ਜਥੇਬੰਦੀ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਡੱਟ ਕੇ ਖੜੀ ਹੈ – ਜੌੜਾ, ਖਾਲਸਾ, ਕੰਵਰਬੀਰ ਸਿੰਘ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਬੰਦੀ ਸਿੰਘਾਂ ਦੀ ਪੱਕੀ ਰਿਹਾਈ ਨੂੰ ਸਮਰਪਿੱਤ ਗੁਰਦੁਆਰਾ ਲਖਨੌਰ ਸਾਹਿਬ (ਅੰਬਾਲਾ) ਵਿਖੇ ਰੱਖੇ ਗਏ 12 ਤੋਂ 14 ਦਸੰਬਰ ਤੱਕ ਕਰਵਾਏ ਗਏ ਸਮਾਗਮ ਵਿੱਚ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਦੇ ਸਮੂੰਹ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ, ਕੌਮੀ ਸੀਨੀ: ਮੀਤ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ, ਸੂਬਾ ਪ੍ਰਧਾਨ ਜੇਲ੍ਹ ਵਿਭਾਗ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ, ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਜੋ ਸਾਂਝੇ ਤੌਰ ਤੇ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਸਮਾਗਮ ਰੱਖਿਆ ਗਿਆ ਸੀ, ਉਹ ਚੜ੍ਹਦੀਕਲ੍ਹਾ ਨਾਲ ਸਮਾਪਤ ਹੋਇਆ ਹੈ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਟੀਮ ਵੱਲੋਂ ਵੀ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਅਨੇਕਾਂ ਪ੍ਰਬੰਧ ਕੀਤੇ ਗਏ ਸਨ। ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸਮਾਗਮ ਦੀ ਸਮਾਪਤੀ ਉਪਰੰਤ ਇਸ ਸੰਘਰਸ਼ ਨਾਲ ਸਬੰਧਤ ਆਪਣੇ ਵਿਚਾਰ ਰੱਖੇ। ਭਾਈ ਖਾਲਸਾ ਵੱਲੋਂ ਜਿੱਥੇ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਸ਼ਾਂਤਮਈ ਢੰਗ ਨਾਲ ਅਗਲੇ ਕਾਰਜ ਅਰੰਭਣ ਤਾਂ ਜੋ ਇਸ ਕੌਮੀ ਮਸਲੇ ਦੀ ਅਵਾਜ਼ ਨੂੰ ਪ੍ਰਚੰਡ ਕੀਤਾ ਜਾ ਸਕੇ, ਉਥੇ ਆਈਆਂ ਸਮੂੰਹ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। ਆਗੂਆਂ ਨੇ ਅੱਗੇ ਕਿਹਾ ਕਿ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਭਰੋਸਾ ਦਿਵਾਇਆ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਗਏ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੇ ਨਾਲ ਖੜੇ ਹਨ।
ਜੌੜਾ, ਖਾਲਸਾ, ਕੰਵਰਬੀਰ ਸਿੰਘ ਨੇ ਕਿਹਾ ਕਿ ਭਾਈ ਖਾਲਸਾ ਦੀ ਭੁੱਖ ਹੜਤਾਲ ਨੂੰ ਅੱਜ 31 ਦਿਨ ਹੋ ਗਏ ਹਨ, ਪਰ ਉਨ੍ਹਾਂ ਦਾ ਹੌਂਸਲਾ ਬਿਲਕੁਲ ਦ੍ਰਿੜ ਹੈ ਅਤੇ ਕੌਮੀ ਜ਼ਜ਼ਬੇ ਦਾ ਸੰਕਲਪ ਉਨ੍ਹਾਂ ਦੇ ਚਿਹਰੇ ਤੇ ਦੇਖਿਆ ਜਾ ਸਕਦਾ ਹੈ।ਇਸ ਮੌਕੇ ਗੁਰਮਨਜੀਤ ਸਿੰਘ (ਅੰਮ੍ਰਿਤਸਰ), ਗੁਰਿੰਦਰ ਸਿੰਘ ਸ਼ਾਂਤ, ਬਿਕਰਮ ਸਿੰਘ, ਕੁਲਜੀਤ ਸਿੰਘ ਅਤੇ ਆਈ.ਐਸ.ਓ. ਦੇ ਹੋਰ ਅਨੇਕਾਂ ਨੌਜਵਾਨਾਂ ਤੋਂ ਇਲਾਵਾ ਭਾਈ ਖਾਲਸਾ ਦੇ ਬੇਟੇ ਜੁਝਾਰ ਸਿੰਘ ਤੇ ਸਮੂੰਹ ਪਰਿਵਾਰਕ ਮੈਂਬਰ, ਬਗੀਚਾ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਗੁਰਪਿਆਰ ਸਿੰਘ, ਦਲਜੀਤ ਸਿੰਘ ਸਮੇਤ ਹਜ਼ਾਰਾਂ ਸੰਗਤਾਂ ਹਾਜ਼ਰ ਸਨ।