ਕਿਹਾ ਮੀਰੀ ਪੀਰੀ ਮੈਡੀਕਲ ਕਾਲਜ ਟਰੱਸਟ ਲੀਜ਼ ‘ਤੇ ਦੇਣ ਦਾ ਬਿਆਨ ਸੱਚਾਈ ਤੋਂ ਦੂਰ
ਅੰਮ੍ਰਿਤਸਰ, 14 ਮਈ (ਗੁਰਪ੍ਰੀਤ ਸਿੰਘ) – ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਬੀਤੇ ਕੱਲ੍ਹ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਰੀ ਪੀਰੀ ਮੈਡੀਕਲ ਟਰੱਸਟ ਸ਼ਾਹਬਾਦ ਮਾਰਕੰਡਾ (ਹਰਿਆਣਾ) ਸਬੰਧੀ ਕੀਤੀ ਗਈ ਬਿਆਨਬਾਜ਼ੀ ਦਾ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਨੇ ਖੰਡਨ ਕੀਤਾ ਹੈ।ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਇਕ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਨੇਕਾਂ ਟਰੱਸਟ ਚਲਾਉਂਦੀ ਹੈ ਅਤੇ ਅਜਿਹੇ ਹੀ ਇੱਕ ਟਰੱਸਟ ਤਹਿਤ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ (ਹਰਿਆਣਾ) ਵਿਖੇ ਚਲਾਇਆ ਜਾ ਰਿਹਾ ਹੈ।ਇਹ ਟਰੱਸਟ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਹੈ ਅਤੇ ਇਸ ਨੂੰ ਲੀਜ਼ ‘ਤੇ ਦੇਣ ਦਾ ਭਾਈ ਰਣਜੀਤ ਸਿੰਘ ਵੱਲੋਂ ਦਿੱਤਾ ਗਿਆ ਬਿਆਨ ਕੋਰਾ ਝੂਠ ਹੈ।
ਕਮੇਟੀ ਅਹੁੱਦੇਦਾਰਾਂ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਸਥਾ ਤੇ ਝੂਠੇ ਇਲਜ਼ਾਮ ਲਗਾਉਣ ਦਾ ਪ੍ਰਾਪੇਗੰਡਾ ਨਾ ਕਰਨ।ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਖ਼ਾਲਸਾ ਪੰਥ ਦੀ ਅਮਾਨਤ ਹੈ ਅਤੇ ਇਸ ਦੇ ਟਰੱਸਟਾਂ ਦੇ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਹੀ ਨਾਮਜ਼ਦ ਕੀਤੇ ਜਾਂਦੇ ਹਨ।ਭਾਈ ਰਣਜੀਤ ਸਿੰਘ ਨੇ ਮੀਰੀ ਪੀਰੀ ਟਰੱਸਟ ਨੂੰ ਲੀਜ਼ ‘ਤੇ ਦੇਣ ਦੀ ਗੱਲ ਬਿਨਾ ਤਰਕ ਦੇ ਹੀ ਆਖੀ ਹੈ ਅਤੇ ਉਸ ਨੂੰ ਅਜਿਹੀਆਂ ਝੂਠੀਆਂ ਗੱਲਾਂ ਦਾ ਪ੍ਰਚਾਰ ਸੰਗਤ ਵਿੱਚ ਨਹੀਂ ਕਰਨਾ ਚਾਹੀਦਾ।ਇਕ ਸਾਬਕਾ ਜਥੇਦਾਰ ਦੀ ਹੈਸੀਅਤ ਵਿੱਚ ਉਸ ਨੂੰ ਬੇਤੁਕੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ।
ਸ਼੍ਰੋਮਣੀ ਕਮੇਟੀ ਆਗੂਆਂ ਨੇ ਕਿਹਾ ਕਿ ਸੰਗਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਪੰਥਕ ਦਾਇਰੇ ਵਿਚ ਰਹਿ ਕੇ ਨਿਯਮਾਂ ਅਨੁਸਾਰ ਸੇਵਾ ਨਿਭਾਅ ਰਹੀ ਹੈ ਅਤੇ ਮਨੁੱਖਤਾ ਦੀ ਭਲਾਈ ਲਈ ਹੀ ਕਾਰਜ਼ ਕਰਦੀ ਹੈ।ਉਨ੍ਹਾਂ ਸੰਗਤਾਂ ਨੂੰ ਅਜਿਹੀ ਝੂਠੀ ਬਿਆਨਬਾਜ਼ੀ ਤੋਂ ਸੁਚੇਤ ਕਰਦਿਆਂ ਭਾਈ ਰਣਜੀਤ ਸਿੰਘ ਨੂੰ ਫੋਕੀ ਸ਼ੋਹਰਤ ਅਤੇ ਰਾਜਸੀ ਲਾਹਾ ਲੈਣ ਲਈ ਘਟੀਆ ਹੱਥਕੰਡੇ ਨਾ ਅਪਨਾਉਣ ਦੀ ਅਪੀਲ ਕੀਤੀ।