Friday, September 20, 2024

ਸ਼੍ਰੋਮਣੀ ਕਮੇਟੀ ਹਾਕੀ, ਬਾਸਕਟਬਾਲ ਤੇ ਅਥਲੈਟਿਕਸ (ਲੜਕੀਆਂ) ਲਈ ਬਣਾਏਗੀ ਖੇਡ ਅਕੈਡਮੀ – ਬੀਬੀ ਜਗੀਰ ਕੌਰ

ਅੰਮ੍ਰਿਤਸਰ, 3 ਮਾਰਚ (ਗੁਰਪ੍ਰੀਤ ਸਿੰਘ) – ਸਿੱਖ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿਚ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਤ ਕੀਤੇ ਗਏ ਖੇਡ ਡਾਇਰੈਕਟੋਰੇਟ ਦੀ ਪਲੇਠੀ ਇਕੱਤਰਤਾ ਵਿਚ ਹਾਕੀ, ਬਾਸਕਟਬਾਲ ਅਤੇ ਅਥਲੈਟਿਕਸ ਲਈ ਲੜਕੀਆਂ ਦੀ ਖੇਡ ਅਕੈਡਮੀ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ।ਪ੍ਰਧਾਨ ਬੀਬੀ ਜਗੀਰ ਕੌਰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜਕੀਆਂ ਦੀ ਖੇਡ ਅਕੈਡਮੀ ਸਥਾਪਤ ਕੀਤੀ ਜਾਵੇਗੀ।ਇਸ ਅਕੈਡਮੀ ਵਿਚ ਹਾਕੀ, ਬਾਸਕਟਬਾਲ ਅਤੇ ਅਥਲੈਟਿਕਸ ਲਈ ਲੜਕੀਆਂ ਦੀ ਚੋਣ ਕਰਨ ਵਾਸਤੇ 13 ਅਤੇ 14 ਮਾਰਚ ਨੂੰ ਪੀ.ਏ.ਪੀ ਗਰਾਊਂਡ ਜਲੰਧਰ ਵਿਖੇ ਟ੍ਰਾਇਲ ਲਏ ਜਾਣਗੇ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੜਕਿਆਂ ਲਈ ਹਾਕੀ ਅਕੈਡਮੀਆਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਇਸੇ ਸਾਲ ਹਾਕੀ ਇੰਡੀਆ ਵੱਲੋਂ ਮਾਨਤਾ ਮਿਲੀ ਹੈ।
                ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀਆਂ ਖ਼ਾਲਸਈ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ।ਬੀਬੀ ਜਗੀਰ ਕੌਰ ਨੇ ਦੱਸਿਆ ਕਿ ਲੜਕੀਆਂ ਲਈ ਬਣਾਈ ਜਾ ਰਹੀ ਖੇਡ ਅਕੈਡਮੀ ਵਿਚ ਅੰਡਰ-15 ਅਤੇ ਅੰਡਰ-17 ਅਨੁਸਾਰ ਖਿਡਾਰਨਾਂ ਦੀ ਚੋਣ ਕੀਤੀ ਜਾਵੇਗੀ।ਜਿਹੜੀਆਂ ਲੜਕੀਆਂ ਅਕੈਡਮੀ ਲਈ ਚੁਣੀਆਂ ਜਾਣਗੀਆਂ ਉਨ੍ਹਾਂ ਲਈ ਵਧੀਆ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਅਤੇ ਖੇਡਾਂ ਦੇ ਸਮਾਨ, ਖਾਣਾ ਅਤੇ ਵਰਦੀਆਂ ਆਦਿ ਸ਼੍ਰੋਮਣੀ ਕਮੇਟੀ ਦੇਵੇਗੀ।ਇਸ ਅਕੈਡਮੀ ਲਈ ਵਧੀਆਂ ਕੋਚ ਲੜਕੀਆਂ ਦਾ ਪ੍ਰਬੰਧ ਕੀਤਾ ਜਾਵੇਗਾ।ਚੋਣ ਵਿਧੀ ਸਬੰਧੀ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਟ੍ਰਾਇਲ ਦੌਰਾਨ ਚੁਣੀਆਂ ਗਈਆਂ ਖਿਡਾਰਨਾਂ ਦੇ ਖੇਡ ਕੈਂਪ ਲਗਾ ਕੇ ਅੰਤਿਮ ਚੋਣ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਠਤ ਕੀਤੇ ਗਏ ਖੇਡ ਡਾਇਰੈਕਟੋਰੇਟ ਦੀ ਡਾਇਰੈਕਟਰ ਸਮੇਤ ਸਾਰੇ ਮੈਂਬਰ ਖੇਡ ਖੇਤਰ ਦੇ ਵੱਡੇ ਨਾਮ ਹਨ, ਜਿਨ੍ਹਾਂ ਦੀ ਸਲਾਹ ਅਤੇ ਨਿਰਦੇਸ਼ਾਂ ਅਨੁਸਾਰ ਕਾਰਜ ਕੀਤੇ ਜਾਣਗੇ।
                ਇਕੱਤਰਤਾ ‘ਚ ਬੀਬੀ ਜਗੀਰ ਕੌਰ ਤੋਂ ਇਲਾਵਾ ਖੇਡ ਡਾਇਰੈਕਟਰ ਬੀਬੀ ਰਾਜਬੀਰ ਕੌਰ ਅਰਜੁਨਾ ਐਵਾਰਡੀ, ਡਿਪਟੀ ਡਾਇਰੈਕਟਰ ਬੀਬੀ ਸੁਰਜੀਤ ਕੌਰ, ਡਾਇਰੈਕਟੋਰੇਟ ਦੇ ਮੈਂਬਰ ਬੀਬੀ ਹਰਪ੍ਰੀਤ ਕੌਰ ਬਰਨਾਲਾ, ਸ੍ਰੀਮਤੀ ਸੁਮਤੀ ਕੰਵਰ, ਸ੍ਰੀਮਤੀ ਪੂਨਮ ਅਰੋੜਾ, ਬੀਬੀ ਪਰਮਿੰਦਰ ਕੌਰ ਪੰਨੂ ਅਤੇ ਬੀਬੀ ਰਾਜਿੰਦਰ ਕੌਰ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਤੇਜਿੰਦਰ ਸਿੰਘ ਪੱਡਾ, ਓ.ਐਸ.ਡੀ ਡਾ. ਸੁਖਬੀਰ ਸਿੰਘ, ਮਲਕੀਤ ਸਿੰਘ ਬਹਿੜਵਾਲ ਤੇ ਅਜ਼ਾਦਦੀਪ ਸਿੰਘ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …