ਅੰਮ੍ਰਿਤਸਰ 19 ਨਵੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਪੂਰਬੀ ਵਿਚ ਆਉਦੀਆਂ ਵਾਰਡਾਂ ਦੇ ਅਕਾਲੀ ਦਲ ਦੇ ਕੋਸਲਰ ਅਤੇ ਸਰਕਲ ਪ੍ਰਧਾਨਾਂ ਦੀ ਇੱਕ ਮੀਟਿੰਗ ਅੱਜ ਅਕਾਲੀ ਜਥਾ (ਸ਼ਹਿਰੀ) ਦੇ ਦਫ਼ਤਰ ਵਿਚ ਹੋਈ।ਮੀਟਿੰਗ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਕੌਂਸਲਰ ਸਮਸ਼ੇਰ ਸਿੰਘ ਸ਼ੇਰਾ ਅਤੇ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਸਾਂਝੇ ਤੋਰ ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਅਸਲੀਅਤ ਇਹ ਹੈ ਕਿ ਉਹ ਪਹਿਲੀ ਵਾਰ ਇਲੈਕਸ਼ਨ ‘ਚ 1,25,000 ਤੋਂ ਵੱਧ ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਤੇ ਜਿੱਤਣ ਵਾਲੇ ਦਾ ਗਰਾਫ ਕਿਸ ਤਰਾਂ ਡਿੱਗਿਆ ਕਿ ਅਗਲੀ ਵਾਰ 50,000 ਤੇ ਜਿੱਤੇ। ਇਸ ਤੋਂ ਬਾਅਦ ਤੀਸਰੀ ਵਾਰ 6700 ਵੋਟ ਤੇ ਜਿੱਤਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਆਪਣੀ ਪੱਗ ਦਾ ਪੇਚ ਆਖਦਾ ਨਹੀ ਸੀ ਥੱਕਦਾ ਕਿ ਮੇਰੀ ਇੱਜਤ ਅਤੇ ਪੱਗ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਹੀ ਬਚਾਈ ਹੈ……ਪਰ ਅੱਜ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਚੋਰ ਅਤੇ ਠੱਗ ਕਿਸ ਮੂੰਹ ਨਾਲ ਕਹਿ ਰਿਹਾ ਹੈ?
ਜਦੋਂ ਬੀਬੀ ਸਿੱਧੂ ਨੂੰ ਹਲਕਾ ਪੂਰਬੀ ਤੋਂ ਉਮੀਦਵਾਰ ਬਣਾਇਆ ਤਾਂ ਸਿੱਧੂ ਜੋੜੀ ਹਰ ਸਟੇਜ ਤੇ ਸੁਖਬੀਰ ਬਾਦਲ ਨੂੰ ਆਪਣਾ ਵੱਡਾ ਭਰਾ ਦੱਸ ਦੱਸ ਕੇ ਚੋਣ ਪ੍ਰਚਾਰ ਕਰਦੀ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਸਿਰ ਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਅੱਜ ਬਾਦਲ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਇਹਨਾਂ ਦੋਹਾਂ ਦੀ ਵਿਗੜੀ ਮਾਨਸਿਕ ਹਾਲਤ ਦਾ ਬਾਖੂਬੀ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਹ ਦੋਨੋਂ ਆਪਣੇ ਅਕ੍ਰਿਤਘਣ, ਅਹਿਸਾਨ-ਫਰਾਮੋਸ਼ ਅਤੇ ਪਿੱਠ ‘ਚ ਛੁਰਾ ਮਾਰਨ ਵਾਲੀ ਮਾਨਸਿਕਤਾ ਦਾ ਪ੍ਰਦਰਸ਼ਨ ਕਰ ਰਹੇ ਹਨ।ਕਾਂਗਰਸ ਦੇ ਧਰਨਿਆਂ ਵਿੱਚ ਜਾ ਜਾ ਕੇ ਬੈਠਣ ਵਾਲੀ ਬੀਬੀ ਸਿੱਧੂ ਅੱਜ ਅਸਤੀਫਾ ਦੇਣ ਤੋਂ ਡਰਦੀ ਇਹ ਬਿਆਨ ਦੇ ਰਹੀ ਕਿ ਮੈਂ ਕੇਜਰੀਵਾਲ ਨਹੀ ਬਣਨਾ ਚਾਹੁੰਦੀ। ਇੱਕ ਪਾਸੇ ਤਾਂ ਸਿੱਧੂ ਜੋੜੀ ਪੰਜਾਬ ਦੇ ਸੀ.ਐਮ. ਬਣਨ ਦੇ ਸੁਪਨੇ ਦੇਖ ਰਹੀ ਹੈ ਤੇ ਦੂਸਰੇ ਪਾਸੇ ਇੱਕ ਵਿਧਾਨ ਸਭਾ ਹਲਕੇ ਤੋਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜਨ ਤੋਂ ਵੀ ਡਰਦੀ ਹੈ।
ਬੀ.ਜੇ.ਪੀ. ਦੇ ਪੁਰਾਣੇ ਤੇ ਟਕਸਾਲੀ ਆਗੂਆਂ ਨੂੰ ਖੁੱਡੇ ਲਾ ਕੇ ਰੱਖਣ ਵਾਲੇ ਅਤੇ ਕਾਂਗਰਸੀਆਂ ਨਾਲ ਅੰਦਰੂਨੀ ਸਾਂਝ ਪੁਗਾਉਣ ਵਾਲੀ ਸਿੱਧੂ ਜੋੜੀ ਅੱਜ ਬੀ.ਜੇ.ਪੀ. ਦੇ ਵਰਕਰਾਂ ਦੇ ਹਿੱਤਾਂ ਦੀ ਗੱਲ ਕਿਵੇਂ ਕਰ ਸਕਦੀ ਹੈ ਜਦੋਂ ਕਿ ਪਿਛਲੀ ਲੋਕ ਸਭਾ ਦੀ ਚੋਣ ਦਾ ਸੱਚ ਕਿਸੇ ਤੋਂ ਵੀ ਲੁਕਿਆ ਨਹੀ ਰਿਹਾ, ਜਦਂੋ ਕਿ ਸਿੱਧੂ ਨੂੰ ਸਿਆਸਤ ਚ ਲੈ ਕੇ ਆਉਣ ਵਾਲੇ ਉਸ ਦੇ ਆਪਣੇ ਗੁਰੂ ਨੂੰ ਹੀ ਹਰਾਉਣ ਲਈ ਇਸ ਜੋੜੀ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਵਿਧਾਨ ਸਭਾ ਹਲਕਾ ਪੂਰਬੀ ਦੇ ਆਪਣੇ ਸਮਰਥਕਾਂ ਕੋਲੋ ਸ਼ਰੇਆਮ ਵੋਟਾਂ ਕਾਂਗਰਸ ਦੇ ਉਮੀਦਵਾਰ ਨੂੰ ਪਵਾਈਆਂ ਅਤੇ ਹਲਕਾ ਪੂਰਬੀ ਸਾਰੇ ਹਲਕਿਆਂ ਨਾਲੋਂ ਕਿਤੇ ਵੱਧ 35000 ਵੋਟਾਂ ਨਾਲ ਹਰਵਾਇਆ।ਅਕਾਲੀ-ਭਾਜਪਾ ਸਰਕਾਰ ਵੱਲੋਂ ਫੰਡਾਂ ਦੇ ਮਾਮਲੇ ਚ ਵਿਤਕਰਾ ਕਰਨ ਦੀ ਗਲ ਕਰਨ ਵਾਲੀ ਬੀਬੀ ਸਿੱਧੂ ਦੱਸੇ ਕਿ ਹਲਕਾ ਪੂਰਬੀ ਵਿਚ ਪਿਛਲੇ ਢਾਈ ਸਾਲਾਂ ਤੋਂ ਜੋ ਕਰੋੜਾਂ ਰੁਪਏ ਦੇ ਕੰਮਾਂ ਦਾ ਉਦਘਾਟਨ ਬੀਬੀ ਸਿੱਧੂ ਵੱਲੋਂ ਕੀਤਾ ਗਿਆ ਹੈ ਕੀ ਉਹ ਪੈਸੇ ਆਪਣੇ ਘਰੋਂ ਲਿਆ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ?
ਇਸ ਤੋਂ ਇਲਾਵਾ ਇਹ ਵੀ ਦੱਸਣ ਕਿ ਜੋ ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਦੀਆਂ ਅਕਾਲੀ ਕੋਸਲਰਾਂ ਵਾਲੀਆਂ ਵਾਰਡਾਂ ਵਿਚ ਪਿਛਲੇ ਢਾਈ ਸਾਲਾਂ ਵਿਚ ਜਿਹੜੇ ਵਿਕਾਸ ਕਾਰਜ ਕਰਵਾਏ ਗਏ ਹਨ ਮੌਕੇ ਕਿਹੜੇ ਅਕਾਲੀ ਕੋਸਲਰ ਨੂੰ ਨਾਲ ਲੈ ਕੇ ਕਰਵਾਏ ਗਏ ਹਨ? ਉਨ੍ਹਾਂ ਨੇ ਅਖਿਰ ਵਿੱਚ ਕਿਹਾ ਕਿ ਸਟੇਜਾਂ ਤੇ ਨੋਟੰਕੀ ਕਰਨ ਵਾਲੇ ਸਿੱਧੂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵਿਕਾਸ ਅਤੇ ਲੋਕਾਂ ਦੇ ਹੱਕਾਂ ਅਤੇ ਹਿਤਾਂ ਦੀ ਗੱਲ ਚੁੱਟਕਲਿਆਂ ਅਤੇ ਮੁਹਾਵਰਿਆਂ ਨਾਲ ਹੀ ਨਹੀ ਬਣਦੀ, ਇਸ ਲਈ ਲੋਕਾਂ ਨੂੰ ਸਮਾਂ ਵੀ ਦੇਣਾ ਪੈਦਾ ਹੈ। ਲੋਕ ਸਭਾ ਦੀ ਟਿਕਟ ਜਿਤਣ ਉਪਰੰਤ ਪੂਰੇ 2 ਸਾਲ ਆਪਣੇ ਹਲਕੇ ਤੋਂ ਬਾਹਰ ਰਹਿ ਕੇ ਆਪਣੀ ਟਿਕਟ ਕਟਵਾਉਣ ੳਪਰੰਤ ਅੱਜ ਲੋਕਾਂ ਦੇ ਕੰਮਾਂ ਤੇ ਹਿਤਾਂ ਦੀ ਰਾਖੀ ਦੀ ਗੱਲ ਕਿਹੜੇ ਮੂੰਹ ਨਾਲ ਕੀਤੀ ਜਾ ਰਹੀ ਹੈ।
ਇਸ ਮੌਕੇ ਜਸਕੀਰਤ ਸਿੰਘ ਸੁਲਤਾਨਵਿੰਡ, ਭੁਪਿੰਦਰ ਸਿੰਘ ਰਾਹੀ, ਜਤਿੰਦਰਪਾਲ ਸਿੰਘ ਘੁੰਮਣ, ਰਾਜ ਕੁਮਾਰ, ਅਜੀਤ ਲਾਲ (ਸਾਰੇ ਕੌਂਸਲਰ), ਲਖਬੀਰ ਸਿੰਘ ਮੋਨੀ ਵੇਰਕਾ, ਮਲਕੀਤ ਸਿੰਘ ਵੱਲਾ, ਦਲਬੀਰ ਸਿੰਘ ਰਿੰਕੂ, ਅਮਰਜੀਤ ਸਿੰਘ ਸੋਹਲ, ਨਵਤੇਜ ਸਿੰਘ ਬਿੱਟੂ, ਮਨਮੋਹਨ ਸਿੰਘ ਬੰਟੀ ਵੇਰਕਾ, ਪ੍ਰਿਸੀਪਲ ਕੁਲਦੀਪ ਸਿੰਘ, ਧਰਮ ਸਿੰਘ ਠੇਕੇਦਾਰ, ਰਵਿੰਦਰ ਸਿੰਘ ਸ਼ੇਰਾ, ਬਾਬਾ ਹਰਜਿੰਦਰ ਸਿੰਘ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …