ਕਿਹਾ ਡੀ.ਜੇ ਵਾਲੇ ਬਾਬੂ ਦਾ ਸਮਾਨ ਹੋਵੇਗਾ ਜ਼ਜਬਤ ਤੇ ਦਰਜ਼ ਹੋਣਗੇ ਕੇਸ
ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿਘ ਖਹਿਰਾ ਨੇ ਅਵਾਜ਼ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਬੰਧਤ ਵਿਭਾਗਾਂ ਨੂੰ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ, ਜਿਸ ਨਾਲ ਡੀ.ਜੇ ਵਾਲੇ ਬਾਬੂ ਹੁਣ ਦੇਰ ਰਾਤ ਤੱਕ ਉਚੀ ਅਵਾਜ਼ ਵਿਚ ਗਾਣਾ ਨਹੀਂ ਵਜਾ ਸਕਣਗੇ।ਇਸ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਅਵਾਜ਼ ਪ੍ਰਦੂਸ਼ਣ ਮੁੱਖ ਤੌਰ ‘ਤੇ ਦੇਰ ਰਾਤ ਤੱਕ ਉਚੀ ਅਵਾਜ਼ ਵਿਚ ਵੱਜਦੇ ਡੀ.ਜੇ ਕਾਰਨ ਹੁੰਦਾ ਹੈ।ਉਨਾਂ ਕਿਹਾ ਕਿ ਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਮੈਰਿਜ਼ ਪੈਲੇਸ, ਲੋਕਾਂ ਦੇ ਘਰਾਂ, ਹੋਟਲਾਂ ਆਦਿ ਦੀਆਂ ਛੱਤਾਂ ‘ਤੇ ਉਚੀ ਅਵਾਜ਼ ਵਿਚ ਵੱਜਦੇ ਗੀਤ ਜਿਥੇ ਆਮ ਨਾਗਰਿਕਾਂ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦੇ ਹਨ, ਉਥੇ ਪੜ੍ਹਾਈ ਕਰਨ ਵਾਲੇ ਬੱਚਿਆਂ, ਹਸਪਤਾਲਾਂ ਜਾਂ ਘਰ ਵਿਚ ਪਏ ਮਰੀਜ਼ ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪਾਉਂਦੇ ਹਨ।ਉਨਾਂ ਹਦਾਇਤ ਕੀਤੀ ਕਿ ਹਰੇਕ ਇਲਾਕੇ ਦਾ ਐਸ.ਡੀ.ਐਮ ਅਤੇ ਡੀ.ਐਸ.ਪੀ ਆਪਣੇ ਪੱਧਰ ‘ਤੇ ਡੀ.ਜੇ ਬੰਦ ਕਰਵਾਉਣ ਦੇ ਨਾਲ ਹੀ ਡੀ.ਜੇ ਮਾਲਕ ਦਾ ਸਮਾਨ ਜ਼ਬਤ ਕਰਕੇ ਕੇਸ ਦਰਜ਼ ਕਰੇ।ਖਹਿਰਾ ਨੇ ਕਿਹਾ ਕਿ ਪੂਰੀ ਕਾਨੂੰਨੀ ਕਾਰਵਾਈ ਕਰਨ ਲਈ ਸਬੰਧਤ ਅਧਿਕਾਰੀ ਮੌਕੇ ‘ਤੇ ਜਾ ਕੇ ਅਵਾਜ਼ ਦਰਜ਼ ਕਰਨ ਵਾਲਾ ਮੀਟਰ ਵਰਤਣ।ਉਨਾਂ ਨੇ ਇਸ ਕਾਰਵਾਈ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਹਾਇਤਾ ਲੈਣ ਦੀ ਹਦਾਇਤ ਵੀ ਕੀਤੀ।
ਖਹਿਰਾ ਨੇ ਕਿਹਾ ਕਿ ਅਵਾਜ਼ ਪ੍ਰਦੂਸ਼ਣ ਨਾਲ ਨਜਿੱਠਣ ਲਈ ਧਾਰਮਿਕ ਅਤੇ ਸਮਾਜਿਕ ਹਸਤੀਆਂ ਤੋਂ ਵੀ ਸਹਿਯੋਗ ਲਿਆ ਜਾਵੇਗਾ।ਐਸ.ਡੀ.ਐਮ ਆਪਣੇ ਇਲਾਕੇ ਵਿੱਚ ਪੈਂਦੇ ਗੁਰਦੁਆਰਿਆਂ, ਮੰਦਰਾਂ ਅਤੇ ਗਿਰਜ਼ਾ ਘਰਾਂ ਦੇ ਪ੍ਰਬੰਧਕਾਂ ਨਾਲ ਇਸ ਮੁੱਦੇ ਉਤੇ ਆਪ ਮੀਟਿੰਗ ਕਰਨ ਤਾਂ ਜੋ ਅਵਾਜ਼ ਕੰਪਲੈਕਸ ਦੀ ਹਦੂਦ ਤੱਕ ਸੀਮਤ ਹੋਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐਸ.ਡੀ.ਐਮ ਸ੍ਰੀਮਤੀ ਅਨਾਇਤ ਗੁਪਤਾ, ਐਸ.ਡੀ.ਐਮ ਮੇਜਰ ਸੁਮਿਤ ਮੁੱਧ, ਐਸ.ਡੀ.ਐਮ ਦੀਪਕ ਭਾਟੀਆ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਏ.ਡੀ.ਸੀ.ਪੀ ਯੁਗਰਾਜ ਸਿੰਘ ਤੇ ਸ੍ਰੀਮਤੀ ਜਸਵੰਤ ਕੌਰ, ਐਸ.ਪੀ ਕੰਵਲਜੀਤ ਸਿੰਘ ਚਾਹਲ, ਡੀ.ਐਸ.ਪੀ ਕੈਲਾਸ਼ ਚੰਦਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।