ਫਾਇਰਮੈਨਜ਼, ਲੀਡਿੰਗ ਫਾਇਰਮੈਨਜ਼ ਤੇ ਡਰਾਈਵਰਾਂ ਦੀਆਂ 127 ਅਸਾਮੀਆਂ ਵੀ ਜਲਦ ਭਰੀਆਂ ਜਾਣਗੀਆਂ
ਅੰਮ੍ਰਿਤਸਰ, 5 ਦਸੰਬਰ (ਰੋਮਿਤ ਸ਼ਰਮਾ) – ਸੂਬੇ ਦੇ ਸ਼ਹਿਰਾਂ ਵਿੱਚ ਫਾਇਰ ਸਰਵਿਸ ਨੂੰ ਅੱਪਗ੍ਰੇਡ ਕਰਨ ਦੇ ਮੰਤਵ ਨਾਲ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੂਬੇ ਦੇ 13 ਸ਼ਹਿਰਾਂ ਦੇ ਫਾਇਰ ਸਟੇਸ਼ਨਾਂ ਨੂੰ ਨਵੀਆਂ ਗੱਡੀਆਂ ਅਲਾਟ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਸੂਬੇ ਦੇ ਪਹਿਲੇ 17 ਜ਼ਿਲ੍ਹਿਆਂ ਵਿੱਚ ਸਬ ਫਾਇਰ ਬ੍ਰਿਗੇਡਾਂ ਨੂੰ ਗੱਡੀਆਂ/ਫਾਇਰ ਨਾਲ ਸਬੰਧਤ ਸਾਮਾਨ ਖਰੀਦਣ ਲਈ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਰਾਸ਼ੀ ਮਨਜ਼ੂਰ ਕੀਤੀ ਗਈ ਸੀ। ਇਸ ਮੰਤਵ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ 13 ਟਾਟਾ-207 ਗੱਡੀਆਂ ਦੀ ਖਰੀਦ ਕੀਤੀ ਗਈ ਹੈ ਅਤੇ ਇਹ ਗੱਡੀਆ ਫਾਇਰ ਬ੍ਰਿਗੇਡ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਰੂਪਨਗਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਅਬੋਹਰ ਅਤੇ ਮੋਗਾ ਨੂੰ ਅਲਾਟ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਜਿਸ ਦੇ ਪੁਰਾਣੇ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਵੱਡੀਆਂ ਫਾਇਰ ਬ੍ਰਿਗੇਡ ਗੱਡੀਆਂ ਦਾ ਆਉਣਾ-ਜਾਣਾ ਔਖਾ ਸੀ, ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉੱਥੇ ਵੀ ਇਹ ਟਾਟਾ-207 ਗੱਡੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਅਬੋਹਰ ਸ਼ਹਿਰ ਦੀ ਮੰਗ ਨੂੰ ਮੁੱਖ ਰੱਖਦਿਆਂ ਅਤੇ ਕੋਰਟ ਕੇਸ ਦੇ ਮੱਦੇਨਜ਼ਰ ਵੀ ਉਥੇ ਇੱਕ ਗੱਡੀ ਅਲਾਟ ਕੀਤੀ ਗਈਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਹੈ ਕਿ ਵੱਖ-ਵੱਖ ਫਾਇਰ ਬ੍ਰਿਗੇਡਾਂ ਜਿਵੇਂ ਬਠਿੰਡਾ, ਫਰੀਦਕੋਟ, ਰਾਮਪੁਰਾ ਫੂਲ, ਜਲੰਧਰ, ਖੰਨਾ, ਡੇਰਾਬਸੀ, ਮੋਹਾਲੀ, ਮੋਗਾ, ਦਸੂਹਾ ਅਤੇ ਗਿੱਦੜਬਾਹਾ ਆਦਿ ਵਿੱਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਉਨ੍ਹਾਂ ਵੱਲੋਂ ਫਾਇਰਮੈਨਾਂ, ਲੀਡਿੰਗ ਫਾਇਰਮੈਨਾਂ ਅਤੇ ਡਰਾਈਵਰਾਂ ਦੀਆਂ 127 ਆਸਾਮੀਆਂ ਨੂੰ ਸਿਰਜਣ ਅਤੇ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਕਰਨ ਨਾਲ ਅੱਗ ਬੁਝਾਊ ਸੇਵਾਵਾਂ ਚੰਗੇ ਤਰੀਕੇ ਨਾਲ ਨਿਪਟਾਈਆਂ ਜਾ ਸਕਣਗੀਆਂ।