Monday, December 23, 2024

ਖਾਲਸਾ ਕਾਲਜ ਦੀ ਵਿਦਿਆਰਥਣ ਭਵਾਨੀ ਦੇਵੀ ਨੇ ਟੋਕਿਓ ਉਲੰਪਿਕਸ 2020 ’ਚ ਰਚਿਆ ਇਤਿਹਾਸ

ਅੰਮ੍ਰਿਤਸਰ, 26 ਜੁਲਾਈ (ਖੁਰਮਣੀਆਂ) – ਸਿਰਮੌਰ ਸੰਸਥਾ ਖ਼ਾਲਸਾ ਕਾਲਜ ਵਿਖੇ ਐਮ.ਏ ਅੰਗਰੇਜ਼ੀ ਦੀ ਵਿਦਿਆਰਥਣ ਭਵਾਨੀ ਦੇਵੀ ਨੇ ਟੋਕੀਓ ਵਿਖੇ ਚੱਲ ਰਹੀਆਂ ਉਲੰਪਿਕਸ ਖੇਡਾਂ ’ਚ ਇਤਿਹਾਸ ਸਿਰਜਦਿਆਂ ਨਾ ਸਿਰਫ਼ ਫ਼ੈਂਸਿੰਗ ’ਚ ਪਹਿਲੀ ਭਾਰਤੀ ਖਿਡਾਰੀ ਹੋਣ ਦਾ ਮਾਣ ਹਾਲ ਕੀਤਾ, ਸਗੋਂ ਗੇਮ ਪਹਿਲੀ ਪਾਰੀ ’ਚ ਜਿੱਤ ਹਾਸਲ ਕਰਕੇ ਮਾਣਮੱਤੀ ਸੰਸਥਾ ਦਾ ਨਾਮ ਵੀ ਉਚਾ ਕੀਤਾ ਹੈ।
                    ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਾਨੀ ਦੇਵੀ (27 ਸਾਲ), ਜੋ ਕਿ ਮੂਲ ਰੂਪ ’ਚ ਚੇਨਈ, ਤਾਮਿਲਨਾਡੂ ਪ੍ਰਾਂਤ ਨਾਲ ਸਬੰਧ ਰੱਖਦੀ ਹੈ, ਨੇ ਆਪਣੀ ਅਦਭੁੱਤ ਅਤੇ ਅਸਧਾਰਣ ਪ੍ਰਤਿਭਾ ਦਿਖਾਉਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਮਹਿਲਾਵਾਂ ਦੇ ਵਿਅਕਤੀਗਤ ਟੇਬਲ ਆਫ 64 ਦੇ ਮੁਕਾਬਲੇ ’ਚ ਟਿਊਨੀਸ਼ੀਆਂ ਦੇਸ਼ ਦੀ ਨਾਡੀਆ ਬੇਨ ਅਜ਼ੀਜ਼ੀ ਨੂੰ 153 ਦੇ ਫਰਕ ਨਾਲ ਹਰਾ ਦਿੱਤਾ।ਉਨ੍ਹਾਂ ਦੱਸਿਆ ਕਿ ਭਵਾਨੀ ਦੇਵੀ ਇਹ ਖੇਡ ਆਪਣੇ ਸਕੂਲ ਸਮੇਂ ਤੋਂ ਹੀ ਖੇਡ ਰਹੀ ਹੈ ਅਤੇ ਓਲਪਿੰਕਸ ਲਈ ਕੁਆਲੀਫਾਈ ਕਰਨਾ ਉਸ ਦਾ ਸਭ ਤੋਂ ਵੱਡਾ ਸੁਪਨਾ ਸੀ।ਉਨ੍ਹਾਂ ਕਿਹਾ ਕਿ ਇਹ ਦਿਨ ਭਾਰਤ ਲਈ ਇਕ ਯਾਦਗਾਰੀ ਦਿਨ ਹੈ ਅਤੇ ਸਾਨੂੰ ਉਸ ਦੇ ਪ੍ਰਦਰਸ਼ਨ ’ਤੇ ਮਾਣ ਹੈ।
                     ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਖਿਡਾਰਣ ਭਵਾਨੀ ਦੇਵੀ ਨੂੰ ਉਸ ਦੇ ਯਾਦਗਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ।ਛੀਨਾ ਨੇ ਕਿਹਾ ਕਿ ਉਹ ਪਹਿਲੀ ਅਜਿਹੀ ਭਾਰਤੀ ਫੈਂਸਰ ਬਣੀ ਹੈ, ਜਿਸ ਨੇ ਓਲੰਪਿਕਸ ਖੇਡਾਂ ਲਈ ਇਸ ਗੇਮ ਵਿੱਚ ਕੁਆਲੀਫਾਈ ਕੀਤਾ ਹੈ।ਸੰਸਥਾ ‘ਚ ੳਚੇਰੀ ਸਿੱਖਿਆ ਹਾਸਲ ਕਰਨ ਦੇ ਨਾਲ ਉਹ ਵੱਡੇ ਪੱਧਰ ‘ਤੇ ਇਟਲੀ ਵਿਖੇ ਟ੍ਰੇਨਿੰਗ ਪ੍ਰਾਪਤ ਕਰ ਰਹੀ ਸੀ।ਉਨ੍ਹਾਂ ਕਿਹਾ ਕਿ ਉਸ ਨੇ ਇਸ ਸੰਸਥਾ ’ਚ ਵਿੱਦਿਅਕ ਸੈਸ਼ਨ 2017-18 ਅਤੇ 2018-19 ’ਚ ਦਾਖਲਾ ਲਿਆ।
                     ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਦਾ ਨਿਸ਼ਾਨੇਬਾਜ ਦਿਵਿਆਂਸ਼ ਸਿੰਘ ਪਨਵਰ, ਜੋ ਕਿ ਬੀ.ਐਸ.ਸੀ (ਭਾਗ1) ਦਾ ਵਿਦਿਆਰਥੀ ਹੈ, ਵੀ ਓਲੰਪਿਕ ਖੇਡਾਂ ’ਚ 10 ਮੀਟਰ ਏਅਰ ਰਾਇਫਲ ਇੰਵਟ ’ਚ ਭਾਗ ਲੈਂਦਿਆਂ 622.8 ਅੰਕਾਂ ਨਾਲ 32ਵਾਂ ਸਥਾਨ ਹਾਸਲ ਕੀਤਾ ਹੈ ਅਤੇ ਸਾਨੂੰ ਉਸ ਤੋਂ ਵੀ ਬਹੁਤ ਸਾਰੀਆਂ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਪਲ ਹਨ ਕਿ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਆਪਣੀ ਜਗ੍ਹਾ ਬਣਾਉਦਿਆਂ ਦੇਖਣਾ।ਉਨ੍ਹਾਂ ਕਿਹਾ ਕਿ ਭਵਾਨੀ ਦੇਵੀ ਅਤੇ ਵਿਦਿਆਂਸ਼ ਕਾਲਜ ਦੀ ਲਗਾਤਾਰ ਖੇਡਾਂ ’ਚ ਜਿੱਤ ਦੀ ਪ੍ਰੰਪਰਾ ਨੂੰ ਕਾਇਮ ਰੱਖ ਰਹੇ ਹਨ।
                  ਡਾ. ਦਲਜੀਤ ਸਿੰਘ ਨੇ ਕਿਹਾ ਉਨ੍ਹਾਂ ਦਾ ਇਹ ਸੁਪਨਾ ਰਿਹਾ ਹੈ ਕਿ ਉਹ ਆਪਣੇ ਵਿਦਿਆਰਥੀ ਖਿਡਾਰੀਆਂ ਨੂੰ ਓਲਪਿੰਕਸ ’ਚ ਖੇਡਦਿਆਂ ਦੇਖਣ।ਉਨ੍ਹਾਂ ਦੱਸਿਆ ਕਿ ਭਵਾਨੀ ਦੇਵੀ ਨੇ ਵਿਸ਼ਵ ਰੈਂਕਿੰਗ ’ਚ ਆਪਣਾ 37ਵਾਂ ਸਥਾਨ ਕਾਇਮ ਰੱਖਿਆ ਅਤੇ ਭਾਰਤ ਦੀ ਪਹਿਲੀ ਅਜਿਹੀ ਖਿਡਾਰੀ ਬਣੀ ਜੋ ਕਿ ਓਲੰਪਿਕਸ ’ਚ ਫੈਂਸਿੰਗ ਖੇਡਾਂ ’ਚ ਭਾਰਤ ਵਲੋਂ ਖੇਡਣ ਲਈ ਗਈ, ਜੋ ਕਿ ਖ਼ੁਦ ’ਚ ਇਕ ਨਵਾਂ ਇਤਿਹਾਸ ਸਿਰਜਣ ਵਾਲੀ ਗੱਲ ਹੈ।ਉਨ੍ਹਾਂ ਡਾ. ਮਹਿਲ ਸਿੰਘ, ਛੀਨਾ ਅਤੇ ਡਾ. ਸੁਖਦੇਵ ਸਿੰਘ ਡਾਇਰੈਕਟਰ ਆਫ਼ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੰਵਰ ਮਨਦੀਪ ਸਿੰਘ ਜਿੰਮੀ ਦੀ ਪੂਰੀ ਟੀਮ ਅਤੇ ਕੋਚ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਗਵਰਨਿੰਗ ਕੌਂਸਲ, ਜੀ.ਐਨ.ਡੀ.ਯੂ ਦੇ ਖੇਡ ਵਿਭਾਗ ਅਤੇ ਸਹਾਇਕ ਟੀਚਰਾਂ ਦੇ ਸਹਿਯੋਗ ਤੋਂ ਬਿਨ੍ਹਾਂ ਅਜਿਹਾ ਸਥਾਨ ਹਾਸਲ ਕਰ ਸਕਣਾ ਅਸੰਭਵ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …