ਹਕੂਮਤਾਂ ਨੇ ਗਦਰੀ ਦੇਸ਼ ਭਗਤਾਂ ਦੀ ਸੋਚ ਨੂੰ ਵਿਸਾਰ ਦਿੱਤਾ- ਪ੍ਰਿਥੀਪਾਲ ਸਿੰਘ ਮਾੜੀਮੇਘਾ
ਅਲਗੋਂ ਕੋਠੀ, 15 ਦਸੰਬਰ (ਹਰਦਿਆਲ ਸਿੰਘ ਭੈਣੀ) – ਪਿੰਡ ਭਕਨਾ ਵਿਖੇ 4 ਜਨਵਰੀ ਨੂੰ ਗਦਰੀ ਬਾਬਿਆਂ ਦਾ ਮੇਲਾ ਲੱਗ ਰਿਹਾ ਹੈ ਅਤੇ ਜਿਲ੍ਹਾ ਭਰ ਵਿੱਚ ਇਸ ਦੀਆਂ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ।ਭਿੱਖੀਵਿੰਡ ਬਲਾਕ ਦੇ ਪਿੰਡਾਂ ਖਾਲੜਾ, ਮਾੜੀ ਮੇਘਾ, ਭਗਵਾਨਪੁਰਾ, ਲੱਧੂ, ਬਾਠ, ਘੁਰਗਵਿੰਡ ਪਿੰਡਾਂ ਵਿੱਚ ਮੀਟਿੰਗਾਂ ਕਰਨ ਤੋਂ ਬਾਅਦ ਅੱਜ ਅਲਗੋਂ ਕੋਠੀ ਅੱਡੇ ਵਿਖੇ ਨਰਿੰਦਰ ਸਿੰਘ ਅਲਗੋਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਜਿਸ ਨੂੰ ਸੰਬੋਧਨ ਦੌਰਾਨ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੁੱਲ ਹਿੰਦ ਪ੍ਰਧਾਨ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗਦਰੀ ਬਾਬਿਆਂ ਦੀ ਕੁਰਬਾਨੀ ਦੀ ਬਦੌਲਤ ਹੀ ਦੇਸ਼ ਆਜ਼ਾਦ ਹੋਇਆ ਹੈ।ਪਰ ਹਕੂਮਤਾਂ ਨੇ ਗਦਰੀ ਦੇਸ਼ ਭਗਤਾਂ ਦੀ ਸੋਚ ਨੂੰ ਵਿਸਾਰ ਦਿੱਤਾ ਹੈ।ਅੱਜ ਸਾਡੇ ਸਮਾਜ ਵਿੱਚ ਬੇਰੁਜ਼ਗਾਰੀ ਹੈ।ਨੌਜਵਾਨ ਵਰਗ ਇੰਨਾ ਜਿਆਦਾ ਤੰਗ ਆ ਚੁੱਕਾ ਹੈ ਕਿ ਨੌਜਵਾਨ ਸਰਕਾਰ ਦੇ ਦੁਆਰਾ ਅੱਗੇ ਜਾ ਕੇ ਖੁਦਕੁਸ਼ੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਪਰ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਬਿਆਨ ਇਹ ਦਿੰਦੇ ਹਨ ਕਿ ਸਾਰੇ ਦੇਸ਼ ਵਿੱਚ ਬੇਰੁਜ਼ਗਾਰੀ ਹੈ, ਪੰਜਾਬ ਇਕੱਲਾ ਕੀ ਕਰ ਸਕਦਾ ਹੈ।ਪੰਜਾਬ ਦੇ ਖਜ਼ਾਨਾ ਮੰਤਰੀ ਇਸ ਦੁਰਘਟਨਾ ਬਾਰੇ ਕਹਿੰਦੇ ਹਨ ਕਿ ਹਰੇਕ ਵਿਅਕਤੀ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ।ਉਕਤ ਦੋਵੇਂ ਬਿਆਨ ਤਾਂ ਜਿਨ੍ਹਾਂ ਨੌਜਵਾਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦੇ ਜਖਮਾਂ ਤੇ ਮਲ੍ਹਮ ਲਾਉਣ ਦੀ ਜਗ੍ਹਾ ਲੂਣ ਝਿੜਕਣ ਬਰਾਬਰ ਹੈ।ਮੁੱਖ ਮੰਤਰੀ ਨੇ ਤਾਂ ਕੁੱਝ ਦਿਨ ਪਹਿਲਾਂ ਬਿਆਨ ਇਹ ਦਿੱਤਾ ਸੀ ਕਿ ਹਰੇਕ ਬੇਰੁਜ਼ਗਾਰ ਨੂੰ ਰੁਜਗਾਰ ਦਿੱਤਾ ਜਾਵੇਗਾ, ਪਰ ਹੁਣ ਆਪਣੇ ਬਿਆਨ ਤੋਂ ਉਲਟ ਬਿਆਨ ਦੇ ਦਿੱਤਾ ਹੈ। ਉਨਾਂ ਕਿਹਾ ਕਿ ਗਦਰੀ ਬਾਬਿਆਂ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੇ ਮੰਤਵ ਨਾਲ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਮੋਹਨ ਸਿੰਘ ਭਕਨਾ, ਬਾਬਾ ਗੁੱਜਰ ਸਿੰਘ ਭਕਨਾ ਅਤੇ ਬਾਬਾ ਕੇਸਰ ਸਿੰਘ ਠੱਠਗੜ੍ਹ ਦੀ ਯਾਦ ਵਿੱਚ 4 ਜਨਵਰੀ ਨੂੰ ਸੀ.ਪੀ.ਆਈ. ਵੱਲੋਂ ਪਿੰਡ ਭਕਨਾ ਵਿਖੇ ਸਿਆਸੀ ਕਾਨਫਰੰਸ ਸਭਿਆਚਾਰਕ ਸਮਾਗਮ ਕੀਤਾ ਜਾ ਰਿਹਾ ਹੈ।ਮੀਟਿੰਗ ਵਿੱਚ ਸੀ.ਪੀ.ਆਈ. ਬਲਾਕ ਭਿੱਖੀਵਿੰਡ ਦੇ ਸਕੱਤਰ ਪਵਨ ਕੁਮਾਰ ਮਲਹੋਤਰਾ, ਗੁਰਚਰਨ ਸਿੰਘ ਕੁੰਡਾ, ਸੁਖਦੇਵ ਸਿੰਘ ਭਾਲਾ, ਜੈਮਲ ਸਿੰਘ ਬਾਠ, ਕਾਬਲ ਸਿੰਘ ਖਾਲੜਾ, ਸਤੀਸ਼ ਕੁਮਾਰ, ਪਿੱਪਲ ਸਿੰਘ ਅਤੇ ਟਹਿਲ ਸਿੰਘ ਲੱਥੂ ਵੀ ਹਾਜ਼ਰ ਸਨ।