ਅੰਮ੍ਰਿਤਸਰ, 19 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ, ਰਣਜੀਤ ਐਵੀਨਿਊ ਅਤੇ ਡਾ. ਬੀ.ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ ਦਰਮਿਆਨ ਅੱਜ ਇਕ ਅਹਿਮ ਸਮਝੌਤਾ ਹੋਇਆ।ਖ਼ਾਲਸਾ ਇੰਜੀਨਅਰਿੰਗ ਕਾਲਜ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਡਾ. ਲਲਿਤ ਕੁਮਾਰ ਅਵਸਥੀ ਡਾਇਰੈਕਟਰ, ਡਾ. ਡੀਨ ਅਕਾਦਮਿਕ, ਡਾ. ਬੀ.ਆਰ. ਅੰਬੇਦਕਰ ਐਨ.ਆਈ.ਟੀ, ਜਲੰਧਰ ਵਿਚਾਲੇ ਹੋਏ ਸਮਝੌਤੇ ’ਚ ਦੋਵੇਂ ਸੰਸਥਾਵਾਂ ਵਿਗਿਆਨਕ ਅਤੇ ਤਕਨੀਕੀ ਜਾਣਕਾਰੀ, ਪੋਸਟ ਗਰੈਜੂਏਟ ਥੀਸਿਸ, ਖੋਜ ਗਤੀਵਿਧੀਆਂ, ਸੈਮੀਨਾਰਾਂ, ਵਰਕਸ਼ਾਪਾਂ, ਕਾਨਫਰੰਸਾਂ ਅਤੇ ਸਿਖਲਾਈ ਪ੍ਰੋਗਰਾਮਾਂ ਦੇ ਆਦਾਨ-ਪ੍ਰਦਾਨ ’ਚ ਇਕ ਦੂਜੇ ਦੇ ਸਮਰਥਨ ਅਤੇ ਸਹਿਯੋਗ ਕਰਨ ਲਈ ਸਹਿਮਤ ਹੋਈਆਂ।
ਇਸ ਸਮਝੌਤੇ ਦੌਰਾਨ ਉਨ੍ਹਾਂ ਨਾਲ ਹੋਰਨਾਂ ’ਚ ਡਾ.ਆਰ.ਕੇ ਗਰਗ ਡੀਨ, ਫੈਕਲਟੀ ਵੈਲਫੇਅਰ, ਐਨ.ਆਈ.ਟੀ., ਜਲੰਧਰ, ਡਾ ਐਸ.ਕੇ ਸਿਨਹਾ ਡੀਨ, ਰਿਸਰਚ ਐਂਡ ਕੰਸਲਟੈਂਸੀ, ਐਨ.ਆਈ.ਟੀ, ਜਲੰਧਰ, ਡਾ ਐਸ.ਕੇ. ਮਿਸ਼ਰਾ (ਰਜਿਸਟਰਾਰ, ਐਨ.ਆਈ.ਟੀ, ਜਲੰਧਰ), ਡਾ ਮਹਿੰਦਰ ਸੰਗੀਤਾ ਡੀਨ ਅਕਾਦਮਿਕ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅੰਮ੍ਰਿਤਸਰ ਅਤੇ ਏ.ਆਰ ਬਿਕਰਮਜੀਤ ਸਿੰਘ ਰਜਿਸਟਰਾਰ, ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅੰਮ੍ਰਿਤਸਰ ਵੀ ਹਾਜ਼ਰ ਸਨ।
ਉਕਤ ਸਮਝੌਤਾ ਹੋਣ ’ਤੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਦੇ ਡਾਇਰੈਕਟਰ ਅਤੇ ਫੈਕਲਟੀ ਨੂੰ ਇਨ੍ਹਾਂ ਅਕਾਦਮਿਕ ਪ੍ਰਾਪਤੀਆਂ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਉਹ ਇਹ ਜਾਣ ਕੇ ਖੁਸ਼ ਹਨ ਕਿ ਮਹਾਂਮਾਰੀ ਦੇ ਇਸ ਸੰਕਟ ਭਰੇ ਸਮੇਂ ਦੌਰਾਨ ਜਦੋਂ ਸਭ ਕੁੱਝ ਅਨਿਸ਼ਚਿਤ ਹੈ, ਤਦ ਵੀ ਕਾਲਜ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਸਟਾਫ ਆਪਣੇ ਵਿਦਿਆਰਥੀਆਂ ਨੂੰ ਵਿੱਦਿਆ ਤੋਂ ਇਲਾਵਾ ਹੋਰਨਾਂ ਸਹੂਲਤਾਂ ਨੂੰ ਵਧੀਆ ਢੰਗ ਨਾਲ ਮੁਹੱਈਆ ਕਰਵਾਉਣ ’ਚ ਕੋਈ ਕਸਰ ਨਹੀਂ ਛੱਡ ਰਿਹਾ।
ਡਾ. ਲਲਿਤ ਕੁਮਾਰ ਅਵਸਥੀ ਨੇ ਕਿਹਾ ਕਿ ਐਨਆਈਟੀ, ਜਲੰਧਰ ਪੂਰਨ ਤੌਰ ’ਤੇ ਸਹਿਯੋਗ ਕਰੇਗੀ ਅਤੇ ਖਾਲਸਾ ਕਾਲਜ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਦੇਣ ਲਈ ਉਤਮ ਯਤਨ ਕਰੇਗੀ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੰਸਟੀਚਿਊਟ ਕਾਲਜ ਦੇ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦੇ ਹੁਨਰ ਦੇ ਵਾਧੇ ਲਈ ਪੂਰੀ ਤਰ੍ਹਾਂ ਨਾਲ ਸਹਾਇਤਾ ਕਰੇਗਾ ਅਤੇ ਉਹ ਇਹ ਸੁਨਿਸ਼ਚਿਤ ਕਰੇਗਾ ਕਿ ਸਾਰਿਆਂ ਨੂੰ ਇਸ ’ਚੋਂ ਵੱਧ ਤੋਂ ਵੱਧ ਲਾਭ ਮਿਲੇਗਾ ਅਤੇ ਵਿਦਿਆਰਥੀ ਵਿਦਿਅਕ ਪੱਖੋਂ ਉੱਨਤ ਹੋਣਗੇ।
ਡਾ. ਬਾਲਾ ਨੇ ਕਿਹਾ ਕਿ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਕਾਲਜ ਸਭ ਤੋਂ ਵੱਧ ਅਕਾਦਮਿਕ ਉਤਮਤਾ ਪ੍ਰਾਪਤ ਕਰਨ ਦੇ ਰਾਹ ’ਤੇ ਤੁਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਸਮਝੌਤਾ 5 ਸਾਲਾਂ ਦੇ ਅਰਸੇ ਲਈ ਹੈ ਅਤੇ ਇਸ ਐਸੋਸੀਏਸ਼ਨ ਤਹਿਤ ਕਾਲਜ ਦੇ ਵਿਦਿਆਰਥੀਆਂ ਨੂੰ ਅਜਿਹੇ ਇਕ ਉਚ ਸੰਸਥਾਨ ਦੇ ਮਾਹਿਰ ਤੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਜੋ ਉਨ੍ਹਾਂ ਦੀ ਨਵੀਨ ਸੋਚ ਦੀ ਸਮਰੱਥਾ, ਟੀਮ ਦੇ ਕੰਮ ਕਰਨ ਦੀ ਯੋਗਤਾ, ਉਨ੍ਹਾਂ ਦੇ ਵਿਸ਼ਵਾਸ ਨੂੰ ਵਧਾਏਗਾ ਅਤੇ ਸਭ ਤੋਂ ਮਹੱਤਵਪੂਰਨ ਤੌਰ ’ਤੇ ਉਨ੍ਹਾਂ ਦੇ ਵਿੱਦਿਅਕ ਦੂਰੀ ਨੂੰ ਵਧਾਏਗਾ।ਉਨ੍ਹਾਂ ਕਿਹਾ ਕਿ ਇਸ ਸਾਲ ਦੇ ਸ਼ੁਰੂ ’ਚ ਅਗਸਤ ਦੇ ਮਹੀਨੇ ’ਚ ਕਾਲਜ ਅਤੇ ਆਈਆਈਟੀ ਬੰਬੇ ਵਿਚਕਾਰ ਇਕ ਹੋਰ ਸਮਝੌਤਾ ਹੋਇਆ ਸੀ।
ਡਾ. ਮੰਜੂ ਬਾਲਾ ਨੇ ਕਿਹਾ ਕਿ ਕਾਲਜ ਹੁਣ ਆਈ.ਆਈ.ਟੀ ਬੰਬੇ ਦੇ ਸਪੋਕਨ ਟਿਟੋਰਿਅਲ ਪ੍ਰੋਗਰਾਮ ਦਾ ਇਕ ਹਿੱਸਾ ਹੈ ਜੋ ਕਿ ਭਾਰਤ ਦਾ ਆਈ.ਸੀ.ਟੀ, ਐਮ.ਐਚ.ਆਰ.ਡੀ, ਸਰਕਾਰ ਵਲੋਂ ਚਲਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਹੀ 120 ਤੋਂ ਵੱਧ ਵਿਦਿਆਰਥੀਆਂ ਨੇ ਸਵੈਮ-ਐਨਪੀਟੀਈਐਲ ਅਤੇ ਐਮ.ਓ.ਓ.ਸੀ ਕੋਰਸ ਪੂਰੇ ਕਰ ਲਏ ਹਨ ਅਤੇ ਇਹ ਐਸੋਸੀਏਸ਼ਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪ੍ਰਮਾਣਿਤ ਐਮ.ਓ.ਓ.ਸੀ ਕੋਰਸਾਂ ਲਈ ਪ੍ਰੇਰਿਤ ਕਰੇਗੀ।ਉਨ੍ਹਾਂ ਕਿਹਾ ਕਿ ਕਿਉਕਿ ਇਹ ਕੋਰਸ ਏ.ਆਈ.ਸੀ.ਟੀ.ਈ ਅਤੇ ਆਈ.ਕੇ.ਜੀ ਪੀ.ਟੀ.ਯੂ ਦੁਆਰਾ ਪ੍ਰਵਾਨਿਤ ਹਨ, ਇਸ ਲਈ ਇਹ ਕੋਰਸ ਵਿਦਿਆਰਥੀਆਂ ਦੀ ਅਕਾਦਮਿਕ ਗ੍ਰੇਡਿੰਗ ਨੂੰ ਵੀ ਵਧਾਉਦੇ ਹਨ।
ਡਾ. ਬਾਲਾ ਨੇ ਦੱਸਿਆ ਕਿ ਸੰਸਥਾ ’ਚ ਇਸ ਤਰ੍ਹਾਂ ਦੀਆਂ ਅਕਾਦਮਿਕ ਪਹਿਲਕਦਮੀਆਂ ਅਤੇ ਗਤੀਵਿਧੀਆਂ ਦੇ ਨਤੀਜੇ ਵਜੋਂ ਕਾਲਜ ਦੇ 28 ਵਿਦਿਆਰਥੀਆਂ ਨੇ ਆਈ.ਕੇ.ਜੀ ਪੀ.ਟੀ.ਯੂ ਨਵੰਬਰ -2018 ਦੀਆਂ ਪ੍ਰੀਖਿਆਵਾਂ ’ਚ ਚੋਟੀ ਦੇ ਮੈਰਿਟ ਸਥਾਨ ਪ੍ਰਾਪਤ ਕੀਤੇ ਹਨ।ਜਿਨ੍ਹਾਂ ’ਚੋਂ 7 ਵਿਦਿਆਰਥੀਆਂ ਨੇ ਵੱਖ ਵੱਖ ਸ਼੍ਰੇਣੀਆਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਇਸ ਤੋਂ ਇਲਾਵਾ ਨਾਮਵਰ ਕੰਪਨੀਆਂ ’ਚ ਨੌਕਰੀ ਪ੍ਰਾਪਤ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਅਕਾਦਮਿਕ ਐਕਸਚੇਂਜ ਪ੍ਰੋਗਰਾਮਾਂ ਅਤੇ ਐਸੋਸੀਏਸ਼ਨਾਂ ਨਾਲ ਕਾਲਜ ਦੇ ਅਕਾਦਮਿਕ ਨਤੀਜ਼ਿਆਂ ’ਚ ਵਾਧਾ ਹੋਵੇਗਾ ਅਤੇ ਨਾਲ ਹੀ ਵਿਦਿਆਰਥੀਆਂ ਲਈ ਨੌਕਰੀਆਂ ਦੇ ਅਵਸਰ ਪ੍ਰਦਾਨ ਹੋਣਗੇ।