ਕੋਵਿਡ -19 ਦੀ ਦੂਜੀ ਲਹਿਰ ਨਾਲ ਨਿਪਟਣ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਕੋਵਿਡ-19 ਦੀ ਦੂਜੀ ਲਹਿਰ ਦੇ ਖਦਸ਼ੇ ਨੂੰ ਧਿਆਨ ਵਿਚ ਰੱਖਦੇੇ ਹੋਏ ਡਿਪਟੀ ਕਮਿਸ਼ਨਰ ਸ: ਗੁਰਪੀਤ ਸਿੰਘ ਖਹਿਰਾ ਵਲੋ ਸਥਾਨਕ ਬੱਚਤ ਭਵਨ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ, ਜਿਸ ਵਿਚ ਕੋਵਿਡ-19 ਦੀ ਦੂਜੀ ਲਹਿਰ ਨਾਲ ਨਿਪਟਣ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜਾ ਲਿਆ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪੇਸ਼ਾਵਰ ਡਾਕਟਰਾਂ ਵਲੋ ਸਰਦੀ ਦੇ ਮੌਸਮ ਵਿਚ ਕੋਵਿਡ ਦੀ ਦੂਜੀ ਲਹਿਰ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਇਸ ਖਦਸ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਵਲੋ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆ ਹਨ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਵਿਕਸਤ ਕੀਤਾ ਜਾ ਰਿਹਾ ਹੈ।ਉਨਾਂ੍ਹ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕੋਰੋਨਾ ਮਹਾਮਾਰੀ ਦੋਰਾਨ ਸਥਾਪਤ ਕੀਤੇ ਗਏ ਬੁੁਨਿਆਦੀ ਢਾਂਚੇ, ਕੰਟਰੋਲ ਰੂਮ, ਕੋਵਿਡ ਕੇਦਰ, ਐਂਬੂਲੈਂਸ ਆਦਿ ਦਾ ਦੁਬਾਰਾ ਨਿਰੀਖਣ ਕਰਨ ਅਤੇ ਜੇਕਰ ਕੋਈ ਕਮੀ ਪਾਈ ਜਾਂਦੀ ਹੈ ਤਾਂ ਤੁਰੰਤ ਉਸ ਨੂੰ ਦੂਰ ਕੀਤਾ ਜਾਵੇ।ਖਹਿਰਾ ਨੇ ਪਾ੍ਰਈਵੇਟ ਹਸਪਤਾਲ ਦੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਮਹਾਮਾਰੀ ਦੋਰਾਨ ਉਨਾਂ੍ਹ ਦੇ ਹਸਪਤਾਲਾਂ ਵਿਚ ਦਾਖਲ ਹੋਏ ਮਰੀਜ਼ਾਂ ਦਾ ਪੂਰਾ ਡਾਟਾ, ਬੈਡਾਂ ਦੀ ਗਿਣਤੀ ਅਤੇ ਬੁਨਿਆਦੀ ਢਾਂਚੇ ਦੀ ਸੂਚਨਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਆਗਾਮੀ ਹਾਲਾਤਾਂ ਨਾਲ ਨਿਪਟਣ ਲਈ ਸਿਹਤ ਵਿਭਾਗ ਵਲੋਂ ਹਰੇਕ ਪ੍ਰਾਈਵੇਟ ਹਸਪਤਾਲ ਦੇ ਨਾਲ ਇਕ ਮੈਡੀਕਲ ਅਫ਼ਸਰ ਦੀ ਡਿਊਟੀ ਲਗਾਈ ਜਾਵੇਗੀ, ਜੋ ਪ੍ਰਸ਼ਾਸ਼ਨ ਅਤੇ ਪ੍ਰਾਈਵੇਟ ਹਸਪਤਾਲਾਂ ‘ਚ ਇਕ ਪੁੱਲ ਦੀ ਤਰ੍ਹਾਂ ਕੰਮ ਕਰੇਗਾ।
ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿਚ ਭਾਵੇਂ ਕਰੋਨਾ ਮਰੀਜਾਂ ਦੀ ਗਿਣਤੀ ਕਾਫ਼ੀ ਘਟ ਗਈ ਹੈ, ਪਰੰਤੂ ਫਿਰ ਵੀ ਲੋਕਾਂ ਨੂੰ ਅਹਿਤਿਆਤ ਰੱਖਣ ਦੀ ਲੋੜ ਹੈ।ਉਨਾਂ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਪ੍ਰਸਾਸ਼ਨ ਵਲੋਂ ਲੋਕਾਂ ਨਾਲ ਕਿਸੇ ਕਿਸਮ ਦੀ ਸਖ਼ਤੀ ਨਹੀਂ ਸੀ ਕੀਤੀ ਗਈ।ਪਰੰਤੂ ਦੂਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਵਿਚ ਰੋਜ਼ਾਨਾ 2000 ਦੇ ਕਰੀਬ ਲੋਕਾਂ ਦੇ ਕਰੋਨਾ ਟੈਸਟ ਕੀਤੀ ਜਾ ਰਹੇ ਹਨ ਅਤੇ ਪਾਜ਼ਟਿਵ ਮਰੀਜ਼ਾਂ ਦੀ ਦਰ 2.39 ਪ੍ਰਤੀਸ਼ਤ ਹੀ ਹੈ।ਉਨਾਂ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਕਿਹਾ ਕਿ ਕਰੋਨਾ ਟੈਸਟਿੰਗ ਦੀ ਸਮਰੱਥਾ ਵਧਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ 249128 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ ਹਨ। ਜਿਨਾਂ ਵਿਚੋਂ 12389 ਲੋਕਾਂ ਦੇ ਟੈਸਟ ਪਾਜਟਿਵ ਆਏ ਹਨ ਅਤੇ 475 ਲੋਕਾਂ ਦੀ ਮੌਤ ਹੋਈ ਹੈ।ਉਨਾਂ ਦੱਸਿਆ ਕਿ ਇਸ ਸਮੇਂ ਜ਼ਿਲੇ ਵਿਚ 411 ਐਕਟਿਵ ਕੇਸ ਹਨ।ਸਿਵਲ ਸਰਜਨ ਨੇ ਦੱਸਿਆ ਕਿ ਉਨਾਂ ਦੇ ਦਫ਼ਤਰ ਵਲੋਂ ਆਪਣੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਕਰੋਨਾ ਦੇ ਟੈਸਟ ਕਰਵਾਏ ਗਏ ਹਨ ਅਤੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਡਾ. ਰਾਜੀਵ ਦੇਵਗਨ ਪ੍ਰਿੰਸੀਪਲ ਮੈਡੀਕਲ ਕਾਲਜ ਨੇ ਦੱਸਿਆ ਕਿ ਹਸਪਤਾਲ ਵਿਖੇ ਬੈਡਾਂ , ਵੈਂਟੀਲੇਟਰਾਂ ਅਤੇ ਡਾਇਲਸਿਸ ਦਾ ਸਾਰਾ ਸਾਮਾਨ ਮੌਜੂਦ ਹੈ।ਉਨਾਂ ਦੱਸਿਆ ਕਿ ਉਨਾਂ ਦੇ ਹਸਪਤਾਲ ਵਿਖੇ ਰੋਜ਼ਾਨਾ 7000 ਦੇ ਕਰੀਬ ਸੈਂਪਲਾਂ ਦੀ ਕਰੋਨਾ ਜਾਂਚ ਕੀਤੀ ਜਾਂਦੀ ਹੈ, ਜਿਨਾਂ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ ਦੇ ਵੀ ਟੈਸਟ ਸ਼ਾਮਲ ਹਨ।ਡਾ. ਦੇਵਗਨ ਨੇ ਦੱਸਿਆ ਕਿ ਕਾਲਜ ਦਾ ਆਪਣਾ ਆਕਸੀਜਨ ਪਲਾਂਟ ਚਾਲੂ ਹੋਣ ਨਾਲ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਸਾਰੇ ਪ੍ਰਬੰਧ ਮੁਕੰਮਲ ਹਨ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ, ਨੋਡਲ ਅਫ਼ਸਰ ਕੋਵਿਡ ਡਾ. ਸੁਨੀਤ ਗੁਪਤਾ, ਜ਼ਿਲਾ ਮਲੇਰੀਆ ਅਫ਼ਸਰ ਡਾ. ਮਦਨ ਮੋਹਨ, ਡਾ. ਕਰਨ ਮਹਿਰਾ ਤੋਂ ਇਲਾਵਾ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਹਾਜ਼ਰ ਸਨ।