ਪੁਰਾਤਨ ਪੰਜਾਬ ਵਿੱਚ ਸਾਈਕਲ ‘ਤੇ ਫੇਰੀ ਵਾਲੇ ਭਾਈ ਅਲੱਗ ਅਲੱਗ ਕਿਸਮ ਦੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਵੇਚਣ ਆਉਂਦੇ ਰਹੇ ਹਨ।ਉਹ ਖੇਸ, ਚੱਤਾਂ, ਚਾਦਰਾਂ, ਟੋਟੇ ਦੋੜੇ ਤੇ ਠੰਡ ਤੋਂ ਬਚਣ ਲਈ ਘਰੀਂ ਖੱਡੀ ‘ਤੇ ਬਣਾਏ ਹੋਏ ਦੇਸੀ ਮਫਲਰ (ਜੀਹਨੂੰ ਗੁਲੂਬੰਦ ਵੀ ਕਿਹਾ ਜਾਂਦਾ ਸੀ) ਪੂਰੀ ਡੱਗੀ ਲਿਆਇਆ ਕਰਦੇ ਸਨ।
ਇਸੇ ਤਰ੍ਹਾਂ ਹੋਰ ਵੀ ਅਨੇਕਾਂ ਕਿਸਮ ਦਾ ਸਮਾਨ ਪਿੰਡਾਂ ਵਿੱਚ ਸਾਈਕਲਾਂ ‘ਤੇ ਵਿਕਣ ਆਉਂਦਾ ਸੀ।ਜਿੰਨਾਂ ਵਿੱਚ ਬੱਚਿਆਂ ਦੇ ਖਿਡਾਉਣੇ, ਕਰਦਾਂ, ਕੈਂਚੀਆਂ ਲਾਉਣ ਵਾਲੇ ਭਾਈ, ਸਟੀਲ ਦੇ ਭਾਂਡੇ ਤੇ ਪੁਰਾਣੇ ਕੱਪੜੇ ਲੈਣ ਵਾਲੇ, ਚਾਵਲਾਂ ਦੇ ਬਣੇ ਹੋਏ ਨਮਕੀਨ, ਪਾਪੜ, ਆਚਾਰ ਤੇ ਇਸੇ ਤਰਾਂ ਹੀ ਹੋਰ ਵੀ ਅਨੇਕਾਂ ਕਿਸਮ ਦੀਆਂ ਚੀਜ਼ਾਂ ਵਸਤਾਂ ਸ਼ਾਮਲ ਸਨ।ਇਨ੍ਹਾਂ ਫੇਰੀ ਵਾਲਿਆਂ ਤੋਂ ਕਈ ਪਿੰਡਾਂ ਦੀਆਂ ਪੰਚਾਇਤਾਂ ਕੁੱਝ ਕੁ ਆਨੇ ਜਾਂ ਰੁਪਈਆਂ ਦੇ ਹਿਸਾਬ ਨਾਲ ਆੜ੍ਹਤ ਜਾਂ ਚੰਦਾ ਆਦਿ ਕਹਿ ਲਵੋ ਪਿੰਡ ਵਿੱਚ ਗੇੜਾ ਕੱਢਣ ਦੇ ਲਿਆ ਕਰਦੇ ਸਨ।ਇਸ ਕੰਮ ਲਈ ਪਿੰਡ ਵਿਚੋਂ ਕੋਈ ਇੱਕ ਵਿਹਲਾ ਜਿਹਾ ਬੰਦਾ ਮੁਕੱਰਰ ਕਰ ਦਿੱਤਾ ਜਾਂਦਾ ਸੀ, ਤੇ ਓਹੋ ਸਾਰੇ ਆਉਣ ਵਾਲੇ ਸਾਈਕਲ ਫੇਰੀ ਵਾਲਿਆਂ ਦਾ ਪਤਾ ਰੱਖਦਾ ਸੀ ਤੇ ਉਸ ਤੋਂ ਉਗਰਾਹੀ ਕਰਦਾ ਸੀ।ਇਸ ਦੇ ਬਦਲੇ ਉਸ ਨੂੰ ਕੁੱਝ ਕੁ ਰੁਪੱਈਏ ਤਨਖਾਹ ਵਜੋਂ ਸਰਪੰਚ ਦੇ ਦਿਆ ਕਰਦੇ ਸਨ।
ਭਲੇ ਸਮੇਂ ਸਨ ਸਾਰਿਆਂ ਦੀ ਕੀਤੀ ਗੱਲ ‘ਤੇ ਇਤਬਾਰ ਵੀ ਕਰ ਲੈਂਦੇ ਸਾਂ ਤੇ ਪੂਰੇ ਵੀ ਸਾਰੇ ਇਨਸਾਨ ਹੀ ਉਤਰਦੇ ਸਨ।ਭਾਵ ਕੋਈ ਵੀ ਸਾਈਕਲ ਫੇਰੀ ਵਾਲਾ ਜਾਂ ਪਿੰਡ ਦੇ ਖਰੀਦਦਾਰ ਬੰਦੇ ਜਾਂ ਬੀਬੀਆਂ ਕਦੇ ਮੁੱਕਰਦੇ ਨਹੀਂ ਸਨ।ਸਿਰਫ਼ ਤੇ ਸਿਰਫ਼ ਯਾਦਾਸ਼ਤ ਲਈ ਲਾਲ ਰੰਗ ਦੀਆਂ ਵਹੀਆਂ ‘ਤੇ ਉਧਾਰ ਲਿਖ ਲਿਆ ਜਾਂਦਾ ਸਨ ਤੇ ਹਾੜੀ ਸਾਉਣੀ ਹਿਸਾਬ ਕਰ ਲੈਣਾ ਮਜ਼ਾਲ ਆ ਕੋਈ ਹਿਸਾਬ ਕਿਤਾਬ ‘ਚ ਫਰਕ ਪੈਣਾ ਜਾਂ ਪੈਸਿਆਂ ਦੇ ਲੈਣ-ਦੇਣ ‘ਚ ਕੋਈ ਜਵਾਬ ਤਲਖੀ ਹੋਣੀ, ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।ਉਹ ਵੇਲੇ ਬਹੁਤ ਸਸਤੇ ਸਨ।ਆਏ ਗਏ ਸਾਈਕਲ ਫੇਰੀ ਵਾਲਿਆਂ ਨੂੰ ਸਮੇਂ ਮੁਤਾਬਿਕ ਰੋਟੀ ਲੱਸੀ ਵੀ ਬਹੁਤ ਹੀ ਆਦਰ ਸਤਿਕਾਰ ਨਾਲ ਪਿਆਈ ਜਾਂਦੀ ਸੀ।ਬੇਸ਼ੱਕ ਕਈ ਵਾਰ ਜੇ ਭਾਅ ਨਾ ਰਲਣਾ ਤਾਂ ਕੁੱਝ ਵੀ ਨਹੀਂ ਸੀ ਲੈਂਦੀਆਂ ਬੀਬੀਆਂ ਪਰ ਰੋਟੀ ਪਾਣੀ ਲੱਸੀ ਜਾਂ ਕੋਈ ਟਾਵਾਂ ਟਾਵਾਂ ਘਰ ਚਾਹ ਪਾਣੀ ਪਿਆਉਣ ਤੋਂ ਨੱਕ, ਮੂੰਹ ਨਹੀਂ ਸੀ ਵੱਟਦਾ।
ਇਨਾਂ ਸਾਈਕਲ ਫੇਰੀ ਵਾਲਿਆਂ ਦਾ ਬਹੁਤ ਹੀ ਵਧੀਆ ਗੁਜ਼ਾਰਾ ਹੋ ਜਾਇਆ ਕਰਦਾ ਸੀ।ਅਜੋਕੇ ਸਮੇਂ ਦੇ ਦੌਰ ਵਾਂਗ ਕੋਈ ਦੋ ਦੋ ਜਾਂ ਕਈ ਕਈ ਕੰਮ ਕਰਨ ਦਾ ਰਿਵਾਜ਼ ਨਹੀਂ ਸੀ।ਜਿਹੜਾ ਜੋ ਵੀ ਕੰਮ ਕਰਦਾ ਸੀ, ਓਹਦੇ ਨਾਲ ਆਪੋ-ਆਪਣੇ ਪਰਿਵਾਰਾਂ ਦਾ ਵਧੀਆ ਗੁਜ਼ਾਰਾ ਕਰ ਲਿਆ ਕਰਦਾ ਸੀ।ਬਹੁਤ ਅੱਡੀਆਂ ਚੁੱਕ ਕੇ ਫਾਹੇ ਲੈਣ ਦੇ ਰਿਵਾਜ਼ ਵੀ ਨਹੀਂ ਸਨ।ਸਾਦਾ ਜੀਵਨ ਬਤੀਤ ਕਰਨ ਦਾ ਸਮਾਂ ਸੀ।ਤੜਕ ਭੜਕ ਨਹੀਂ ਸੀ, ਸਾਦਾ ਖਾਣਾ ਸਾਦਾ ਪਹਿਰਾਵਾ ਹੀ ਪੰਜਾਬੀ ਸਭਿਆਚਾਰ ਦੀ ਪਹਿਚਾਣ ਰਹੀ ਹੈ ।
ਫਿਰ ਵੀ ਲੋਕ ਆਪਣੀ ਜ਼ਿੰਦਗੀ ਤੋਂ ਖੁਸ਼ ਸਨ।ਪਿਆਰ ਮੁਹੱਬਤ ਅਪਣੱਤ ਸਭਨਾਂ ਦਾ ਗਹਿਣਾ ਹੋਇਆ ਕਰਦਾ ਸੀ।ਹਰ ਇੱਕ ਬੀਬੀ ਭੈਣ ਨੂੰ ਇਜ਼ਤ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ।ਇਸੇ ਕਰਕੇ ਹੀ ਕਿਸੇ ਇੱਕ ਸਾਈਕਲ ਫੇਰੀ ਨਾਲ ਪੀੜ੍ਹੀਆਂ ਤੱਕ ਨਿਭਦੀ ਰਹੀ ਹੈ।ਇਹ ਸਭ ਗੱਲਾਂ ਅੱਖੀਂ ਵੇਖੀਆਂ ਹਨ।
ਜਿਉਂ ਜਿਉਂ ਅਸੀਂ ਜ਼ਿਆਦਾ ਪੈਸੇ ਵਾਲੇ ਤੜਕ ਭੜਕ ਦੀ ਜ਼ਿੰਦਗੀ ਜਿਊਣੀ ਸ਼ੁਰੂ ਕੀਤੀ ਹੈ ਤੇ ਇੱਕਵੀਂ ਸਦੀ ਦੇ ਵਿੱਚ ਪੈਰ ਰੱਖਿਆ ਹੈ, ਉਦੋਂ ਤੋਂ ਹੀ ਅਸੀਂ ਆਪਣੇ ਪੈਰ ਵੀ ਛੱੱਡ ਚੁੱਕੇ ਹਾਂ।ਜ਼ਿਆਦਾ ਪੈਸੇ ਦੀ ਹੋੜ ਤੇ ਲੱਗੀ ਦੌੜ ਵਿੱਚ ਅਸੀ ਹੁਣ ਤਾਂ ਆਪਣਿਆਂ ਨੂੰ ਹੀ ਭੁੱਲਦੇ ਜਾ ਰਹੇ ਹਾਂ।ਫਿਰ ਹੁਣ ਤਾਂ ਨਵੇਂ ਨਵੇਂ ਮਾਲ ਬਣ ਗਏ ਹਨ ਤੇ ਅਸੀਂ ਵੀ ਹਜ਼ਾਰਾਂ ਨਹੀਂ ਬਲਕਿ ਕਰੋੜਪਤੀ ਹੋ ਗਏ ਹਾਂ।ਇਸ ਕਰਕੇ ਸਾਈਕਲ ਫੇਰੀ ਵਾਲੇ ਤੋਂ ਚੀਜ਼ ਲੈਂਦਿਆਂ ਨੂੰ ਸਾਨੂੰ ਸ਼ਰਮ ਵੀ ਆਉਣ ਲੱਗ ਪਈ ਹੈ, ਕਿ ਸਾਨੂੰ ਕੋਈ ਚੀਜ਼ ਖ਼ਰੀਦਦੇ ਨੂੰ ਵੇਖੇਗਾ ਤਾਂ ਕੀ ਕਹੂਗਾ? ਇਸੇ ਮੈਂ ਦੇ ਵਿੱਚ ਹੀ ਅਸੀਂ ਕਰਜ਼ਾਈ ਹੋ ਰਹੇ ਹਾਂ, ਸਾਨੂੰ ਆੜਤੀਆਂ ਦੇ ਵਿਆਜ ਨੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।12112020
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ – 9569149556