24.63 ਲੱਖ ਦੀ ਲਾਗਤ ਨਾਲ ਕੀਤਾ ਜੰਡਿਆਲਾ ਗੁਰੂ ਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਇਮਾਰਤ ਦੀ ਰਿਪੇਅਰ ਦੇ ਕੰਮਾਂ ਉਦਘਾਟਨ
ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ) – ਜੀ 20 ਸਿਖਰ ਸੰਮੇਲਨ ਮਾਰਚ 2023 ਵਿੱਚ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਸੰਭਾਵਿਤ ਤੌਰ ‘ਤੇ 15 ਤੋਂ 17 ਮਾਰਚ 2023 ਤੱਕ ਹੋਣ ਜਾ ਰਿਹਾ ਹੈ ਅਤੇ ਇਸ ਸੰਮੇਲਨ ਵਿੱਚ ਕਈ ਦੇਸ਼ਾਂ ਦੇ ਡੈਲੀਗੇਟ ਸ਼ਾਮਲ ਹੋਣਗੇ।ਸੰਮੇਲਨ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਅੰਮ੍ਰਿਤਸਰ ਦਾ ਕਾਇਆ ਕਲਪ ਕੀਤਾ ਜਾਵੇਗਾ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਜੰਡਿਆਲਾ ਗੁਰੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ (ਵਿੰਗ-ਏ) ਵਿਖੇ 24.63 ਲੱਖ ਰੁਪਏ ਦੀ ਲਾਗਤ ਨਾਲ ਸਪੈਸ਼ਲ ਕਾਰਜ਼ਾਂ ਦਾ ਉਦਘਾਟਨ ਕਰਨ ਸਮੇਂ ਕੀਤਾ।ਉਨਾਂ ਦੱਸਿਆ ਕਿ ਸਪੈਸ਼ਲ ਕਾਰਜ਼ਾਂ ਹੇਠ ਸਕੂਲ ਵਿੱਚ ਕੰਪਿਊਟਰ ਲੈਬ, ਟਾਇਲਟਾਂ ਦੀ ਮੁਰੰਮਤ, ਛੱਤ ਉਤੇ ਟਾਈਲਾਂ ਅਤੇ ਇੰਟਲਾਕਿੰਗ ਟਾਇਲਾਂ ਵੀ ਲਗਾਈਆਂ ਜਾਣਗੀਆਂ।ਉਨਾਂ ਕਿਹਾ ਕਿ ਸਕੂਲ ਦੀ ਇਮਾਰਤ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ।ਈ.ਟੀ.ਓ ਨੇ ਕਿਹਾ ਕਿ ਜੰਡਿਆਲਾ ਗੁਰੂ ਦੇ ਸਾਰੇ ਸਰਕਾਰੀ ਸਕੁਲਾਂ ਵਿੱਚ ਮੁੱਢਲਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਸੂਬੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਜੀ-20 ਸਿਖਰ ਸੰਮੇਲਨ ਅੰਮ੍ਰਿਤਸਰ ਵਿਖੇ ਹੋਣ ਜਾ ਰਿਹਾ ਹੈ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਭਾਰਤ ਦੀ ਤਰਫੋਂ ਦੁਨੀਆਂ ਦੇ ਨਕਸ਼ੇ ‘ਤੇ ਪੇਸ਼ ਕੀਤਾ ਜਾਵੇਗਾ।ਇਸ ਲਈ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਸੰਮੇਲਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਰਕਾਰ ਵਲੋਂ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ।