ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਬਾਗ ਲਗਾਉਣ ਲਈ ਹੋਈ ਸਰਗਰਮ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਨੇ ਇਤਿਹਾਸਕ ਗੁਰਦੁਆਰਿਆਂ ਨਜ਼ਦੀਕ ਜੰਗਲ ਸਥਾਪਤ ਕਰਨ ਦੇ ਕਾਰਜ ਨੂੰ ਸਰਗਰਮੀ ਨਾਲ ਆਰੰਭ ਦਿੱਤਾ ਹੈ।ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਨੇ ਇਸ ਸਬੰਧ ਵਿਚ ਫੈਸਲਾ ਲਿਆ ਸੀ। ਇਸ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਇੱਕ-ਇੱਕ ਏਕੜ ਦੇ ਰਵਾਇਤੀ ਬਾਗ ਲਗਾਏ ਜਾਣੇ ਹਨ।
ਜ਼ਿਕਰਯੋਗ ਹੈ ਕਿ ਗੁਰਦੁਆਰਿਆਂ ਦੀ ਜ਼ਮੀਨ ਵਿਚ ਇਹ ਜੰਗਲ ਲਗਾਉਣ ਲਈ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।ਬੀਤੇ ਦਿਨੀਂ ਇਸ ਦੀ ਸ਼ੁਰੂਆਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਅਤੇ ਗੁਰਦੁਆਰਾ ਬੀਰ ਸਿੰਘ ਰੱਤੋਕੇ (ਤਰਨ ਤਾਰਨ) ਤੋਂ ਕੀਤੀ ਗਈ ਸੀ।ਅਗਲੇ ਪੜਾਅ ਤਹਿਤ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਓਠੀਆਂ (ਬਟਾਲਾ) ਵਿਖੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਜੰਗਲ ਦੀ ਸਥਾਪਨਾ ਦਾ ਕਾਰਜ ਆਰੰਭਿਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਖੁਦ ਅਰਦਾਸ ਕੀਤੀ, ਜਿਸ ਉਪਰੰਤ ਵੱਖ-ਵੱਖ ਕਿਸਮਾਂ ਦੇ 2500 ਦੇ ਕਰੀਬ ਬੂਟੇ ਲਗਾਏ ਗਏ।ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਜੰਗਲਾਂ ਦੇ ਵੱਧਣ ਫੁੱਲਣ ਨਾਲ ਵਾਤਾਵਰਨ ਵਿਚ ਸ਼ੁੱਧਤਾ ਅਤੇ ਤਾਜ਼ਗੀ ਆਵੇਗੀ। ਇਸ ਤੋਂ ਇਲਾਵਾ ਪੰਛੀਆਂ ਨੂੰ ਵੀ ਆਪਣਾ ਵਸੇਬਾ ਕਰਨ ਲਈ ਬਿਹਤਰ ਮਾਹੌਲ ਮਿਲ ਸਕੇਗਾ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸੰਗਤ ਲਈ ਪ੍ਰੇਰਣਾ ਸਰੋਤ ਹਨ, ਇਥੋਂ ਕੋਈ ਵੀ ਸੁਨੇਹਾ ਸੰਗਤ ਲਈ ਵੱਡਾ ਮਹੱਤਵ ਰੱਖਦਾ ਹੈ।ਉਨ੍ਹਾਂ ਦੱਸਿਆ ਕਿ 50 ਦੇ ਕਰੀਬ ਕਿਸਮਾਂ ਦੇ ਬੂਟੇ ਇਨ੍ਹਾਂ ਜੰਗਲਾਂ ਦਾ ਸ਼ਿੰਗਾਰ ਬਣਨਗੇ। ਇਨ੍ਹਾਂ ਕਿਸਮਾਂ ਵਿਚ ਪਿੱਪਲ, ਬੋਹੜ, ਨਿੰਮ, ਹਰੜ, ਬਹੇੜਾ, ਆਵਲਾ, ਜੰਡ, ਟਾਹਲੀ, ਕਿੱਕਰ ਦੇਸੀ, ਅਰਜਨ, ਗੁੱਲੜ੍ਹ, ਧਰੇਕ, ਬਕੈਣ, ਸ਼ਰੀਹ, ਪੁਤਰਨਜੀਵਾ, ਝਿਰਮਿਲ, ਸੁਖਚੈ, ਸਾਗਵਾਨ, ਢੱਕ, ਅਮਲਤਾਸ, ਪਹਾੜੀ ਕਿੱਕਰ, ਬਾਂਸ, ਚੱਕਰਾਸੀਆਂ, ਤੁਣ, ਅੰਬ, ਜਾਮੁਨ, ਅਮਰੂਦ, ਆੜੂ, ਕਟਹਲ, ਲਾਸੂੜਾ, ਬਿਲ ਪੱਤਰ, ਅੰਜ਼ੀਰ, ਦੇਸੀ ਬੇਰੀ, ਢੇਊ, ਅਨਾਰ, ਸ਼ਹਿਤੂਤ, ਚੰਦਨ, ਕੜੀ ਪੱਤਾ, ਕਣਕ ਚੰਪਾ, ਚਾਂਦਨੀ, ਸਾਉਣੀ, ਮਰੂਆ, ਹਾਰ ਸ਼ਿੰਗਾਰ, ਰਾਤ ਦੀ ਰਾਣੀ, ਜਟਰੋਫਾ, ਕਨੇਟ, ਸੁਹੰਜਣਾ, ਹਰਵਿਸਕਸ ਆਦਿ ਬੂਟੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੱਜਣ ਸਿੰਘ ਬੱਜੂਮਾਨ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਰਤਨ ਸਿੰਘ ਜੱਫਰਵਾਲ, ਸਾਬਕਾ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ, ਗੁਰਦੁਆਰਾ ਸਾਹਿਬ ਓਠੀਆਂ ਦੇ ਮੈਨੇਜਰ ਮਨਜੀਤ ਸਿੰਘ, ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਗੁਰਪਿੰਦਰਪਾਲ ਸਿੰਘ ਭਾਟੀਆ, ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਲਾਲੀ, ਐਡਵੋਕੇਟ ਰਜਿੰਦਰ ਸਿੰਘ ਪਦਮ, ਕੁਲਵੰਤ ਸਿੰਘ ਕੌਸਲਰ, ਸੰਦੀਪ ਸਿੰਘ ਰੰਧਾਵਾ, ਰੁਪਿੰਦਰ ਸਿੰਘ ਸ਼ਾਮਪੁਰਾ, ਸੂਬਾ ਸਿੰਘ ਸਰਪੰਚ, ਗਿਆਨੀ ਹਰਬੰਸ ਸਿੰਘ ਹੰਸਪਾਲ, ਅਮਰੀਕ ਸਿੰਘ ਬਾਲੇਵਾਲ, ਗੁਰਸ਼ਰਨ ਸਿੰਘ ਪ੍ਰਿੰਸੀਪਲ, ਅਮਰੀਕ ਸਿੰਘ ਤਲਵੰਡੀ, ਰਣਧੀਰ ਸਿੰਘ ਸਰਪੰਚ ਦਾਲਮ, ਗੁਰਮੁੱਖ ਸਿੰਘ ਸਰਪੰਚ, ਤਰਸੇਮ ਸਿੰਘ ਦਿਆਲਗੜ੍ਹ, ਬਾਬਾ ਮੇਜਰ ਸਿੰਘ, ਬਾਬਾ ਅਮੋਲਕ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਗੁਰਜੋਤ ਸਿੰਘ ਪਦਮ ਆਦਿ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …