ਜਿਲ੍ਹੇ ਵਿਚ 15 ਵਿਕਰੀ ਕੇਂਦਰ ਸਥਾਪਿਤ, ਕਿਸਾਨਾਂ ਨੂੰ ਬੀਜ ਸੋਧ ਕਰਕੇ ਬੀਜਾਈ ਕਰਨ ਦੀ ਅਪੀਲ

ਫਾਜ਼ਿਲਕਾ, 3 ਨਵੰਬਰ (ਵਨੀਤ ਅਰੋੜਾ ) – ਸਰਕਾਰ ਵੱਲੋਂ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਉਪਲਬੱਧ ਕਰਵਾਉਣ ਦੀ ਨੀਤੀ ਤਹਿਤ ਖੇਤੀਬਾੜੀ ਵਿਭਾਗ ਰਾਹੀਂ ਜ਼ਿਲ੍ਹਾ ਫਾਜ਼ਿਲਕਾ ਵਿਚ ਕਣਕ ਦਾ 8000 ਕੁਇੰਟਲ ਬੀਜ ਕਿਸਾਨਾਂ ਨੂੰ ਹੁਣ ਤੱਕ ਸਬਸਿਡੀ ਤੇ ਉਪਲਬੱਧ ਕਰਵਾਇਆ ਜਾ ਚੁੱਕਿਆ ਹੈ ਜਦ ਕਿ ਇਹ ਵੰਡ ਲਗਾਤਾਰ ਜਾਰੀ ਹੈ ਅਤੇ ਕਿਸਾਨਾਂ ਨੂੰ ਮੰਗ ਅਨੁਸਾਰ ਬੀਜ ਉਪਲਬੱਧ ਕਰਵਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਬਰਾੜ ਨੇ ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਣਕ ਦੀਆਂ ਤਿੰਨ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਕ੍ਰਮਵਾਰ ਐਚ.ਡੀ. 2967, ਪੀ.ਬੀ.ਡਬਲਯੂ.621 ਅਤੇ ਪੀ.ਬੀ.ਡਬਲਯੂ 550 ਦਾ ਬੀਜ ਕਿਸਾਨਾਂ ਨੂੰ ਉਪਲਬੱਧ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਕਿਸਮਾਂ ਦੇ ਬੀਜ ਦਾ ਬਾਜਾਰ ਮੁੱਲ 2325 ਰੁਪਏ ਹੈ ਜਦ ਕਿ ਸਰਕਾਰ ਵੱਲੋਂ 700 ਰੁਪਏ ਦੀ ਸਬਸਿਡੀ ਨਾਲ ਕਿਸਾਨਾਂ ਨੂੰ ਇਹ ਬੀਜ 1625 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਪ੍ਰਤੀ ਬੈਗ 650 ਰੁਪਏ ਦੀ ਦਰ ਨਾਲ ਉਪਲਬੱਧ ਕਰਵਾਇਆ ਜਾ ਰਿਹਾ ਹੈ। ਇਸ ਲਈ ਜ਼ਿਲ੍ਹੇ ਵਿਚ ਵਿਭਾਗ ਵੱਲੋਂ ਫਾਜ਼ਿਲਕਾ ਮੁੱਖ ਦਫ਼ਤਰ, ਅਬੋਹਰ, ਧਰਾਂਗਵਾਲਾ, ਸੀਤੋਗੁਣੋ, ਬਹਾਵਵਾਲਾ, ਕਿੱਕਰ ਖੇੜਾ, ਘੱਲੂ, ਖੂਈਆਂ ਸਰਵਰ, ਪੰਜਕੋਸੀ, ਕਰਨੀਖੇੜਾ, ਡਬਵਾਲਾ ਕਲਾਂ, ਜਲਾਲਾਬਾਦ,ਲਾਧੂਕਾ ਅਤੇ ਰੋੜਾਂਵਾਲੀ ਸਮੇਤ 15 ਵਿਕਰੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਕ ਕਿਸਾਨ ਨੂੰ 5 ਏਕੜ ਦਾ ਬੀਜ ਦਿੱਤਾ ਜਾ ਰਿਹਾ ਹੈ। ਹੁਣ ਤੱਕ ਜ਼ਿਲ੍ਹੇ ਵਿਚ 3000 ਤੋਂ  ਵੱਧ ਕਿਸਾਨ 8000  ਕੁਇੰਟਲ ਸਬਸਿਡੀ ਵਾਲਾ ਬੀਜ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਸੁਧਰੇ ਬੀਜ ਅਤੇ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਉਠਾਉਣ।  ਇਸ ਸਬੰਧੀ ਜੇਕਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੁੱਖ ਖੇਤੀਬਾੜੀ ਅਫਸਰ, ਫਾਜਿਲਕਾ ਡਾ. ਰੇਸਮ ਸਿੰਘ ਸੰਧੂ (98145-82856) ਅਤੇ ਡਾ. ਪਰਮਿੰਦਰ ਸਿੰਘ ਧੰਜੂ, ਖੇਤੀਬਾੜੀ ਵਿਕਾਸ ਅਫਸਰ (98780-20311) ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸ਼ਮ ਸਿੰਘ ਸੰਧੂ ਨੇ  ਕਣਕ ਦੇ ਬੀਜ ਦੀ ਸੋਧ ਸਬੰਧੀ ਦੱਸਿਆ ਕਿ ਕਿਸਾਨ ਚੂਹਿਆਂ ਅਤੇ ਪੰਛੀਆਂ ਤੋਂ ਬੀਜ ਨੂੰ ਬਚਾਉਣ ਅਤੇ ਪਹਿਲੇ ਪਾਣੀ ਤੋਂ ਬਾਅਦ ਕਣਕ ਤੇ ਹੋਣ ਵਾਲੇ ਚੇਪੇ ਦੇ ਹਮਲੇ ਦੀ ਰੋਕਥਾਮ ਲਈ ਕਣਕ ਦੇ ਬੀਜ ਨੂੰ 4 ਗ੍ਰਾਮ ਕੋਲੋਰੋਪਾਇਰੀਫਾਸ ਪ੍ਰਤੀ ਕਿਲੋ ਬੀਜ ਦੀ ਦਰ ਨਾਲ ਸੋਧ ਕਰਨ। ਇਸ ਤੋਂ ਬਿਨ੍ਹਾਂ ਕੰਗਿਆਰੀਆਂ ਦੀਆਂ ਬਿਮਾਰੀਆਂ ਜਿਨ੍ਹਾਂ ਦਾ ਬਾਅਦ ਵਿਚ ਕੋਈ ਇਲਾਜ ਨਹੀਂ ਦੀ ਰੋਕਥਾਮ ਲਈ ਕਿਸਾਨ ਕਣਕ ਦੇ ਬੀਜ ਨੂੰ ਕੈਪਟਾਨ ਜਾਂ ਥਿਰਮ ਦਵਾਈ 3 ਗ੍ਰਾਮ ਜਾਂ ਰੈਕਸਿਲ 1 ਗ੍ਰਾਮ ਜਾਂ ਵੀਟਾਵੈਕਸ 3 ਗ੍ਰਾਮ ਜਾਂ ਵੀਟਾਵੈਕਸ ਪਾਵਰ 4 ਗ੍ਰਾਮ ਦਵਾਈ ਪ੍ਰਤੀ ਕਿਲੋ ਦੀ ਦਰ ਨਾਲ ਸੋਧ ਕੇ ਬਿਜਾਈ ਕਰਨੀ ਚਾਹੀਦੀ ਹੈ। ਪਹਿਲੀ ਸੋਧ ਕਲੋਰੋਪਾਇਰੀਫਾਸ ਨਾਲ ਅਤੇ ਦੂਜੀ ਸੋਧ ਉਪਰੋਕਤ ਵਿਚੋਂ ਕਿਸੇ ਇਕ ਦਵਾਈ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਜ ਸੋਧ ਕਰਨ ਲਈ ਘੁੰਮਣ ਵਾਲੇ ਬੀਜ ਸੋਧਕ ਡਰੰਮ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਦਵਾਈ ਕਣਕ ਦੇ ਬੀਜ ਦੇ ਬਣੀ ਡੂੁੰਘੀ ਲਾਈਨ ਦੇ ਅੰਦਰ ਲੱਗ ਜਾਵੇ ਕਿਉਂਕਿ ਬਿਮਾਰੀ ਪੈਦਾ ਕਰਨ ਵਾਲੇ ਕਿਟਾਣੂ ਇੱਥੇ ਹੀ ਲੁਕੇ ਹੁੰਦੇ ਹਨ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					