Sunday, December 22, 2024

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ…..

ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ ਅੱਜ ਤੋਂ 145 ਸਾਲ ਪਹਿਲਾਂ ਮਸ਼ਹੂਰ ਕਿੱਸਾਕਾਰ ਇਮਾਮਬਖਸ ਦੇ ਪਿੰਡ ਪੱਸੀਆਂਵਾਲਾ, ਜਿਲ੍ਹਾ ਸਿਆਲਕੋਟ (ਅੱਜਕਲ ਪਾਕਿਸਤਾਨ) ਵਿੱਚ 4 ਅਕਤੂਬਰ, 1876 ਨੂੰ ਲਾਲਾ ਪੋਹਲੂ ਮੱਲ ਅਰੋੜਾ ਦੇ ਘਰ ਹੋਇਆ।ਉਹਨਾਂ ਦੀ ਅਜੇ ਬਾਲ ਉਮਰ ਹੀ ਸੀ ਕਿ ਰੋਜ਼ੀ ਦੇ ਚੱਕਰ ਵਿੱਚ ਉਹਨਾਂ ਦਾ ਪਰਿਵਾਰ ਨਾਨਕੇ ਪਿੰਡ ਲੋਪੋਕੇ ਜ਼ਿਲਾ ਅੰਮ੍ਰਿਤਸਰ ਵਿੱਚ ਆ ਗਿਆ।ਆਰਥਿਕ ਤੰਗੀਆਂ ਕਾਰਨ ਰਸਮੀ ਸਿੱਖਿਆ ਪ੍ਰਾਇਮਰੀ ਤੱਕ ਹੀ ਸੀਮਤ ਹੋ ਕੇ ਰਹਿ ਗਈ।ਪਿਤਾ ਜੀ ਦੇ ਕਹਿਣ ‘ਤੇ ਫਿਰ ਵਸੀਕਾ ਨਵੀਸੀ ਸਿੱਖਣ ਲੱਗ ਪਏ।ਪਰ ਚੰਗੀ ਕਿਸਮਤ ਕਿ ਉਹਨਾਂ ਨੂੰ 17 ਸਾਲ ਦੀ ਉਮਰ ਵਿੱਚ ਹੀ ਭਾਈ ਵੀਰ ਸਿੰਘ ਦੇ `ਵਜ਼ੀਰ ਹਿੰਦ ਪ੍ਰੈਸ` ਵਿੱਚ ਨੌਕਰੀ ਮਿਲ ਗਈ।ਇਥੇ ਕੰਮ ਕਰਦੇ ਸਮੇਂ ਉਹਨਾਂ ਨੂੰ ਕਵਿਤਾ ਲਿਖਣ ਦੀ ਚੇਟਕ ਲੱਗੀ।ਲਾਲਾ ਧਨੀ ਰਾਮ ਚਾਤ੍ਰਿਕ ਨੇ ਪੰਜਾਬੀ, ਉਰਦੂ ਅਤੇ ਫ਼ਾਰਸੀ ਦੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ।ਉਸਦੀਆਂ ਕਵਿਤਾਵਾਂ ਖਾਲਸਾ ਸਮਾਚਾਰ ਤੇ ਖਾਲਸਾ ਯੰਗਮੈਨ ਨਾਮਕ ਮੈਗਜ਼ੀਨ ਵਿੱਚ ਛਪਣੀਆਂ ਸ਼ੁਰੂ ਹੋਈਆਂ।ਚਾਤ੍ਰਿਕ ਨੇ ਪਹਿਲਾਂ `ਹਰਧਨੀ` ਉਪ ਨਾਮ ਹੇਠ ਲਿਖਿਆ ਫੇਰ `ਚਾਤ੍ਰਿਕ` ਤਖੱ਼ਲਸ ਰੱਖ ਲਿਆ।1924 ਵਿੱਚ ਓਹਨਾ ਸੁਦਰਸ਼ਨ ਪ੍ਰੇਸ ਦੀ ਸਥਾਪਨਾ ਕੀਤੀ।
                            1926 ਵਿੱਚ ਅੰਮ੍ਰਿਤਸਰ ਵਿਖੇ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤ੍ਰਿਕ ਜੀ ਨੂੰ ਉਸ ਦਾ ਪ੍ਰਧਾਨ ਚੁਣਿਆ ਗਿਆ।ਇਸ ਸਭਾ ਵਿੱਚ ਚਰਨ ਸਿੰਘ, ਮੌਲਾ ਬਖਸ਼ ਕੁਸ਼ਤਾ, ਹੀਰਾ ਸਿੰਘ ਦਰਦ, ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ, ਵਿਧਾਤਾ ਸਿੰਘ ਤੀਰ, ਲਾਲਾ ਕਿਰਪਾ ਸਾਗਰ, ਫਜ਼ਲਦੀਨ ਅਤੇ ਉਸਤਾਦ ਹਮਦਮ ਵਰਗੇ ਉੱਘੇ ਸਾਹਿਤਕਾਰ ਸ਼ਾਮਲ ਸਨ।ਲਾਲਾ ਜੀ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਨੇਕਾਂ ਕਿਤਾਬਾਂ ਪਾਈਆਂ ਹਨ।ਜਿਹਨਾਂ ਵਿਚੋਂ ਫੁੱਲਾਂ ਦੀ ਟੋਕਰੀ, ਭਰਥਰ ਹਰੀ, ਨਲ ਦਮਯੰਤੀ, ਧਰਮਵੀਰ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ ਅਤੇ ਨੂਰਜਹਾਂ ਬਾਦਸ਼ਾਹ ਬੇਗਮ ਜਿਕਰਯੋਗ ਹਨ।
                   ਲਾਲਾ ਧਨੀ ਰਾਮ ਚਾਤ੍ਰਿਕ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ।ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ।ਗੁਰਮੁੱਖੀ ਲਿਪੀ ਲਈ ਟਾਈਪ ਸੈਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ‘ਤੇ ਅਭਿਨੰਦਨ ਗਰੰਥ ਸਮਰਪਿਤ ਕਰਕੇ ਸਨਮਾਨਿਤ ਕੀਤਾ ਗਿਆ।ਲਾਲਾ ਜੀ ਦੀ ਅੰਤਿਮ ਰਚਨਾ ਸ਼ਾਹਮੁਖੀ ਲਿਪੀ 1954 ਵਿੱਚ ਪ੍ਰਕਾਸ਼ਿਤ ਹੋਈ ਸੀ।ਬਾਕੀ ਸਾਰੀਆਂ ਰਚਨਾਵਾਂ ਗੁਰਮੁਖੀ ਲਿਪੀ ਵਿੱਚ ਹਨ।ਮੁਹਾਵਰੇਦਾਰ ਠੇਠ ਪੰਜਾਬੀ ਉਹਨਾਂ ਦੀ ਅੱਡਰੀ ਪਛਾਣ ਹੈ।ਉਹਨਾਂ ਦੀਆਂ ਅਰੰਭਕ ਕਵਿਤਾਵਾਂ ਉਤੇ ਤਾਂ ਆਤਮਿਕ ਅਤੇ ਪ੍ਰਾਚੀਨ ਵਿਚਾਰਧਾਰਾ ਦੀ ਡੂੰਘੀ ਛਾਪ ਸੀ।ਪਰ ਬਾਅਦ ਵਿੱਚ ਉਹਨਾਂ ਦਾ ਰੁਝਾਨ ਯਥਾਰਥਵਾਦ ਦੇ ਵੱਲ ਹੋਇਆ।ਉਹਨਾਂ ਦੇ ਯਥਾਰਥਵਾਦ ਵਿੱਚ ਪ੍ਰਗਤੀਸ਼ੀਲ ਤੰਦਾਂ ਉਘੜਵੀਆਂ ਹਨ।ਉਹਨਾਂ ਦੀ ਕਵਿਤਾਵਾਂ ਵਿੱਚ ਸੂਫ਼ੀਵਾਦ ਦੇ ਦਰਸ਼ਨ ਵੀ ਹੁੰਦੇ ਹਨ।ਧਾਰਮਿਕ ਖੇਤਰ ਵਿੱਚ ਉਹ ਸੈਕੂਲਰ ਸ਼ਾਂਤੀ ਦੇ ਹਾਮੀ ਪ੍ਰਤੀਤ ਹੁੰਦੇ ਹਨ।ਉਹਨਾਂ ਦੇ ਹਲਕੇ ਫੁਲਕੇ ਗੀਤਾਂ ਵਿੱਚ ਵਿਅਕਤੀਗਤ ਪ੍ਰੇਮ ਦਾ ਇਜ਼ਹਾਰ ਵੀ ਹੈ।ਪਰ ਉਸ ਵਿੱਚ ਲੱਜਾ ਅਤੇ ਲੱਜਾ ਦੇ ਬੰਧਨ ਮੌਜ਼ੂਦ ਹਨ।ਅਜ਼ਾਦ ਭਾਰਤ ਦੀਆਂ ਸਮੱਸਿਆਵਾਂ, ਦੇਸ਼ ਅਤੇ ਸਮਾਜ ਵਿੱਚ ਉਨਤ ਅਤੇ ਅਵੁਨਤ ਪੱਖ ਸੂਫੀਖਾਨਾ ਵਿੱਚ ਭਲੀ ਪ੍ਰਕਾਰ ਚਿਤਰਿਤ ਹੋਏ ਹਨ।ਮਜ਼ਮੂਨਾਂ ਦੀ ਅਤੇ ਛੰਦਾਂ ਦੀ ਬਹੁਵਿਧਤਾ ਖਾਸ ਤੌਰ `ਤੇ ਬੈਤ, ਦੋਹਰਾ ਕੋਰੜਾ ਉਹਨਾਂ ਦੀਆਂ ਕਾਵਿਗਤ ਵਿਸ਼ੇਸ਼ਤਾਵਾਂ ਹਨ।ਉਹ ਲੋਕਮੁਖੀ ਸ਼ੈਲੀ ਵਿੱਚ ਲਿਖਦੇ ਸਨ। ਵਰਣਨਾਤਮਕ ਬਿਰਤਾਂਤਕ ਸ਼ੈਲੀ ਉਹਨਾਂ ਕਿਸਾਨੀ ਬਾਰੇ ਲਿਖੇ ਹੇਠਲੇ ਕਾਵਿ-ਟੁਕੜੇ ਵਿਚੋਂ ਭਲੀਭਾਂਤ ਦੇਖੀ ਜਾ ਸਕਦੀ ਹੈ।ਸਾਉਣ ਮਾਂਹ, ਝੜੀਆਂ ਗਰਮੀ ਝਾੜ ਸੁੱਟੀ, ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ, ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ, ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ, ਧਾਈਂ ਉਸਰੇ, ਨਿੱਸਰੀ ਚਰ੍ਹੀ ਮੱਕੀ, ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ, ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀ, ਚੜ੍ਹੀਆਂ ਸਬਜ਼ੀਆਂ ਨੂੰ ਗਿਠ ਗਿਠ ਲਾਲੀਆਂ ਨੇ, ਤਿੜ੍ਹਾਂ ਤਿੜਕੀਆਂ, ਪੱਠਿਆਂ ਲਹਿਰ ਲਾਈ, ਡੰਗਰ ਛੱਡ ਦਿੱਤੇ ਖੁੱਲ੍ਹੇ ਪਾਲੀਆਂ ਨੇ, ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ, ਛਾਵੇਂ ਮੰਜ਼ੀਆਂ ਡਾਹੀਆਂ ਹਾਲੀਆਂ ਨੇ।
                      ਧਨੀ ਰਾਮ ਚਾਤ੍ਰਿਕ ਦੀ ਪੰਜਾਬ ਦੇ ਲੋਕਾਂ ਤੇ ਬਹੁਤ ਪ੍ਰਸਿੱਧ ਰਚਨਾਵਾਂ ਕੀਤੀਆਂ ਅਤੇ ਇਸੇ ਤਰਾਂ ਹੀ ਖੇਤੀ ਨੂੰ ਦਰਸਾਉਂਦੀ ਇਹ ਕਵਿਤਾ ਹਰੇਕ ਪੰਜਾਬੀ ਬੱਚੇ ਦੀ ਜੁਬਾਨ ਉਤੇ ਹੈ:-
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਮਾਲ ਧੰਦਾ ਸਾਂਭਣੇ ਨੂੰ ਚੂਹੜਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ, ਸੰਮਾਂ ਵਾਲੀ ਡਾਂਗ ਉਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

                78 ਸਾਲ ਦੀ ਉਮਰ ਬਤੀਤ ਕਰਕੇ 18 ਦਸੰਬਰ 1954 ਨੂੰ ਉਹ ਰੱਬ ਨੂੰ ਪਿਆਰੇ ਹੋ ਗਏ।ਪਰ ਉਹਨਾਂ ਦੀਆਂ ਰਚਨਾਵਾਂ ਸਦਾ ਸਦਾ ਲਈ ਅਮਰ ਰਹਿਣਗੀਆਂ, ਕਿਉਂਕਿ ਉਹਨਾਂ ਨੇ ਦੁਨੀਆਂ ਵਿਚ ਆਪਣੀ ਕਲਮ ਰਾਹੀਂ ਛਾਪ ਹੀ ਇਹੋ ਜਿਹੀ ਛੱਡੀ ਹੈ।ਜਿਸ ਨੂੰ ਕੋਈ ਵੀ ਪੰਜਾਬੀ ਕਦੇ ਵੀ ਨਾ ਭੁੱਲ ਸਕਦਾ ਹੈ ਤੇ ਨਾ ਮਨੋ ਵਿਸਾਰ ਸਕਦਾ ਹੈ।22102021

(ਲਾਲਾ ਧਨੀ ਰਾਮ ਚਾਤ੍ਰਿਕ ਨੂੰ ਯਾਦ ਕਰਦਿਆਂ)

 

 

 

 

 

 

 

 

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ )
ਮੋ – 75891 55501

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …