Monday, December 23, 2024

ਖ਼ਾਲਸਾ ਕਾਲਜ ਅਤੇ ਜਗਤ ਪੰਜਾਬੀ ਸਭਾ ਕੈਨੇਡਾ ਵਲੋਂ ਕਰਵਾਇਆ ਗਿਆ ਕੌਮਾਂਤਰੀ ਵੈਬੀਨਾਰ

ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ ਇਹ ਵੈਬੀਨਾਰ – ਡਾ. ਮਹਿਲ ਸਿੰਘ

ਅੰਮ੍ਰਿਤਸਰ, 14 ਜੂਨ (ਖੁਰਮਣੀਅ) – ਖ਼ਾਲਸਾ ਕਾਲਜ ਅਤੇ ਕੈਨੇਡਾ ਦੀ ਸੰਸਥਾ ਜਗਤ ਪੰਜਾਬੀ ਨੇ ਸਿੱਖੀ, ਮਾਂ-ਬੋਲੀ ਤੇ ਪੰਜਾਬੀਅਤ ਵਿਸ਼ੇ ’ਤੇ ਕੌਮਾਂਤਰੀ ਵੈਬੀਨਾਰ ਆਯੋਜਿਤ ਕੀਤਾ ਗਿਆ।ਵੈਬੀਨਾਰ ’ਚ ਜਿਥੇ ਸਿੱਖੀ, ਮਾਂ-ਬੋਲੀ ਅਤੇ ਪੰਜਾਬੀਅਤ ਦੇ ਚਿੰਤਕਾਂ ਨੇ ਭਰਪੂਰ ਵਿਚਾਰ-ਚਰਚਾ ਕੀਤੀ।
                   ਵੈਬੀਨਾਰ ਦਾ ਮੁੱਖ ਭਾਸ਼ਣ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਤਿਆਰ ਕਰਵਾਏ ਕਾਇਦਾ-ਏ-ਨੂਰ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਮਾਂ-ਬੋਲੀ ਦੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਗੰਭੀਰ ਨੁਕਤੇ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਕਾਲਜ ਨੇ ਹਮੇਸ਼ਾਂ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਵਿਰਾਸਤ ਨੂੰ ਸੰਭਾਲਿਆ ਹੈ ਅਤੇ ਆਪਣੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਕਾਲਜ ਭਵਿੱਖ ’ਚ ਵੀ ਇਸ ਬਾਰੇ ਉਪਰਾਲੇ ਕਰਦਾ ਰਹੇਗਾ।ਉਨ੍ਹਾਂ ਜਗਤ ਪੰਜਾਬੀ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਂਮਾਰੀ ਦੇ ਮਾਹੌਲ ਵਿਚ ਸਿੱਖੀ, ਮਾਂ-ਬੋਲੀ ਅਤੇ ਪੰਜਾਬੀਅਤ ਦੇ ਸਰੋਕਾਰਾਂ ਦੀ ਗੱਲ ਨਵੀਂ ਤਕਨੀਕ ਦੇ ਮਾਧਿਅਮ ਰਾਹੀਂ ਕਰਨ ਅਤੇ ਉਸ ‘ਤੇ ਭਰਵੀਂ ਚਰਚਾ ਕਰਨ ਲਈ ਸੰਸਥਾ ਵਧਾਈ ਦੀ ਹੱਕਦਾਰ ਹੈ।
                ਸਿੱਖ ਚਿੰਤਕ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸਿੱਖ ਧਰਮ ਅਤੇ ਗੁਰਬਾਣੀ ਦੇ ਹਵਾਲੇ ਨਾਲ ਮਾਂ-ਬੋਲੀ ਦੇ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ ਬਾਰੇ ਜਾਣਕਾਰੀ ਭਰਪੂਰ ਸੰਵਾਦ ਰਚਾਇਆ।ਵੈਬੀਨਾਰ ’ਚ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਵਾਇਸ ਚਾਂਸਲਰ ਡਾ. ਸ.ਸ ਗਿੱਲ ਨੇ ਸਮੂਹ ਪੰਜਾਬੀਆਂ ਨੂੰ ਪੰਜਾਬੀ ਸਾਹਿਤ ਪੜ੍ਹਨ, ਗੁਰਮੁਖੀ ਅਤੇ ਸ਼ਾਹਮੁਖੀ ਸਿੱਖਣ ਦੀ ਲੋੜ ’ਤੇ ਜ਼ੋਰ ਦਿੱਤਾ।
               ਐਸ.ਜੀ.ਪੀ.ਸੀ ਡਾਇਰੈਟਕਟੋਰੇਟ ਐਜੂਕੇਸ਼ਨ ਪ੍ਰਿੰਸੀਪਲ ਡਾ. ਤਜਿੰਦਰ ਕੌਰ ਧਾਲੀਵਾਲ ਨੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਤੇ ਮਾਤਭਾਸ਼ਾ ਰਾਹੀ ਗਿਆਨ ਪ੍ਰਾਪਤ ਕਰਨ ਦੀ ਲੋੜ ਬਾਰੇ ਚਰਚਾ ਕੀਤੀ।ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਹਰੇਕ ਪੰਜਾਬੀ ਲਈ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਲਾਜ਼ਮੀ ਹੈ।ਉਨ੍ਹਾਂ ਕਾਇਦਾ-ਏ-ਨੂਰ ਵਰਗਾ ਕਾਇਦਾ ਤਿਆਰ ਕਰਨ ਦੀ ਗੱਲ ਕੀਤੀ, ਜਿਸ ਨਾਲ ਪੰਜਾਬੀਆਂ ’ਚ ਗਿਆਨ ਦਾ ਪਸਾਰਾ ਹੋ ਸਕੇ।
               ਅਰਵਿੰਦਰ ਢਿੱਲੋਂ ਨੇ ਵੈਬੀਨਾਰ ਦੀ ਰਿਪੋਰਟ ਪੇਸ਼ ਕੀਤੀ ਤੇ ਸਿੱਖਿਆ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਵੈਬੀਨਾਰ ਦਾ ਸੰਚਾਲਨ ਕਰਦਿਆਂ ਜਿੱਥੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਕਾਲਜ ਅਤੇ ਜਗਤ ਪੰਜਾਬੀ ਸਭਾ ਦੇ ਸਾਂਝੇ ਯਤਨਾਂ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਸਿਰਲੇਖ ਹੇਠ ਪੁਸਤਕ ਤਿਆਰ ਕੀਤੀ ਗਈ ਹੈ।ਜਿਸ ਨੂੰ ਪ੍ਰਕਾਸ਼ਿਤ ਕਰਵਾ ਕੇ ਵੱਡੇ ਦਾਇਰੇ ਤੱਕ ਪਹੁੰਚਾਇਆ ਜਾਵੇਗਾ।
                 ਇਸ ਮੌਕੇ ਸਮੂਹ ਪ੍ਰਮੁੱਖ ਵਿਦਵਾਨਾਂ ਨੇ ਕਿਹਾ ਕਿ ਸਿੱਖੀ, ਮਾਂ-ਬੋਲੀ ਅਤੇ ਪੰਜਾਬੀਅਤ ਦੇ ਸਰੋਕਾਰ ਆਪਸ ’ਚ ਜੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਵਾਦ ਤੋਂ ਉਮੀਦ ਬੱਝਦੀ ਹੈ ਕਿ ਸਿੱਖੀ, ਮਾਂ-ਬੋਲੀ ਅਤੇ ਪੰਜਾਬੀਅਤ ਦਾ ਭਵਿੱਖ ਰੋਸ਼ਨ ਹੈ।ਵੈਬੀਨਾਰ ’ਚ ਸੌਂ ਤੋਂ ਜ਼ਿਆਦਾ ਸਰੋਤਿਆਂ ਨੇ ਦੁਨੀਆਂ ਭਰ ’ਚੋਂ ਸ਼ਿਰਕਤ ਕੀਤੀ ਅਤੇ ਲਿਖਤੀ ਸੁਨੇਹਿਆਂ ਰਾਹੀਂ ਵਿਚਾਰ ਪ੍ਰਗਟਾਉਦਿਆਂ ਇਸ ਨੂੰ ਸਫ਼ਲ ਵੈਬੀਨਾਰ ਆਖਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …