Sunday, December 22, 2024

ਪੁਰਾਤਨ ਵਿਰਾਸਤ ਤੇ ਸੱਭਿਆਚਾਰ ਦਾ ਰਾਖਾ – ਸਤਨਾਮ ਸਿੰਘ ਅਟਾਲ

ਪੰਜਾਬੀ ਸੱਭਿਆਚਾਰ ਦੇ ਸ਼ੁਦਾਈ ਅਕਸਰ ਹੀ ਦੇਖਣ ਨੂੰ ਮਿਲ ਜਾਂਦੇ ਹਨ ਜੋ ਅਲੋਪ ਹੋ ਰਹੀਆਂ ਵਿਰਾਸਤੀ ਚੀਜ਼ਾਂ ਨੂੰ ਸਾਂਭਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ।ਇਸੇ ਲੜੀ ਵਿੱਚ ਇਕ ਨਵਾਂ ਨਾਮ ਹੈ ਸਤਨਾਮ ਸਿੰਘ ਜੋ ਆਪਣੇ ਪਰਿਵਾਰ ਸਮੇਤ ਸਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਜੜਖੇਲਾ ਖੇੜੀ ਵਿੱਚ ਰਹਿ ਰਹੇ ਹਨ।
                ਸੰਨ 1978 ਵਿੱਚ ਪੈਦਾ ਹੋਇਆ ਸਤਨਾਮ ਸਿੰਘ ਪੁਰਾਤਨ ਵਸਤਾਂ ਦੇ ਸੰਗ੍ਰਹਿਕਰਤਾਵਾਂ ਵਿਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।ਉਸ ਨੇ ਆਪਣੇ ਘਰ ਵਿਚ ਹੀ ਇੱਕ ਮਿੰਨੀ ਅਜ਼ਾਇਬ ਘਰ ਬਣਾਇਆ ਹੋਇਆ ਹੈ।ਜਿਸ ਵਿੱਚ ਬਹੁਤ ਹੀ ਅਜਿਹੀਆਂ ਪੁਰਾਤਨ ਵਸਤਾਂ ਜਿਹੜੀਆਂ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੀਆਂ ਹਨ, ਸਾਂਭ ਕੇ ਰੱਖੀਆਂ ਹੋਈਆਂ ਹਨ।ਜਿਨਾਂ ਨੂੰ ਲੋਕੀਂ ਦੂਰੋਂ-ਦੂਰੋਂ ਆ ਕੇ ਬੜੀ ਸੰਜ਼ੀਦਗੀ ਨਾਲ ਵੇਖਦੇ ਹਨ।
               ਉਸ ਦੇ ਮਿੰਨੀ ਅਜਾਇਬ ਘਰ ਵਿੱਚ ਰੱਥ, 70 ਦੇ ਦਹਾਕੇ ਦਾ ਕੁੱਬਾ ਗੱਡਾ, ਆਟਾ ਪੀਸਣ ਵਾਲੀ ਹੱਥ ਚੱਕੀ, ਸੂਤ ਦਾ ਬੁਣਿਆ ਝੋਲਾ, ਦੁੱਧ ਰਿੜਕਣ ਵਾਲੀ ਮਧਾਣੀ, ਪੀੜ੍ਹੀ, ਸੂਤ ਵਾਲਾ ਮੰਜਾ, ਨਮਾਰੀ ਪਲੰਘ, ਖੂਹ ’ਚੋਂ ਪਾਣੀ ਕੱਢਣ ਵਾਲਾ ਡੋਲ, ਆਰਾਮ ਕੁਰਸੀ, ਫੱਟੀ, ਸਲੇਟ, ਦਵਾਤ, ਚਿਮਟਾ, ਪਿੱਤਲ ਦੀਆਂ ਵਲਟੋਹੀਆਂ, ਪੁਰਾਤਨ ਕਾਲ ਦੇ ਸਿੱਕੇ, ਸੂਤ ਨਾਲ ਬੁਣੀਆਂ ਦਰੀਆਂ, ਹਲ, ਪੰਜ਼ਾਲੀ, ਖੂਹ ਦੀਆਂ ਟਿੰਡਾਂ, ਸਿਰ ’ਤੇ ਰੱਖਣ ਵਾਲਾ ਇਨੂੰਆ, ਬੱਚਿਆਂ ਦੀ ਖੇਡ ਪਰਤਾਪਾ, ਗਵਾਰਾ ਵੱਢਣ ਵਾਲੀ ਦਾਤੀ, ਝਰਨੀ, ਡੋਲੂ, ਡੋਰਹੀ, ਬੱਤੀਆਂ ਵਾਲਾ ਲੋਹੇ ਤੇ ਪਿੱਤਲ ਦਾ ਸਟੋਪ, ਗਾਂਧੀ ਚਰਖਾ, ਪਣਖ, ਤੇਲ ਪਾਉਣ ਵਾਲੀ ਕੀਪ, ਅਟੇਰਨੇ, ਕਪਾਹ ਵੇਲਣ ਵਾਲਾ ਵੇਲਣਾ, ਕਾਂਸੀ ਦੇ ਛੰਨੇ, ਗੋਹਲੇ, ਟੂੰਮਾਂ, ਟੂੰਮਾਂ ਰੱਖਣ ਵਾਲੇ ਬਕਸੇ, ਪਿੱਤਲ ਦੇ ਚਮਚੇ, ਕੜਛੀਆਂ, ਕੇਤਲੀ, ਪਿੱਤਲ ਦੇ ਥਾਲ, ਕੰਗਣੀ ਵਾਲੇ ਗਿਲਾਸ, ਪਰਾਤਾਂ, ਸੁਰਾਹੀਆਂ, ਗੜਵੀਆਂ, ਫੁੱਲਦਾਨ, ਹੱਥ ਕਢਾਈ ਵਾਲੀਆਂ ਫੋਟੋਆਂ, ਸੰਧਾਰਾ ਲੈ ਕੇ ਜਾਣ ਵਾਲਾ ਲੋਹੇ ਦਾ ਪੀਪਾ, ਊਠ ਦੀ ਨਿਓਲ, ਸੇਵੀਆਂ ਵੱਟਣ ਵਾਲੀ ਜੰਡੀ, ਪੁਰਾਣੇ ਲੈਂਪ, ਪੁਰਾਣੇ ਜ਼ਮਾਨੇ ਦੀਆਂ ਲਾਲਟੈਣਾਂ, ਘੁਮਿਆਰਾਂ ਦੀਆਂ ਥਾਪੀਆਂ, ਮਿੱਟੀ ਦੇ ਭੜੋਲੇ ਸੰਭਾਲ ਕੇ ਹੋਏ ਹਨ।ਇਸ ਤੋਂ ਇਲਾਵਾ ਪੁਰਾਣੇ ਟੈਲੀਫੋਨ, ਖਰਲ, ਕੋਲਿਆਂ ਵਾਲੀ ਪ੍ਰੈਸ, ਪੁਰਾਣਾ ਮਾਈਕ, ਹੁੱਕੇ, ਭਾਰ ਤੋਲਣ ਵਾਲੇ ਵੱਟੇ, ਮਾਮ-ਜਿਸਤਾ, ਦਰੀਆਂ ਬੁਣਨ ਵਾਲੇ ਪੰਜੇ, ਚੱਕਲੇ ਵੇਲਣੇ, ਆਟਾ ਛਾਨਣ ਵਾਲੀਆਂ ਛਾਲਣੀਆਂ, ਛਾਲਣੇ, ਛੱਜ, ਪਟਾਰੀ, ਦੋ ਮੰਜਿਆਂ ਨੂੰ ਜੋੜ ਕੇ ਲੱਗਣ ਵਾਲਾ ਸਪੀਕਰ, ਤੱਕੜੀ, ਉਲਟਾਵਾਂ ਹਲ, ਬਾਲਟੀ, ਨਿਓਲ ਦੇ ਜਿੰਦਰੇ, ਪਾਣੀ ਗਰਮ ਕਰਨ ਵਾਲੀ ਗਾਗਰ, ਸੁਰਮੇਦਾਨੀਆਂ, ਖਰਖਰੇ, ਕੁੰਡੀਆਂ, ਕੱਦੂਕਸ਼, ਮੂੜ੍ਹਾ, ਬੋਹੀਏ, ਊਰੀ, ਬਲਦਾਂ ਦੀਆਂ ਟੱਲੀਆਂ, ਹਮੇਲਾਂ, ਕੱਤਣੀ, ਮਕਸੂਦ, ਘੋਟਣਾ, ਫੁਲਕਾਰੀ, ਬਾਗ, ਸੂਫ ਦਾ ਘੱਗਰਾ, ਝੂਲਾ, ਨਾਲੇ ਬੁਣਨ ਵਾਲਾ ਅੱਡਾ, ਪੀਂਘ ਵਾਲੀ ਫੱਟੀ, ਹੱਥ ਪੱਖੇ-ਪੱਖੀਆਂ, ਊਠ ਤੇ ਘੋੜੇ ਦੀਆਂ ਕਾਠੀਆਂ, ਜੱਗ, ਛਾਬਾ, ਹੱਥ ਖੱਡੀ ਵਾਲੀ ਨਾਲ, ਰਕਾਬਾਂ, ਰੋਟੀ ਰੱਖਣ ਵਾਲੇ ਡੱਬੇ, ਤੂੰਬਾ, ਬਲਦਾਂ ਦੀਆਂ ਛਿਕਲੀਆਂ, ਤਰਫਾਲੀ, ਉਖਲੀ-ਮੋਹਲਾ, ਬੇਬੇ ਦਾ ਸੰਦੂਕ, ਪੀੜ੍ਹਾ, ਟੇਪ ਰਿਕਾਰਡ, ਕੈਸਟਾਂ, ਟਿਊਬਾਂ ਵਾਲਾ ਰੇਡੀਓ, ਲੋਟਾ, ਬੱਤੀਆਂ ਵਾਲੇ ਦੀਵੇ, ਸਲੰਘ, ਤੰਗਲੀ, ਵੱਟਾਂ ਪਾਉਣ ਵਾਲਾ ਜਿੰਦਰਾ, ਸੁਹਾਗੀ, ਪਰਾਣੀ, ਖੁਰਪਾ-ਖੁਰਪੀ, ਕੱਪੜੇ ਰੱਖਣ ਵਾਲੀਆਂ ਟੋਕਰੀਆਂ ਵੀ ਉਸ ਕੋਲ ਮੌਜੂਦ ਹਨ।ਇਨ੍ਹਾਂ ਚੀਜ਼ਾਂ ਨੂੰ ਉਸ ਨੇ ਆਪਣੇ ਘਰ ਵਿੱਚ ਖੂਬਸੂਰਤ ਢੰਗ ਨਾਲ ਸਜਾਇਆ ਹੋਇਆ ਹੈ।ਜਿਨ੍ਹਾਂ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ।
               ਉਸਨੇ ਇਹ ਪੁਰਾਤਨ ਵਸਤਾਂ ਸਮੁੱਚੇ ਸੂਬੇ ‘ਚ ਘੁੰਮ-ਘੁੰਮ ਕੇ ਇਕੱਠੀਆਂ ਕੀਤੀਆਂ ਹਨ, ਉਸ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਜਦੋਂ ਵਧੇਰੇ ਤੋਂ ਜਿਆਦਾ ਨਵੀਂ ਪੀੜ੍ਹੀ ਨੂੰ ਇਨ੍ਹਾਂ ਚੀਜ਼ਾਂ ਬਾਰੇ ਉਕਾ ਹੀ ਜਾਣਕਾਰੀ ਨਹੀਂ, ਤਾਂ ਸਤਨਾਮ ਸਿੰਘ ਕੋਲ ਇਸ ਪੁਰਾਤਨ ਖਜ਼ਾਨੇ ਦਾ ਪੂਰਾ ਅਜਾਇਬ ਘਰ ਹੈ।ਉਸ ਦੇ ਦੱਸਣ ਮੁਤਾਬਿਕ ਇਹ ਭੰਡਾਰ ਸੰਗ੍ਰਹਿ ਕਰਨ ਵਿਚ ਕਰੀਬ ਵੀਹ ਸਾਲ ਲੱਗ ਗਏ।
             ਮੇਰਾ ਸਲਾਮ ਹੈ ਸਤਨਾਮ ਸਿੰਘ ਅਟਾਲ ਨੂੰ ਜਿਸ ਨੇ ਇਸ ਮਹਿੰਗਾਈ ਦੇ ਯੁੱਗ ਵਿੱਚ ਵੀ ਇਨ੍ਹਾਂ ਪੁਰਾਤਨ ਵਸਤਾਂ ਨੂੰ ਸ਼ੌਂਕ ਵਜੋਂ ਸਾਂਭਿਆ ਹੋਇਆ ਹੈ।ਅਲੋਪ ਹੋ ਰਹੀਆਂ ਇਨ੍ਹਾਂ ਵਿਰਾਸਤੀ ਵਸਤੂਆਂ ਨੂੰ ਸੰਭਾਲਣ ਵਾਲੇ ਇਸ ਉੱਦਮੀ ਇਨਸਾਨ ਨੂੰ ਪਰਮਾਤਮਾ ਲੰਮੀ ਉਮਰ ਬਖ਼ਸ਼ੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਜਾਣਕਾਰੀ ਮਿਲਦੀ ਰਹੇ ਤੇ ਬਜ਼ੁਰਗਾਂ ਨੂੰ ਪੁਰਾਣੀਆਂ ਚੀਜ਼ਾਂ ਦਿਖਾ ਕੇ ਉਨਾਂ ਦੀਆਂ ਯਾਦਾਂ ਤਾਜ਼ੀਆਂ ਕਰਵਾਉਂਦਾ ਰਹੇ।150820

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ- 75279-31887

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …