Sunday, December 22, 2024

ਸ੍ਰੀ ਗੁਰੂ ਨਾਨਕ ਦੇਵ ਜੀ ਦਾ 545ਵਾਂ ਪ੍ਰਕਾਸ਼ ਉਤਸਵ ਪੂਰੇ ਜਾਹੋ-ਜਲਾਲ ਨਾਲ ਮਨਾਇਆ

PPN06111405
ਬਠਿੰਡਾ, 6 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-  ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 545ਵੇਂ ਪ੍ਰਕਾਸ਼ ਉਤਸਵ  ਦੇ ਸਬੰਧ ਵਿੱਚ ਅੱਜ ਸਵੇਰੇ ਸਮੂਹ ਗੁਰੂਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਵੀ ਸਜਾਏ ਗਏ, ਜਿਸ ਵਿੱਚ ਰਾਗੀ ,ਢਾਡੀਆਂ ਅਤੇ ਗੁਰਮਤਿ ਪ੍ਰਚਾਰਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਦੇ ਸ਼ਬਦ ਕੀਰਤਨ ਅਤੇ ਢਾਡੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਬੰਧੀ ਇਤਿਹਾਸ ਵਰਨਣ ਕਰਕੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਗੁਰੂ ਘਰਾਂ ਦੇ ਦਰਸ਼ਨ ਲਈ ਆਉਣ ਸ਼ੁਰੂ ਕਰ ਦਿੱਤਾ ਜਿਸ ਕਾਰਨ ਗੁਰੂ ਘਰਾਂ ਵਿੱਚ ਸੰਗਤਾਂ ਦਾ ਤਾਂਤਾ ਲੱਗਿਆ ਰਿਹਾ। ਇਸ ਮੌਕੇ ਸੰਗਤਾਂ ਨੇ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਵਿੱਤਰ ਸਰੋਵਰ ਵਿੱਚ ਇਸ ਕੱਤਕ ਦੀ ਪੂਰਨਮਾਸ਼ੀ ‘ਤੇ ਇਸ਼ਨਾਨ ਵੀ ਕੀਤਾ। ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਵੀ ਸਵੇਰੇ ਤੋਂ ਹੀ ਧਾਰਮਿਕ ਦੀਵਾਨਾਂ ਵਿੱਚ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕਰਕੇ ਆਪਣੀ ਸ਼ਰਧਾਂ ਮੁਤਾਬਕ ਸੇਵਾਵਾਂ ਕੀਤੀਆਂ।ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਖੁੱਲ੍ਹੇ ਪੰਡਾਲ ਵਿੱਚ ਰਸਭਿੰਨਾਂ ਗੁਰਬਾਣੀ ਸ਼ਬਦ ਨਾਲ ਜੋੜਿਆ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਗੁਰੂ ਘਰਾਂ ਭਾਈ ਮਤੀ ਦਾਸ ਨਗਰ ਵਿਖੇ ਵੀ ਇਸ ਸ਼ੁਭ ਦਿਹਾੜੇ ਤੇ ਦੀਵਾਨੇ ਸਜਾਏ ਗਏ।ਜਿਸ ਵਿੱਚ ਕਥਾ ਵਾਚਕ ਭਾਈ ਹਰਸਿਮਰਨਜੀਤ ਸਿੰਘ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਕਵੀਸ਼ਰੀ ਅਤੇ ਢਾਡੀ ਜੱਥੇ ਨੇ ਬਾਬਾ ਨਾਨਕ ਜੀ ਦੇ ਜੀਵਨੀ  ਸਬੰਧੀ ਲਿਖੀਆਂ ਕਵਿਤਾਵਾਂ ਰਚਨਾਵਾਂ ਸੁਣਾਈਆਂ।ਹਜ਼ੂਰੀ ਰਾਗੀ ਗੁਰਪ੍ਰੀਤ ਸਿੰਘ ,ਅਵਤਾਰ ਸਿੰਘ ਨੇ ਵੀ ਸ਼ਬਦ ਬਾਣੀ ਸੰਗਤਾਂ ਨੂੰ ਸਰਵਣ ਕਰਵਾਈ।
ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਰਾਜਸੀ, ਸਮਾਜਿਕ ਅਤੇ ਧਾਰਮਿਕ ਪਤਵੰਤੇ ਸੱਜਣਾਂ  ਵੱਲੋਂ ਸਮੂਹ ਨਾਨਕ ਨਾਮ ਲੇਵਾ ਨੂੰ ਵਧਾਈਆਂ ਦਿੱਤੀਆ।ਇਸ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ  ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ  ਦੇ ਸਬੰਧ ਵਿੱਚ ਜਿਥੇ  ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ ਜਿਸ ਵਿਚ ਹਜੂਰੀ ਰਾਗੀ ਅਤੇ ਭਾਈ ਗੁਰਇੰਦਰਦੀਪ ਸਿੰਘ ਕਥਾ ਵਾਚਕ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀ ਨਿਹਾਲ ਕੀਤਾ।ਇਸ ਤੋਂ ਇਲਾਵਾ ਆਲ ਇੰਡੀਆ ਸਿੱਖਸਟੂਡੈਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਸੰਗਤਾਂ ਨੂੰ ਗੁਰੂ  ਨਾਨਕ ਦੇਵ ਜੀ ਦੇ ਉਪਦੇਸ਼ਾਂ ਤੇ ਅਮਲ ਕਰਦੇ ਹੋਏ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਣ ਤੇ ਸਾਰੇ ਵਹਿਮ ਭਰਮਾਂ ਤੇ ਗੁਰਮਤਿ ਵਿਰੋਧੀ ਰਹੁ ਰੀਤਾਂ ਤੋਂ ਦੂੁਰੀ ਬਨਾਉਣ ਦੀ ਅਪੀਲ ਕੀਤੀ। ਹਰ ਇਕ ਗੁਰ ਘਰ ਦੇ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply