Sunday, December 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਲਾ ਦਾ ਮੇਲਾ `ਜਸ਼ਨ-2023’ ਸ਼ੁਰੂ

ਦੇਸ਼ ਦੀ ਟਾਪ ਯੂਨੀਵਰਸਿਟੀ `ਚ ਪੜ੍ਹ ਰਹੇ ਵਿਦਿਆਰਥੀ ਖੁਸ਼ਕਿਸਮਤ – ਸੰਦੀਪ ਰਿਸ਼ੀ

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਥੇ ਵੱਡੇ ਵੱਡੇ ਵਿਗਿਆਨੀ, ਇੰਜੀਨੀਅਰ, ਆਰਕੀਟੈਕ, ਖਿਡਾਰੀ ਅਤੇ ਹੋਰ ਵਿਸ਼ਾ ਮਾਹਿਰ ਪੈਦਾ ਕਰਦੀ ਹੈ ਉਥੇ ਇਸ ਯੂਨੀਵਰਸਿਟੀ ਦੀ ਵੱਡੀ ਦੇਣ ਇਹ ਵੀ ਹੈ ਇਸ ਨੇ ਵੱਡੇ ਵੱਡੇ ਕਲਾਕਾਰ ਵੀ ਪੈਦਾ ਕੀਤੇ ਹਨ ਜੋ ਯੂਨੀਵਰਸਿਟੀ `ਚ ਹੁੰਦੇ ਵੱਖ ਵੱਖ ਕਲਾ ਪ੍ਰੋਗਰਾਮਾਂ ਦੀ ਦੇਣ ਹੈ। ਉਹ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ `ਚ ਸ਼ੁਰੂ ਹੋਏ ਚਾਰ ਦਿਨਾ `ਜਸ਼ਨ 2023` ਦੇ ਉਦਘਾਟਨੀ ਸਮਾਰੋਹ ਸਮੇਂ ਵਿਦਿਆਰਥੀ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹਾਲ ਵਿੱਚ ਹੀ ਪ੍ਰਾਪਤ ਕੀਤੀਆਂ ਗਈਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਦੂਰਅੰਦੇਸ਼ੀ ਅਤੇ ਯੋਗ ਅਗਵਾਈ ਸਦਕਾ ਅੱਜ ਪੂਰੇ ਦੇਸ਼ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਂ ਦਾ ਡੰਕਾ ਵੱਜ ਰਿਹਾ ਹੈ। ਇਸ ਤੋਂ ਪਹਿਲਾਂ ਰਿਸ਼ੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਜਸ਼ਨ ਦਾ ਆਗਾਜ਼ ਕੀਤਾ।ਸ਼ਮ੍ਹਾਂ ਰੋਸ਼ਨ ਕਰਨ ਮੌਕੇ ਡਾ. ਮਨਦੀਪ ਕੌਰ, ਡਾ. ਤੇਜਵੰਤ ਸਿੰਘ ਕੰਗ, ਕਰਨਲ ਕੇ.ਐਸ. ਚਾਹਲ ਵੀ ਹਾਜ਼ਰ ਸਨ।
ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਰਿਸ਼ੀ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਅਤੇ ਹੋਰ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ।ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ, ਕਲਾਂ ਅਤੇ ਸੱਭਿਆਚਾਰ ਗਤੀਵਿਧੀਆਂ ਵਿੱਚ ਲਿਆ ਹਿੱਸਾ ਵਿਦਿਆਰਥੀਆਂ ਦੀ ਸਖ਼ਸੀਅਤ ਨੂੰ ਹੋਰ ਉਘਾੜਨ ਵਿਚ ਮਦਦ ਕਰਦਾ ਹੈ।ਇਨ੍ਹਾਂ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਲਗਪਗ 40 ਵਿਭਾਗਾਂ ਦੇ ਵਿਦਿਆਰਥੀ ਸੰਗੀਤ, ਨਾਚ, ਕਲਾ, ਲਿਟਰੇਰੀ, ਥੀਏਟਰ, ਕੋਮਲ ਕਲਾਵਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ।ਸੰਗੀਤ, ਥੀਏਟਰ, ਡਾਂਸ, ਲਿਟਰੇਰੀ ਅਤੇ ਕੋਮਲ-ਕਲਾਵਾਂ ਦੇ ਦੇ ਚਾਰ ਰੋਜ਼ਾ ਚੱਲਣ ਵਾਲੇ ਮੁਕਾਬਲੇ ‘ਜਸ਼ਨ-2023’ 8 ਅਪ੍ਰੈਲ ਨੂੰ ਪੰਜਾਬ ਦੇ ਲੋਕ ਨਾਚ ਗਿੱਧੇ ਦੀਆਂ 11 ਟੀਮਾਂ ਦੀ ਪੇਸ਼ਕਾਰੀ ਉਪਰੰਤ ਇਨਾਮ ਵੰਡ ਸਮਾਰੋਹ ਨਾਲ ਸੰਪਨ ਹੋਵੇਗਾ।
ਪਹਿਲੇ ਦਿਨ ਦਸਮੇਸ਼ ਆਡੀਟੋਰੀਅਮ ਵਿੱਚ ਵੱਖ ਵੱਖ ਵਿਭਾਗਾਂ ਦੀਆਂ 11 ਭੰਗੜੇ ਦੀਆਂ ਟੀਮਾਂ ਦੀ ਦਮਦਾਰ ਪੇਸ਼ਕਾਰੀ ਨੇ ਜਿਥੇ ਦਰਸ਼ਕਾਂ ਦੇ ਜੋਸ਼ ਨੂੰ ਦੂਣ ਸਵਾਇਆ ਕਰ ਦਿੱਤਾ ਉਥੇ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਵੇਖਣ ਲਈ ਆਡੀਟੋਰੀਅਮ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਹੋਰਨਾਂ ਮੁਕਾਬਲ਼ਿਆਂ ਵਿਚ ਸ਼ਬਦ\ਭਜਨ ਦੀ 16 ਟੀਮਾਂ ਤੋਂ ਇਲਾਵਾ ਗੁਰੂ ਨਾਨਕ ਭਵਨ ਆਡੀਟੋਰੀਅਮ ਵਿੱਚ ਗੀਤ ਗਜ਼ਲ ਦੀ 14 ਟੀਮਾਂ, ਲੋਕ ਗੀਤ ਦੀਆਂ 18 ਅਤੇ ਕਾਨਫਰੰਸ ਹਾਲ ਵਿਚ ਕੁਇਜ਼ ਦੇ ਮੁਕਾਬਲੇ ਵਿਚ 26 ਟੀਮਾਂ ਨੇ ਭਾਗ ਲਿਆ।
6 ਅਪ੍ਰੈਲ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਮਿਮਿਕਰੀ, ਨੋਟੰਕੀ, ਸਕਿੱਟ ਅਤੇ ਕੋਰੀਓਗਰਾਫੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿੱਚ ਡਿਬੇਟ ਦੇ ਮੁਕਾਬਲੇ ਕਰਵਾਏ ਜਾਣਗੇ।ਲੈਕਚਰ ਥੀਏਟਰ ਕੰਪਲੈਕਸ ਵਿੱਚ ਕਾਰਟੂਨਿੰਗ, ਪੋਸਟਰ ਮੇਕਿੰਗ, ਪੇਂਟਿੰਗ ਆਨ ਦਾ ਸਪਾਟ, ਫਲਾਵਰ ਅਰੇਂਜਮੈਂਟ, ਕੋਲਾਜ਼, ਰੰਗੋਲੀ, ਆਨ ਦਾ ਸਪਾਟ ਥੀਮ ਫੋਟੋਗ੍ਰਾਫੀ, ਮਹਿੰਦੀ ਮੁਕਾਬਲੇ ਅਤੇ ਕਲੇਅ ਮਾਡਲਿੰਗ ਦੇ ਮੁਕਾਬਲੇ ਕਰਵਾਏ ਜਾਣਗੇ।ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਵੈਸਟਰਨ ਵੋਕਲ, ਇੰਸਟਰੂਮੈਂਟਲ (ਪਰਕਸ਼ਨ), ਇੰਸਟਰੂਮੈਂਟਲ (ਨਾਨ ਪਰਕਸ਼ਨ) ਦੇ ਮੁਕਾਬਲੇ 6 ਅਪ੍ਰੈਲ ਨੂੰ ਹੀ ਕਰਵਾਏ ਜਾਣਗੇ।
7 ਅਪ੍ਰੈਲ ਨੂੰ ਵੈਸਟਰਨ ਗਰੁੱਪ ਡਾਂਸ, ਕ੍ਰਿਏਟਿਵ ਗਰੁੱਪ ਡਾਂਸ, ਸ਼ਾਰਟ ਫਿਲਮ ਮੇਕਿੰਗ ਦੇ ਮੁਕਾਬਲਿਆਂ ਦਾ ਆਯੋਜਨ ਦਸਮੇਸ਼ ਆਡੀਟੋਰੀਅਮ ਵਿੱਚ ਹੋਵੇਗਾ ਅਤੇ ਕਾਨਫਰੰਸ ਹਾਲ ਵਿੱਚ ਪੋਇਟੀਕਲ ਸਿੰਪੋਜ਼ੀਅਮ ਅਤੇ ਐਕਸਟੈਂਪੋਰ ਦਾ ਆਯੋਜਨ ਹੋਵੇਗਾ।ਆਖਰੀ ਦਿਨ 8 ਅਪ੍ਰੈਲ ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਡਾਂਸ ਟੂ ਨਿਊਨ, ਗਿੱਧਾ ਅਤੇ ਇਨਾਮ ਵੰਡ ਸਮਾਗਮ ਹੋਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …