤ ਵੱਲੋਂ ਸਿੱਖਾਂ ਦਾ ਖੁਰਾ-ਖੋਜ਼ ਮਿਟਾਉਣ ਦੀ ਕਾਰਵਾਈ ਸੀ।ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਬਰਾਬਰ ਹੱਕਾਂ ਦੀ ਗੱਲ ਕੀਤੀ ਸੀ।ਅਸੀਂ ਬਰਾਬਰ ਸ਼ਹਿਰੀ ਵਾਲਾ ਰੁਤਬਾ ਚਾਹੁੰਦੇ ਹਾਂ।ਇਸ ਮੌਕੇ ਆਏ ਮਹਿਮਾਨਾਂ, ਸੰਤਾਂ ਮਹਾਂਪੁਰਸ਼ਾਂ ਅਤੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।
               ਇਸ ਮੌਕੇ ਭਾਈ ਈਸ਼ਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਅਮਰਜੀਤ ਸਿੰਘ (ਦੋਵੇਂ ਗ੍ਰੰਥੀ ਸ੍ਰੀ ਦਰਬਾਰ ਸਾਹਿਬ), ਭਾਈ ਸੁਲਤਾਨ ਸਿੰਘ ਅਰਦਾਸੀਆ, ਭਾਈ ਰਾਜਦੀਪ ਸਿੰਘ ਅਰਦਾਸੀਆ, ਭਾਈ ਰਜਿੰਦਰ ਸਿੰਘ ਮਹਿਤਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਰਾਮ ਸਿੰਘ, ਭਾਈ ਕੁਲਦੀਪ ਸਿੰਘ ਰੋਡੇ, ਗਿਆਨੀ ਹਰਮਿਤਰ ਸਿੰਘ ਕਥਾਵਾਚਕ ਮੰਜੀ ਸਾਹਿਬ, ਭਾਈ ਜਗਤਾਰ ਸਿੰਘ ਰੋਡਾ, ਐਕਸੀਅਨ ਜਤਿੰਦਰ ਸਿੰਘ ਭੰਗੂ, ਭਾਈ ਬਾਬਾ ਪ੍ਰਦੀਪ ਸਿੰਘ ਬੋਰੇਵਾਲੇ, ਅਮਰਬੀਰ ਸਿੰਘ ਢੋਟ ਪ੍ਰਧਾਨ ਫੈਡਰੇਸ਼ਨ, ਬਾਬਾ ਸੱਜਨ ਸਿੰਘ ਗੁਰੂ ਕੇ ਬੇਰ, ਬਾਬਾ ਗੁਰਭੇਜ ਸਿੰਘ ਖਜਾਲਾ, ਬਾਬਾ ਗੁਰਦੀਪ ਸਿੰਘ ਖਜਾਲਾ, ਬਾਬਾ ਦਿਲਬਾਗ ਸਿੰਘ ਆਰਫਕੇ, ਗਗਨਦੀਪ ਸਿੰਘ, ਬਾਬਾ ਲੱਖਾ ਸਿੰਘ ਰਾਮ ਥੰਮਨ, ਬਾਬਾ ਜੱਜ ਸਿੰਘ ਜਲਾਲਾਬਾਦ, ਭਾਈ ਪੂਰਨ ਸਿੰਘ ਜਲਾਲਾਬਾਦ, ਭਾਈ ਗੁਰਦੀਪ ਸਿੰਘ ਕੋਟਲੀ, ਭਾਈ ਕਰਮਜੀਤ ਸਿੰਘ ਡਿਪਟੀ, ਭਾਈ ਮਨਦੀਪ ਸਿੰਘ ਜੌਹਲ, ਭਾਈ ਹਰਨਾਮ ਸਿੰਘ ਜਲੰਧਰ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ, ਗਿਆਨੀ ਜੀਵਾ ਸਿੰਘ, ਬਾਬਾ ਅਜੀਤ ਸਿੰਘ ਮਹਿਤਾ, ਜਥੇ: ਸੁਖਦੇਵ ਸਿੰਘ ਅਨੰਦਪੁਰ, ਭਾਈ ਸੁਖਜੀਤ ਸਿੰਘ ਢਪਈ, ਕੁਲਵਿੰਦਰ ਸਿੰਘ ਢੋਟ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …