Monday, December 23, 2024

ਪਾਕਿਸਤਾਨ ’ਚ ਸਿੱਖ ਸ਼ਰਧਾਲੂਆਂ ਦੀ ਗੱਡੀ ਹਾਦਸਾ ਗ੍ਰਸਤ ਹੋਣ ’ਤੇ ਲੌਂਗੋਵਾਲ ਵੱਲੋਂ ਦੁੱਖ ਪ੍ਰਗਟ

ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ, ਜ਼ਖ਼ਮੀਆਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਦਰਸ਼ਨ ਕਰਕੇ ਪਰਤ ਰਹੀਆਂ ਸਿੱਖ ਸੰਗਤਾਂ ਦੀ ਗੱਡੀ ਹਾਦਸਾ ਗ੍ਰਸਤ ਹੋਣ ਨਾਲ ਦੋ ਦਰਜਨ ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
            ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਮਾਨਵ ਰਹਿਤ ਫਾਟਕ ’ਤੇ ਇਹ ਹਾਦਸਾ ਵਾਪਰਿਆ ਹੈ।ਇਹ ਇੱਕ ਵੱਡੀ ਅਣਗਹਿਲੀ ਕਾਰਨ ਹੋਇਆ ਹੈ, ਜਿਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਲੌਂਗੋਵਾਲ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਦਾ ਜਾਨੀ ਨੁਕਸਾਨ ਹੋਣਾ ਬੇਹੱਦ ਦੁਖਦਾਈ ਹੈ, ਜਿਸ ’ਤੇ ਸ਼੍ਰੋਮਣੀ ਕਮੇਟੀ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਭੇਟ ਕਰਦੀ ਹੈ।ਕਮੇਟੀ ਪ੍ਰਧਾਨ ਲੌਂਗੋਵਾਲ ਨੇ ਚਲਾਣਾ ਕਰ ਗਏ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ। ਸ਼ਰਧਾਲੂਆਂ ਦੀ ਹਾਦਸੇ ਦੌਰਾਨ ਹੋਈ ਮੌਤ ’ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਦੁੱਖ ਪ੍ਰਗਟਾਇਆ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …