Sunday, December 22, 2024

ਯੂਨੀਵਰਸਿਟੀ ਦਾ ਤਾਈਵਾਨ ਦੀ ਨੈਸ਼ਨਲ ਚੁੰਗ ਹਸਿੰਗ ਯੂਨੀਵਰਸਿਟੀ ਕਾਲਜ ਨਾਲ ਸਮਝੌਤਾ

ਖੇਤੀਬਾੜੀ ਤੇ ਵਾਤਾਵਰਣ ਸੰਤੁਲਨ ਲਈ ਕੰਮ ਕਰਨਗੀਆਂ ਦੋਵੇਂ ਸੰਸਥਾਵਾਂ
ਅੰਮ੍ਰਿਤਸਰ 25 ਜੁਲਾਈ (ਖੁਰਮਣੀਆਂ) – ਮੌਜੂਦਾ ਸਮੇਂ ਦੌਰਾਨ ਖੇਤੀਬਾੜੀ ਅਤੇ ਵਾਤਾਵਰਣ ਵਿਚ ਵੱਧ ਰਹੇ ਨਿਘਾਰ ਦਾ ਸਾਡੇ ਸਮਾਜ ਉਪਰ ਬਹੁਤ ਡੂੰਘਾ ਅਸਰ ਪੈ ਰਿਹਾ ਹੈ ਜਿਸ ਕਾਰਨ ਖਤਰਨਾਕ ਬੀਮਾਰੀਆਂ ਦਾ ਵਾਧਾ ਹੋ ਰਿਹਾ ਹੈ। ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾ ਦੀ ਕਾਰਜਸ਼ੀਲ਼ ਰਹੀ ਹੈ।ਇਸ ਦਿਸ਼ਾ ਵਿਚ ਹੁਣ ਇਕ ਹੋਰ ਕਦਮ ਪੁਟਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਤਾਈਵਾਨ ਦੀ ਨੈਸ਼ਨਲ ਚੁੰਗ ਹਸਿੰਗ ਯੂਨੀਵਰਸਿਟੀ ਖੇਤੀਬਾੜੀ ਅਤੇ ਵਾਤਵਰਣ ਸੁਧਾਰ ਅਤੇ ਨਵੀਆਂ ਖੋਜਾਂ ਕਰਨ ਲਈ ਮਿਲ ਕੇ ਕੰਮ ਕਰਨਗੀਆਂ।
                 ਸੈਂਟਰ ਫਾਰ ਐਗਰੀਕਲਚਰ ਰੀਸਰਚ ਐਂਡ ਇਨੋਵੇਸ਼ਨ ਅਤੇ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ `ਤੇ ਤਾਇਵਾਨ ਦੀ ਨੈਸ਼ਨਲ ਚੁੰਗ ਹਸਿੰਗ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਐਂਡ ਨੈਸ਼ਨਲ ਰੀਸੋਰਸ ਨਾਲ ਖੇਤੀਬਾੜੀ ਅਤੇ ਕੁਦਰਤੀ ਸਰੋਤ ਸੰਭਾਲ ਤਕਨਾਲੋਜੀ ਵਿਚ ਸਾਂਝੇ ਤੌਰ `ਤੇ ਖੋਜ ਅਤੇ ਵਿਕਾਸ ਸਬੰਧੀ ਕਾਰਜ ਕਰਨ ਲਈ ਇਕ ਸਮਝੌਤਾ ਕੀਤਾ ਗਿਆ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਤੋਂ ਇਲਾਵਾ ਡੀਨ, ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਡਾ. ਪੀ.ਕੇ. ਪਤੀ, ਖੇਤੀਬਾੜੀ ਵਿਭਾਗ ਦੇ ਮੁਖੀ, ਡਾ. ਸਨੇਹਦੀਪ ਕੌਰ ਅਤੇ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਦੇ ਕੋਆਰਡੀਨੇਟਰ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਹਾਜਰ ਸਨ।
              ਇਸ ਸਮਝੌਤੇ ਅਧੀਨ ਖੇਤੀਬਾੜੀ ਅਤੇ ਵਾਤਾਵਰਣ ਖੇਤਰ ਵਿਚ ਸਿਖਿਆ, ਸਿਖਲਾਈ ਅਤੇ ਖੋਜ ਕਾਰਜ ਦੋਵਾਂ ਯੂਨੀਵਰਸਿਟੀਆਂ ਵੱਲੋਂ ਕੀਤੇ ਜਾਣਗੇ। ਇਸ ਅਕਾਦਮਿਕ ਸਮਝੌਤੇ ਅਧੀਨ ਫੈਕਲਟੀ, ਵਿਦਿਆਰਥੀ ਦੇ ਐਕਸਚੇਂਜ ਪ੍ਰੋਗਰਾਮ ਤੋਂ ਇਲਾਵਾ ਸਾਂਝੇ ਤੌਰ `ਤੇ ਪੀ.ਐਚ.ਡੀ ਡਿਗਰੀ ਦਾ ਮੌਕਾ ਵੀ ਪ੍ਰਦਾਨ ਕੀਤਾ ਜਾਵੇਗਾ।
                ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਂਟਰ ਫਾਰ ਐਗਰੀਕਲਚਰ ਰੀਸਰਚ ਐਂਡ ਇਨੋਵੇਸ਼ਨ ਦੀ ਸਥਾਪਨਾ ਰਾਸ਼ਟਰੀ ਉਚਤਰ ਸਿਖਸ਼ਾ ਅਭਿਆਨ ਅਧੀਨ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਸਮਾਜ ਦੀ ਭਲਾਈ ਲਈ ਖੇਤੀਬਾੜੀ ਦੇ ਖੇਤਰ ਵਿਚ ਵਿਸ਼ਵ ਪੱਧਰੀ ਵਾਤਾਵਰਣ ਸੰਤੁਲਨ ਦੀ ਸਥਾਪਨਾ ਹਿਤ ਖੋਜ, ਨਵੀਆਂ ਤਕਨੀਕਾਂ ਅਤੇ ਸੁਖਾਵੇਂ ਹੱਲ ਲੱਭਣ ਲਈ ਕਾਰਜਸ਼ੀਲ ਰਹਿਣਾ ਹੈ। ਵਾਤਾਵਰਣ ਸੰਤਲਿਤ ਅਤੇ ਆਰਥਿਕ ਤੌਰ `ਤੇ ਟਿਕਾਊ ਮਾਡਲ ਦੇਣ ਦੇ ਉਦੇਸ਼ ਨਾਲ ਸਬੰਧ ਵਿਚ ਸਥਾਪਤ ਕੀਤਾ ਇਹ ਕੇਂਦਰ ਖੇਤੀਬਾੜੀ, ਭੋਜਣ ਪ੍ਰਣਾਲੀਆਂ ਅਤੇ ਵਾਤਾਵਰਣ ਸਬੰਧੀ ਉਚ ਪੱਧਰੀ ਖੋਜ ਅਤੇ ਅਧਿਆਪਨ ਕਾਰਜ ਕਰੇਗਾ।
ਇਸ ਤੋਂ ਇਲਾਵਾ ਪਮ, ਨੀਦਰਲੈਂਡ ਵੱਲੋਂ ਹੌਰਟੀਕਲਚਰ ਤਕਨੀਕੀ ਸੀਨੀਅਰ ਮਾਹਿਰ ਸ਼੍ਰੀ ਕਾਰਲ ਜ਼ਵਿੰਕਲਸ ਦੀ ਪਛਾਣ ਕੀਤੀ ਗਈ ਹੈ ਜੋ ਕਿ ਕੇਂਦਰ ਦੇ ਖੇਤੀਬਾੜੀ ਦੇ ਖੇਤਰ ਵਿਚ ਚੰਗੇਰੀ ਖੋਜ ਦਿਸ਼ਾ ਦੇਣ ਅਤੇ ਹੋਰ ਪ੍ਰਾਪਤੀਆਂ ਲਈ ਆਪਣੀਆਂ ਸੇਵਾਵਾਂ ਦੇਣਗੇ। ਸ਼੍ਰੀ ਕਾਰਲ ਦਾ 40 ਸਾਲਾਂ ਦਾ ਹੌਰਟੀਕਲਚਰਲ ਤਕਨੀਕੀ ਅਨੁਭਵ ਹੈ ਅਤੇ ਉਹ ਵੱਖ ਵੱਖ ਬਹੁਰਾਸ਼ਟਰੀ ਖੇਤੀਬਾੜੀ ਕੰਪਨੀਆਂ ਵਿਚ ਕੰਮ ਕਰ ਚੁੱਕੇ ਹਨ।
                    ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੇਂਦਰ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਵਿਭਾਗ ਅਤੇ ਰਾਜ ਸਰਕਾਰ ਦਾ ਰੂਸਾ-3 ਸਕੀਮ ਅਧੀਨ ਸੈਂਟਰ ਦੀ ਸਥਾਪਨਾ ਲਈ ਦਿੱਤੀ ਵਿਤੀ ਸਹਾਇਤਾ ਲਈ ਧੰਨਵਾਦ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਚ ਸਥਾਪਤ ਕੀਤੇ ਗਏ ਖੇਤੀਬਾੜੀ ਖੋਜ ਕੇਂਦਰ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਸ਼ਾ ਮਾਹਿਰ ਅਤੇ ਵਿਗਿਆਨੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਦੀ ਮਦਦ ਨਾਲ ਖੇਤੀਬਾੜੀ ਅਤੇ ਵਾਤਾਵਰਣ ਨਾਲ ਸਬੰਧਤ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਉਪਾਅ ਲੱਭੇ ਜਾਣਗੇ ਅਤੇ ਨਵੀਆਂ ਖੋਜਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਰਹੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …