ਬਿਨ੍ਹਾਂ ਲਾਇਸੰਸ ਅਤੇ ਉਪਕਰਨਾਂ ਦੇ ਹੀ ਵੇਚਿਆ ਜਾ ਰਿਹਾ ਸੀ ਨਕਲੀ ਮਿਨਰਲ ਵਾਟਰ
ਬਟਾਲਾ, 3 ਨਵੰਬਰ (ਨਰਿੰਦਰ ਬਰਨਾਲ) -ਸਿਹਤ ਵਿਭਾਗ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਬਟਾਲਾ ਵਿਖੇ ਛਾਪੇਮਾਰੀ ਦੌਰਾਨ ਬਿਨ੍ਹਾਂ ਲਾਇਸੰਸ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ 3 ਮਿਨਰਲ ਵਾਟਰ ਦੇ ਪਲਾਂਟਾਂ ਨੂੰ ਸੀਲ ਕਰ ਦਿੱਤਾ ਹੈ। ਅੱਜ ਦੁਪਿਹਰ ਵੇਲੇ ਸਿਹਤ ਵਿਭਾਗ ਦੀ ਟੀਮ ਨਾਲ ਪਹੁੰਚੀ ਮੁੱਖ ਸੰਸਦੀ ਸਕੱਤਰ ਡਾ. ਸਿੱਧੂ ਨੇ ਬਟਾਲਾ ਦੇ ਫੋਕਲ ਪੁਆਂਇੰਟ ਸਥਿਤ ਸ਼ਿਵ ਗੰਗਾ ਨੈਚੂਰਲ ਮਿਨਰਲ ਵਾਟਰ ਕੰਪਨੀ, ਫਾਸਟੋ ਮਿਨਰਲ ਵਾਟਰ ਅਤੇ ਸ਼ਿਵ ਦੁਰਗਾ ਮਿਨਰਲ ਵਾਟਰ ਕੰਪਨੀ ਵਿਖੇ ਛਾਪੇਮਾਰੀ ਕੀਤੀ ਅਤੇ ਉਥੇ ਚੱਲ ਰਹੇ ਗੈਰ ਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ। ਜਾਂਚ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਤਿੰਨਾਂ ਕੰਪਨੀਆਂ ਕੋਲ ਮਿਨਰਲ ਵਾਟਰ ਬਣਾਉਣ ਅਤੇ ਵੇਚਣ ਦਾ ਕੋਈ ਲਾਇਸੰਸ ਨਹੀਂ ਸੀ ਅਤੇ ਇਹ ਸਾਰਾ ਕੰੰਮ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ। ਇਨ੍ਹਾਂ ਕੰਪਨੀਆਂ ਕੋਲ ਨਾ ਲੈਬਾਰਟਰੀਆਂ ਸਨ, ਨਾ ਪਾਣੀ ਸ਼ੁੱਧ ਕਰਨ ਦੇ ਪੂਰੇ ਉਪਕਰਨ ਅਤੇ ਨਾ ਹੀ ਸਾਫ ਸਫਾਈ ਦਾ ਕੋਈ ਪ੍ਰਬੰਧ ਸੀ। ਇਨ੍ਹਾਂ ਪਲਾਂਟਾਂ ‘ਚ ਆਮ ਪਾਣੀ ਨੂੰ ਹੀ ਪੈਕ ਕਰਕੇ ਮਿਨਰਲ ਵਾਟਰ ਦੇ ਸਟਿੱਕਰ ਲਗਾ ਕੇ ਵੇਚਿਆ ਜਾ ਰਿਹਾ ਸੀ।
ਇਨ੍ਹਾਂ ਤਿੰਨਾਂ ਨਕਲੀ ਮਿਨਰਲ ਵਾਟਰ ਕੰਪਨੀਆਂ ‘ਚ ਸ਼ਿਵ ਦੁਰਗਾ ਮਿਨਰਲ ਵਾਟਰ ਕੰਪਨੀ ਵੱਲੋਂ ਕੂਲ ਟਾਈਮ ਮਾਰਕੇ ਹੇਠ ਮਿਨਰਲ ਵਾਟਰ, ਸ਼ਿਵ ਗੰਗਾ ਮਿਨਰਲ ਵਾਟਰ ਕੰਪਨੀ ਵੱਲੋਂ ਮਿਸਟਰ ਕੂਲ ਮਾਰਕੇ ਹੇਠ ਮਿਨਰਲ ਵਾਟਰ, ਕੋਲਡ ਡਰਿੰਕਸ, ਖਾਰਾ ਅਤੇ ਤੀਸਰੀ ਕੰਪਨੀ ਫਾਸਟੋ ਮਿਨਰਲ ਵਾਟਰ ਵੱਲੋਂ ਫਾਸਟੋ ਮਾਰਕੇ ਹੇਠ ਮਿਨਰਲ ਵਾਟਰ ਬਜ਼ਾਰ ‘ਚ ਵੇਚਿਆ ਜਾ ਰਿਹਾ ਸੀ।
ਇਸ ਸਾਰੇ ਗੋਰਖ ਧੰਦੇ ਦਾ ਪਰਦਾ ਫਾਸ਼ ਕਰਦਿਆਂ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਤਿੰਨਾਂ ਮਿਨਰਲ ਵਾਟਰ ਕੰਪਨੀਆਂ ਨੂੰ ਸੀਲ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਵੱਲੋਂ ਬਣਾਏ ਜਾ ਰਹੇ ਉਤਪਾਦਾਂ ਦੀ ਲੈਬਾਰਟਰੀ ‘ਚ ਜਾਂਚ ਕਰਕੇ ਮਾਲਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡਾ. ਸਿੱਧੂ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਅਜਿਹੇ ਕਿਸੇ ਵੀ ਗੈਰ ਕਾਨੂੰਨੀ ਕੰਮ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਜਿਸ ਨਾਲ ਲੋਕਾਂ ਦੀ ਸਿਹਤ ਦਾ ਮੁੱਦਾ ਜੁੜਿਆ ਹੋਵੇ।
ਡਾ. ਨਵਜੋਤ ਕੌਰ ਸਿੱਧੂ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਸਿਹਤ ਅਫਸਰ ਡਾ. ਬੀ.ਐੱਸ. ਬਾਜਵਾ ਅਤੇ ਉਨ੍ਹਾਂ ਦੀ ਟੀਮ ਨੇ ਤਿੰਨਾਂ ਕੰਪਨੀਆਂ ਦੇ ਉਤਪਾਦਾਂ ਦੇ ਸੈਂਪਲ ਲੈ ਲਏ ਅਤੇ ਕੰਪਨੀਆਂ ਨੂੰ ਸੀਲ ਕਰਕੇ ਸਾਰੇ ਤਿਆਰ ਮਾਲ ਨੂੰ ਵੀ ਜ਼ਬਤ ਕਰ ਲਿਆ। ਡਾ. ਬਾਜਵਾ ਨੇ ਕਿਹਾ ਕਿ ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬਾਰਟੀ ਭੇਜਿਆ ਜਾਵੇਗਾ ਅਤੇ ਬਿਨ੍ਹਾਂ ਲਾਇਸੰਸ ਚੱਲ ਰਹੀਆਂ ਇਨ੍ਹਾਂ ਕੰਪਨੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।