Saturday, September 21, 2024

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਯੂ.ਐਨ.ਓ ਦੇ ਸਕੱਤਰ ਜਨਰਲ ਨੂੰ ਲਿਖਿਆ ਪੱਤਰ

400 ਸਾਲਾ ਪ੍ਰਕਾਸ਼ ਪੁਰਬ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹਾ ਐਲਾਨਣ ਦੀ ਕੀਤੀ ਮੰਗ

ਅੰਮ੍ਰਿਤਸਰ, 3 ਮਾਰਚ (ਖੁਰਮਣੀਆਂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂ.ਐਨ.ਓ. ਦੇ ਸਕੱਤਰ ਜਨਰਲ ਨੂੰ ਇੱਕ ਪੱਤਰ ਲਿਖ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰੇ੍ਹ ਵਜੋਂ ਐਲਾਨਣ ਦੀ ਅਪੀਲ ਕੀਤੀ ਹੈ।
                  ਯੂ.ਐਨ.ਓ ਦੇ ਸਕੱਤਰ ਜਨਰਲ ਉਨਟੋਨੀਓ ਗੁਟਰਸ ਨੂੰ ਲਿਖੇ ਆਪਣੇ ਪੱਤਰ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਨੌਵੇਂ ਪਾਤਸ਼ਾਹ ਜੀ ਨੇ ਮਾਨਵਤਾ ਦੀ ਖਾਤਰ ਆਪਣੀ ਸ਼ਹਾਦਤ ਦੇ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਵਿਲੱਖਣ ਪੈੜਾਂ ਸਿਰਜੀਆਂ ਹਨ।ਗੁਰੂ ਸਾਹਿਬ ਦੀ ਸ਼ਹਾਦਤ ਧਾਰਮਿਕ ਅਜ਼ਾਦੀ ਨੂੰ ਜਿੰਦਾ ਰੱਖਣ ਲਈ ਵੱਡੇ ਮਹੱਤਵ ਵਾਲੀ ਹੈ, ਜਿਸ ਨੇ ਪੂਰੀ ਦੁਨੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਧਾਰਮਿਕ ਅਜ਼ਾਦੀ ਨੂੰ ਯਕੀਨੀ ਬਣਾਈ ਰੱਖਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖੀ ਬਰਾਬਰਤਾ ਤੇ ਭਾਈਚਾਰੇ ਦੀ ਇਕਜੁੱਟਤਾ ਲਈ ਜੋ ਮਾਰਗ ਦਿਖਾਇਆ ਉਹ ਪੂਰੀ ਦੁਨੀਆਂ ਨੂੰ ਅਗਵਾਈ ਦੇਣ ਵਾਲਾ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਨੇ ਜਰਵਾਣਿਆਂ ਦੇ ਸਤਾਏ ਹੋਏ ਲੋਕਾਂ ਨੂੰ ਗਲ੍ਹ ਨਾਲ ਲਾ ਕੇ ਉਨ੍ਹਾਂ ਅੰਦਰ ਸਵੈਮਾਣ ਦੀ ਭਾਵਨਾ ਪ੍ਰਗਟ ਕੀਤੀ।
               ਕਮੇਟੀ ਪ੍ਰਧਾਨ ਨੇ ਯੂ.ਐਨ.ਓ ਜਨਰਲ ਸਕੱਤਰ ਜਨਰਲ ਨੂੰ ਆਪਣੇ ਪੱਤਰ ਰਾਹੀਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਇਸੇ ਸਾਲ ਵਿਚ 1 ਮਈ ਨੂੰ ਆ ਰਿਹਾ ਹੈ, ਜਿਸ ਨੂੰ ਲੈ ਕੇ ਸਾਰਾ ਸਾਲ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਸਮਾਗਮ ਕੀਤੇ ਜਾਣਗੇ।ਇਸ ਲਈ ਗੁਰੂ ਸਾਹਿਬ ਦੀ ਮਨੁੱਖਤਾ ਪ੍ਰਤੀ ਵੱਡੀ ਦੇਣ ਨੂੰ ਵੇਖਦਿਆਂ ਉਨ੍ਹਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰੇ੍ਹ ਵਜੋਂ ਮਨਾਇਆ ਜਾਵੇ।

 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …