ਖੇਤੀ ਨੂੰ ਲਾਹੇਵੰਦ ਬਣਾਉਣ ਲਈ ਵਿਉਪਾਰਕ ਸੋਚ ਅਪਨਾਉਣ ਦੀ ਲੋੜ – ਰਮਨ ਸਲਾਰੀਆ
ਪਠਾਨਕੋਟ, 8 ਅਪ੍ਰੈਲ (ਪੰਜਾਬ ਪੋਸਟ ਬਿਉਰੋ) – ਮਾਝੇ ‘ਚ ਕੁੱਝ ਨੌਜਵਾਨ ਕਿਸਾਨ ਮੌਜ਼ੂਦਾਂ ਹਾਲਾਤਾਂ ਨੂੰ ਸਾਹਮਣੇ ਰੱਖਦਿਆਂ ਸਬਜ਼ੀਆਂ, ਖੁੰਭਾਂ, ਪਸ਼ੂ ਪਾਲਣ, ਸੁਗੰਧੀ ਵਾਲੀਆਂ ਜੜੀ ਬੂਟੀਆਂ, ਮੱਕੀ, ਦਾਲਾਂ, ਤੇਲ ਬੀਜ਼ ਫਸਲਾਂ ਆਦਿ ਵਪਾਰਕ ਫਸਲਾਂ ਨੂੰ ਅਪਣਾ ਕੇ ਅਤੇ ਖੁਦ ਮੰਡੀਕਰਣ ਕਰਕੇ ਕਿਸਾਨੀ ਸਮਾਜ ਲਈ ਰਾਹ ਦਸੇਰਾ ਦਾ ਕੰਮ ਕਰ ਰਹੇ ਹਨ।
ਜ਼ਿਲਾ ਪਠਾਨਕੋਟ ਦੇ ਪਿੰਡ ਜੰਗਲ ਦਾ ਨਿਵਾਸੀ ਅਜਿਹਾ ਹੀ ਉਦਮੀ ਨੌਜਵਾਨ ਕਿਸਾਨ ਰਮਨ ਕੁਮਾਰ ਸਲਾਰੀਆ ਹੈ।ਜਿਸ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਕੁੱਝ ਵਪਾਰਕ ਫਸਲਾਂ ਜਿਵੇਂ ਡਰੈਗਨ ਫਰੂਟ, ਪਪੀਤਾ ਅਤੇ ਹਲਦੀ ਦੀ ਕਾਸ਼ਤ ਨੂੰ ਅਪਣਾਇਆ ਹੈ।ਰਮਨ ਸਲਾਰੀਆ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੇਰਣਾ ਨਾਲ ਕਣਕ ਦੀ ਬਿਜ਼ਾਈ, ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਮਲਚਿੰਗ ਵਿਧੀ ਨਾਲ ਕੀਤੀ ਹੈ।
ਆਪਣੀ ਮਿਹਨਤ ਅਤੇ ਅਗਾਂਹਵਧੂ ਸੋਚ ਰਾਹੀ ਖੇਤੀਬਾੜੀ ਵਿੱਚ ਵੰਨ ਸੁਵੰਨਤਾ ਲਿਆਉਣ ਲਈ ਕੁੱਝ ਖਾਸ ਕਰ ਗੁਜ਼ਰਨ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੀ ਚਾਹਤ ਨਾਲ ਬੀ.ਟੈਕ ਪਾਸ ਬਤੌਰ 15 ਸਾਲ ਇੰਜੀਨੀਅਰ ਦੀ ਨੌਕਰੀ ਕਰਨ ਉਪਰੰਤ ਨਿਵੇਕਲੀ ਖੇਤੀ ਕਰਨ ਕਰਕੇ ਰਮਨ ਕੁਮਾਰ ਪੁੱਤਰ ਭਾਰਤ ਸਿੰਘ ਇਲਾਕੇ ਦੇ ਨੌਜਵਾਨ ਕਿਸਾਨਾਂ ਲਈ ਇੱਕ ਮਿਸਾਲ ਬਣ ਗਿਆ ਹੈ।ਰਮਨ ਸਲਾਰੀਆ ਨੇ ਦੱਸਿਆ ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਖਾਸ ਕਰਕੇ ਵਟਸਐਪ ਨੇ ਨੌਜਵਾਨ ਕਿਸਾਨਾਂ ਦੀ ਸੋਚ ਵਿੱੱਚ ਵੱਡੀ ਤਬਦੀਲੀ ਲਿਆਂਦੀ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਨੌਜਵਾਨ ਕਿਸਾਨਾਂ ਤੱਕ ਨਵੀਨਤਮ ਤਕਨੀਕਾਂ ਪਹੁੰਚਾਉਣ ਦੇ ਮਕਸਦ ਨਾਲ ਚਲਾਏ ਜਾ ਰਹੇ ਵਟਸਐਪ ਸਮੂਹ ਰਾਹੀਂ ਡਰੈਗਨ ਫਰੂਟ ਦੀ ਖੇਤੀ ਬਾਰੇ ਜਾਣਕਾਰੀ ਮਿਲੀ, ਜਿਸ ਉਪਰੰਤ ਇੰਟਰਨੈਟ ਤੇ ਖੋਜ਼ ਕਰਨ ਉਪਰੰਤ ਗੁਜਰਾਤ ਦੇ ਬਰੂਚ ਸ਼ਹਿਰ ਵਿੱਚ ਡਰੈਗਨ ਫਰੂਟ ਦੀ ਖੇਤੀ ਕਰ ਰਹੇ ਇੱਕ ਕਿਸਾਨ ਨਾਲ ਰਾਬਤਾ ਬਣਿਆ।
ਉਨਾਂ ਦੱਸਿਆ ਕਿ ਬਾਗਬਾਨੀ ਵਿਭਾਗ ਦੀ ਸਲਾਹ ਲੈਣ ਉਪਰੰਤ ਗੁਜਰਾਤ ਤੋਂ ਮਾਰਚ 2019 ਦੇ ਪਹਿਲੇ ਹਫਤੇ ਡਰੈਗਨ ਫਰੂਟ ਦੇ 1000 ਬੂਟੇ (70/- ਪ੍ਰਤੀ ਬੂਟਾ ਖਰਚਾ) 4 ਕਨਾਲ ਰਕਬੇ ਵਿ ਚ ਲਗਾਏ।ਡਰੈਗਨ ਫਰੂਟ ਦੇ ਬੂਟਿਆਂ ਦੀ ਸਪੋਰਟ ਲਈ ਸੀਮਿੰਟ ਦੇ 250 ਪੋਲ ਲਗਾਏ ਗਏ, ਜਿੰਨਾਂ ‘ਤੇ 700/- ਪ੍ਰਤੀ ਪੋਲ ਦੇ ਹਿਸਾਬ ਨਾਲ ਕੁੱਲ ਖਰਚਾ 1,75,000/- ਰੁਪਏ ਆਇਆ।ਉਨਾਂ ਦੱਸਿਆ ਕਿ ਸ਼ੁਰੂ ਵਿੱਚ ਇਲਾਕਾ ਨਿਵਾਸੀਆਂ ਨੇ ਅਜਿਹੇ ਪੰਗੇ ਵਿੱਚ ਨਾਂ ਪੈਣ ਲਈ ਕਿਹਾ ਕਿਉਂਕਿ ਉਨਾਂ ਨੂੰ ਲੱਗਦਾ ਸੀ ਕਿ ਇਹ ਥੋਰ ਦੀ ਖੇਤੀ ਕਰ ਰਹੇ ਹਨ, ਜੋ ਖੇਤਾਂ ਦੇ ਦੁਆਲੇ ਵਾੜ ਲਈ ਲਗਾਈ ਜਾਂਦੀ।ਉਨਾਂ ਦੱਸਿਆ ਕਿ ਇੱਕ ਸਾਲ ਤੋਂ ਬਾਅਦ ਤਕਰੀਬਨ 2 ਕੁਇੰਟਲ ਫਲ ਮਿਲਿਆ ਹੈ।ਜਿਸ ਨੂੰ ਦੇਖ ਕੇ ਇਲਾਕਾ ਨਿਵਾਸੀ ਅਤੇ ਹੋਰ ਨੌਜਵਾਨ ਇਸ ਫਲ ਦੀ ਖੇਤੀ ਬਾਰੇ ਪੁੱਛਦੇ ਹਨ।ਇਹ ਫਸਲ ਆਮ ਕਰਕੇ ਘੱਟ ਪਾਣੀ ਵਾਲੇ ਇਲਾਕਿਆਂ ਵਿੱਚ ਹੁੰਦੀ ਹੈ।ਉਨਾਂ ਕਿਹਾ ਕਿ ਕੀਤਾ ਤਜ਼ਰਬਾ ਬਹੁਤ ਸਫਲ ਰਿਹਾ ਹੈ ਅਤੇ ਹੁਣ ਤੁਪਕਾ ਸਿੰਚਾਈ ਵਿਧੀ ਲਗਾ ਕੇ ਬੂਟਿਆਂ ਨੂੰ ਪਾਣੀ ਲਗਾਇਆ ਜਾਵੇਗਾ।ਉਨਾਂ ਕਿਹਾ ਕਿ ਬੂਟੇ ਤੋਂ ਬੂਟੇ ਦਾ ਫਾਸਲਾ 7 ਫੁੱਟ ਅਤੇ ਲਾਈਨ ਤੋਂ ਲਾਈਨ ਦਾ ਫਾਸਲਾ 10 ਫੁੱਟ ਹੋਣ ਕਾਰਨ ਹੋਰ ਫਸਲਾਂ ਵੀ ਅੰਤਰ ਫਸਲਾਂ ਵਜੋਂ ਉਗਾਈਆਂ ਜਾ ਸਕਦੀਆਂ ਹਨ।ਉਨਾਂ ਦੱਸਿਆ ਕਿ ਵਾਧੂ ਆਮਦਨ ਲੈਣ ਲਈ ਦੋ ਲਾਈਨਾਂ ਦੇ ਵਿਚਕਾਰ ਪਪੀਤੇ ਦੇ ਪੌਦੇ ਲਗਾਏ ਗਏ ਹਨ ਅਤੇ 4 ਕਨਾਲ ਰਕਬੇ ਵਿੱਚ ਹਲਦੀ ਦੀ ਕਾਸ਼ਤ ਕੀਤੀ ਗਈ ਹੈ।
ਉਨਾ ਦੱਸਿਆ ਕਿ ਡਰੈਗਨ ਫਰੂਟ ਦੀ ਇੱਕ ਵਾਰ ਲਗਾਈ ਫਸਲ 25 ਸਾਲ ਤੱਕ ਚੱਲਦੀ ਹੈ ਅਤੇ ਨਵੇਂ ਬੂਟੇ ਕਲਮਾਂ ਰਾਹੀ ਤਿਆਰ ਹੁੰਦੇ ਹਨ।ਡਰੈਗਨ ਫਰੂਟ ਦੇ ਫਲ ਤਿੰਨ ਰੰਗਾਂ (ਗਾੜਾ ਗੁਲਾਬੀ, ਪੀਲਾ ਅਤੇ ਚਿੱਟਾ) ਵਿੱਚ ਮਿਲਦੇ ਹਨ।ਉਨਾਂ ਕਿਹਾ ਕਿ ਨਵੇਂ ਪੌਦੇ ਫਰਵਰੀ-ਮਾਰਚ ਵਿੱਚ ਤਿਆਰ ਹੋ ਜਾਣਗੇ।ਰਮਨ ਸਲਾਰੀਆ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿੱਚ ਜੇਕਰ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ ਤਾਂ ਕਿਸਾਨਾਂ ਨੂੰ ਮਜ਼ਦੂਰਾਂ ਉਪਰ ਨਿਰਭਰ ਹੋਣ ਦੀ ਬਜ਼ਾਏ ਖੇਤੀ ਮਾਹਿਰਾਂ ਦੀ ਸਲਾਹ ਨਾਲ ਖੇਤੀ ਦੀਆਂ ਨਵੀਆਂ ਤਕਨੀਕਾਂ ਅਪਣਾ ਕੇ ਖੁਦ ਕੰਮ ਕਰਨਾ ਪਵੇਗਾ।ਦੇਖਾ-ਦੇਖੀ ਖੇਤੀ ਰਸਾਇਣਾਂ ਖਾਸ ਕਰਕੇ ਯੂਰੀਆ ਖਾਦ ਅਤੇ ਕੀਟਨਾਸ਼ਕਾਂ ਦੀਆਂ ਸਿਫਾਰਸ਼ਾਂ ਤੋਂ ਵਧੇਰੇ ਵਰਤੋਂ ਨਹੀ ਕਰਨੀ ਚਾਹੀਦੀ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ।ਉਸ ਕਿਹਾ ਕਿ ਖੇਤੀ ਸਾਹਿਤ ਪੜਨਾ ਅਤੇ ਅਪਨਾਉਣਾ, ਖੇਤੀ ਨੂੰ ਵਿਗਿਆਨਕ ਅਤੇ ਵਪਾਰਕ ਲੀਹਾਂ ਤੇ ਤੋਰਨ ‘ਚ ਕਾਫੀ ਮਦਦਗਾਰ ਹੋ ਸਕਦਾ ਹੈ।