ਅੰਮ੍ਰਿਤਸਰ, 7 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਪਸ਼ੂਆਂ ਤੋਂ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਜਾਣੂ ਕਰਵਾਉਣ ਸਬੰਧੀ ‘ਲੰਪੀ ਚਮੜੀ ਦੀ ਬਿਮਾਰੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ’ਚ ਲੰਪੀ ਚਮੜੀ ਦੀ ਬਿਮਾਰੀ (ਐਲ.ਐਸ.ਡੀ)- ਪਸ਼ੂਆਂ ਤੇ ਮੱਝਾਂ-ਗਾਵਾਂ ਦਾ ਇਕ ਛੂਤ ਵਾਲਾ ਵਿਸ਼ਾਣੂ ਰੋਗ ਹੈ, ਜੋ ਕਿ ਮੱਛਰ, ਕੱਟਣ ਵਾਲੀਆਂ ਮੱਖੀਆਂ ਅਤੇ ਚਿੱਚੜ ਨਾਲ ਫੈਲਦੀ ਹੈ।
ਪ੍ਰਿੰਸੀਪਲ ਡਾ. ਵਰਮਾ ਨੇ ਦੱਸਿਆ ਕਿ ਇਸ ਬਿਮਾਰੀ ਦੀ ਸ਼ੁਰੂਆਤ 2-3 ਦਿਨਾਂ ਲਈ ਬੁਖਾਰ ਨਾਲ ਹੁੰਦੀ ਹੈ ਅਤੇ ਬਾਅਦ ’ਚ ਸਰੀਰ ਦੀ ਚਮੜੀ ’ਤੇ ਸਖਤ, ਗੋਲ ਨੋਡਿਊਲ (2-5 ਸੈਂਟੀਮੀਟਰ) ਬਣਦੇ ਹਨ।ਇਹ ਨੋਡਿਊਲ ਘੇਰੇਦਾਰ, ਗੋਲ, ਉਭਰੇ ਹੁੰਦੇ ਹਨ, ਚਮੜੀ ਦੇ ਥੱਲ੍ਹੇ ਮਾਸ ਅਤੇ ਕਈ ਵਾਰ ਮਾਸਪੇਸ਼ੀਆਂ ਨੂੰ ਸ਼ਾਮਿਲ ਕਰਦੇ ਹਨ।ਉਨ੍ਹਾਂ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਲੱਛਣਾਂ ’ਚ ਮੂੰਹ, ਗਲੇ ਅਤੇ ਸਾਹ ਦੀ ਨਾਲੀ ’ਚ ਜਖਮ, ਕਮਜ਼ੋਰੀ, ਵਧੇ ਹੋਏ ਲਿੰਫ ਨੋਡਸ, ਘੱਟ ਦੁੱਧ ਉਤਪਾਦਨ, ਗਰਭਪਾਤ ਅਤੇ ਕਈ ਵਾਰ ਮੌਤ ਵੀ ਹੋ ਸਕਦੀ ਹੈ।ਹਾਲਾਂਕਿ ਬਿਮਾਰ ਜਾਨਵਰ ਆਮ ਤੌਰ ’ਤੇ 2-3 ਹਫਤਿਆਂ ’ਚ ਠੀਕ ਹੋ ਜਾਂਦੇ ਪਰ ਕੁਝ ਹਫਤਿਆਂ ਤੱਕ ਪਸ਼ੂਆਂ ’ਚ ਦੁੱਧ ਦੀ ਕਮੀ, ਪਸ਼ੂ ਦਾ ਸੁਸਤ ਤੇ ਢਿੱਲਾ ਰਹਿਣਾ ਅਤੇ ਪਸ਼ੂ ਦੀ ਦਿੱਖ ਮਾੜੀ ਹੁੰਦੀ ਹੈ, ਜੋ ਕਿ ਪਸ਼ੂ ਪਾਲਕ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਬਿਮਾਰੀ ’ਚ ਮੌਤ ਦਰ ਲਗਭਗ 1-5% ਵੇਖੀ ਗਈ ਹੈ।
ਡਾ. ਵਰਮਾ ਨੇ ਕਿਹਾ ਕਿ ਬਿਮਾਰ ਪਸ਼ੂਆਂ ਨੂੰ ਵੱਖ ਰੱਖਿਆ ਜਾਵੇ ਅਤੇ ਡਾਕਟਰ ਨਾਲ ਸਲਾਹ ਕਰਕੇ ਬਿਮਾਰ ਜਾਨਵਰਾਂ ਦਾ ਲੱਛਣਾਂ ਮੁਤਾਬਕ ਇਲਾਜ ਹੋਵੇ।ਉਨ੍ਹਾਂ ਕਿਹਾ ਕਿ ਐਂਟੀਬਾਇਓਟਿਕਸ ਦਵਾਈ ਵੀ 5-7 ਦਿਨਾਂ ਲਈ ਵਰਤੀ ਜਾ ਸਕਦੀ ਹੈ।ਚਮੜੀ ਤੇ ਫਲਾਈ-ਰੈਪੇਲੈਂਟ ਦੇ ਨਾਲ ਐਂਟੀਸੈਪਟਿਕ ਲਗਾਉਣੀ ਚਾਹੀਦੀ ਹੈ।ਬਿਮਾਰ ਪਸ਼ੂਆਂ ਲਈ ਤਰਲ ਭੋਜਨ, ਤਾਜ਼ੇ ਹਰੇ ਚਾਰੇ ਦੀ ਸਿਫਾਰਸ਼ ਹੈ।ਉਨ੍ਹਾਂ ਕਿਹਾ ਕਿ ਐਲ.ਐਸ.ਡੀ ਦੇ ਕਾਰਨ ਮਰਨ ਵਾਲੇ ਪਸ਼ੂਆਂ ਨੂੰ ਡੂੰਘੇ ਟੋਏ ਪੁੱਟ ਕੇ ਡਾਕਟਰ ਦੀ ਸਲਾਹ ਨਾਲ ਦਬਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰੋਕਥਾਮ ਲਈ ਬਿਮਾਰ ਜਾਨਵਰਾਂ ਨੂੰ ਤੰਦਰੁਸਤ ਜਾਨਵਰਾਂ ਤੋਂ ਛੇਤੀ ਤੋਂ ਛੇਤੀ ਵੱਖ ਕੀਤਾ ਜਾਵੇ ਅਤੇ ਚਿੱਚੜ, ਮੱਖੀਆਂ, ਮੱਛਰ, ਪਿੱਸੂ ਦੀ ਰੋਕਥਾਮ ਲਈ ਉਪਰਾਲੇ ਕਰਨ ਅਤੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ।ਉਨ੍ਹਾਂ ਦੱਸਿਆ ਕਿ ਜਾਨਵਰਾਂ ਦੀ ਆਵਾਜਾਈ ਹੋਵੇ ਤੇ ਪਸ਼ੂਆਂ ਦੇ ਵਪਾਰ, ਮੇਲਿਆਂ, ਸ਼ੋਅ ’ਚ ਭਾਗ ਲੈਣ ਤੋਂ ਗੁਰੇਜ਼ ਕੀਤਾ ਜਾਵੇ।ਇਸ ਦੇ ਇਲਾਵਾ ਬੀਮਾਰ ਪਸ਼ੂ ਦਾ ਇਲਾਜ਼ ਕਰਨ ਵਾਲੇ ਕਾਮੇ ਵੱਖ ਹੋਣ ਜਾਂ ਪਹਿਲਾ ਤੰਦਰੁਸਤ ਜਾਨਵਰਾਂ ਦੀ ਸੰਭਾਲ ਕਰਨ।ਫਾਰਮ ਦੀ ਢੁੱਕਵੇਂ ਕੀਟਾਣੂਨਾਸ਼ਕਾਂ ਨਾਲ ਪੂਰੀ ਤਰ੍ਹਾਂ ਸਫਾਈ ਅਤੇ ਰੋਗਾਣੂ ਮੁਕਤ ਕਰਣ ਲਈ ਫਾਰਮਲੀਨ 1% ਜਾਂ ਸੋਡੀਅਮ ਹਾਈਪੋਕਲੋਰਾਈਟ 2-3% ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡਾ. ਵਰਮਾ ਨੇ ਕਿਹਾ ਕਿ ਐਲ.ਐਸ.ਡੀ ਦੇ ਬਿਮਾਰ ਜਾਨਵਰਾਂ ਤੋਂ ਵੀਰਜ਼ ਨਾ ਇਕੱਠਾ ਕੀਤਾ ਜਾਵੇ ਤੇੇ ਨਾ ਹੀ ਮਿਲਾਪ ਲਈ ਵਰਤਿਆ ਜਾਵੇ।ਇਸ ਬਿਮਾਰੀ ਦੀ ਮਨੁੱਖਾਂ ’ਚ ਸੰਕ੍ਰਮਣ ਦੀ ਪੁਸ਼ਟੀ ਨਹੀਂ ਹੋਈ ਹੈ, ਫਿਰ ਵੀ ਪਸ਼ੂਆਂ ਦੀ ਦੇਖ-ਭਾਲ ਕਰਨ ਵਾਲੇ ਕਾਮਿਆਂ, ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜ਼ਰ, ਦਸਤਾਨੇ ਅਤੇ ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।ਘਰੇਲੂ ਔੜ-ਪੌੜ ਨਾ ਕੀਤਾ ਜਾਵੇ ਤੇ ਵਧੇਰੇ ਜਾਣਕਾਰੀ ਲਈ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਜਾਂ ਖਾਲਸਾ ਕਾਲਜ ਵੈਟਨਰੀ ਐਂਡ ਐਨੀਮਲ ਸਾਇੰਸਸ ਹਸਪਤਾਲ ’ਤੇ ਰਾਬਤਾ ਕਾਇਮ ਕੀਤ ਜਾਵੇ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …