Sunday, December 22, 2024

ਦਿੱਲੀ ਲਾਲ ਕਿਲ੍ਹੇ ਦਾ ਜੇਤੂ ਜਰਨੈਲ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਸਮੇਂ ਬਾਕੀ ਸਿੱਖ ਸਰਦਾਰਾਂ ਨਾਲ ਮਿਲ ਕੇ ਮੁਗਲਾਂ ਦੇ ਦੰਦ ਖੱਟੇ ਕੀਤੇ ਕਿ ਉਹ ਕਈ ਪੁਸ਼ਤਾਂ ਤੱਕ ਯਾਦ ਕਰਦੇ ਰਹੇ ਤੇ ਉਨਾਂ ਮੁੜ ਪੰਜਾਬ ਵੱਲ ਮੂੰਹ ਨਹੀਂ ਕੀਤਾ।ਆਪ ਦੀ ਬਹਾਦਰੀ ਦੇ ਕਿੱਸੇ ਤਾਂ ਦੁਸ਼ਮਨ ਵੀ ਆਪਣੇ ਇਤਹਾਸ ਵਿਚ ਲਿਖਣਾ ਨਹੀਂ ਭੁੱਲੇ।
ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀਆਂ ਲਗਾਤਾਰ ਜਿੱਤਾਂ ਅਤੇ ਰਾਜ ਦੀ ਵਿਸ਼ਾਲਤਾ ਨਾਲ ਸਲਾਨਾ ਆਮਦਨ ਵਿੱਚ ਚੋਖਾ ਵਾਧਾ ਹੋ ਗਿਆ ਸੀ।ਇਸ ਤਰਾਂ ਫੌਜੀ ਤਾਕਤ ਵਿੱਚ ਵਾਧਾ ਹੋਣਾ ਵੀ ਸੁਭਾਵਿਕ ਸੀ।ਇਸ ਕਾਰਨ ਬਾਕੀ ਸਾਰੀਆਂ ਮਿਸਲਾਂ ਇਸ ਨਾਲ ਈਰਖਾ ਕਰਨ ਲੱਗ ਪਈਆਂ ਅਤੇ ਇਸ ‘ਤੇ ਕਾਬੂ ਪਾਉਣ ਦੀਆਂ ਵਿਉਂਤਾਂ ਕਰਨ ਲੱਗ ਪਈਆਂ।ਸ੍ਰ: ਜੱਸਾ ਸਿੰਘ ਆਹਲੂਵਾਲੀਏ ਦੀ ਰਾਮਗੜ੍ਹੀਆਂ ਹਥੋਂ ਗ੍ਰਿਫਤਾਰੀ ਅਤੇ ਸ੍ਰ: ਚੜ੍ਹਤ ਸਿੰਘ ਸ਼ੁਕਰਚਕੀਏ ਦੀ ਹਾਰ ਨੇ ਬਾਕੀ ਮਿਸਲਾਂ ਦੇ ਗਠਜੋੜ ਦਾ ਮੁੱਢ ਬੰਨ ਦਿੱਤਾ।ਇਹਨਾਂ ਨੇ ਇਕ-ਇਕ ਕਰਕੇ ਰਾਮਗੜੀਏ ਦੇ ਸਾਰੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ।ਇਹ ਸਮਾਂ 1776 ਦਾ ਸੀ, ਹੁਣ ਰਾਮਗੜ੍ਹੀਆ ਸਰਦਾਰ ਆਪਣਾ ਇਲਾਕਾ ਛੱਡ ਕੇ ਆਪਣੇ ਚੋਣਵੇਂ ਯੋਧਿਆਂ ਨਾਲ ਸਤਲੁਜ ਤੋਂ ਪਾਰ ਹੋ ਗਿਆ।ਇਥੇ ਪਟਿਆਲਾ ਰਿਆਸਤ ਦੇ ਰਾਜੇ ਸ੍ਰ: ਅਮਰ ਸਿੰਘ ਨੇ ਇਸ ਨੂੰ ‘ਜੀ ਆਇਆਂ’ ਕਿਹਾ ਅਤੇ ਦੋਸਤੀ ਦਾ ਹੱਥ ਵਧਾਇਆ, ਕਿਉਕਿ ਉਹ ਇਸ ਦੀ ਬਹਾਦਰੀ, ਤਾਕਤ, ਸਿਆਣਪ ਅਤੇ ਯੁੱਧ ਕੁਸ਼ਲਤਾ ਨੂੰ ਜਾਣਦਾ ਸੀ ਅਤੇ ਆਪਣੇ ਵਿਰੋਧੀਆਂ ਖਿਲਾਫ ਮਦਦ ਲਈ ਵਰਤਣਾ ਚਾਹੁੰਦਾ ਸੀ।ਇਸ ਨੂੰ ਹਾਂਸੀ ਤੇ ਹਿਸਾਰ ਦਾ ਇਲਾਕਾ ਜਗੀਰ ਵਜੋਂ ਦਿੱਤਾ, ਜੋ ਇਸ ਨੇ ਆਪਣੇ ਪੁੱਤਰ ਸ੍ਰ: ਜੌਧ ਸਿੰਘ ਦੇ ਹਵਾਲੇ ਕਰ ਦਿੱਤਾ ਤੇ ਆਪ ਜਮੁਨਾ-ਗੰਗਾ ਦੇ ਵਿੱਚਲੇ ਇਲਾਕਿਆਂ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ।
ਇਸ ਸ਼ੇਰ ਦਿਲ ਸਰਦਾਰ ਨੇ ਅਹਿਮਦ ਸ਼ਾਹ ਅਬਦਾਲੀ ਵਰਗੇ ਸ਼ਕਤੀਸ਼ਾਲੀ ਅਫਗਾਨ ਬਾਦਸ਼ਾਹ ਦਾ ਅਜਿਹਾ ਨੱਕ ਵਿੱਚ ਦਮ ਕੀਤਾ ਕਿ ਉਹ ਹੌਂਸਲਾ ਹਾਰ ਗਿਆ ਕਿ ਮੁੜ ਕੇ ਉਸਦਾ ਪੰਜਾਬ ’ਤੇ ਹਮਲਾ ਕਰਨ ਦਾ ਹੀਆ ਨਾ ਪਿਆ।ਇਕ ਪੰਥਕ ਜਰਨੈਲ ਨੇ ਅਜਿਹੇ ਦੰਦ ਖੱਟੇ ਕੀਤੇ ਕਿ ਉਹ ਸ੍ਰੀ ਦਸ਼ਮੇਸ਼ ਜੀ ਦੇ ਸੂਰਬੀਰ ਸਿੰਘਾਂ ਦੇ ਬਾਹੂਬਲ ਤੇ ਮਹਾਨ ਸ਼ਕਤੀ ਤੋਂ ਭੈਅ ਖਾਣ ਲੱਗ ਪਏ।ਖ਼ਾਲਸਾ ਪੰਥ ਵਿੱਚ ਇਕ ਮਹਾਨ ਯੋਧਾ ਸ. ਜੱਸਾ ਸਿੰਘ ਰਾਮਗੜ੍ਹੀਆ ਹੀ ਹੋਇਆ ਹੈ, ਜਿਸ ਨੇ ਦਿੱਲੀ ਦਾ ਲਾਲ ਕਿਲ੍ਹਾ ਫ਼ਤਹਿ ਕਰਕੇ ਹਿੰਦੁਸਤਾਨ ਦੇ ਇਤਿਹਾਸ ਅੰਦਰ ਇਕ ਸੁਨਹਿਰੀ ਵਰਕਾ ਲਿਖ ਦਿੱਤਾ ਹੈ ਕਿ ਸਿੰਘਾਂ ਨੇ ਵੀ ਦਿੱਲੀ ਲਾਲ ਕਿਲ੍ਹੇ ‘ਤੇ ਕਬਜ਼ਾ ਕੀਤਾ ਸੀ।
ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਮਗਰੋਂ ਮੁੜ ਕਿਸੇ ਦਾ ਵੀ ਹੌਂਸਲਾ ਨਹੀਂ ਪਿਆ ਕਿ ਉਹ ਲਾਲ ਕਿਲ੍ਹੇ ਵੱਲ ਮੂੰਹ ਵੀ ਕਰ ਸਕੇ।ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਸਤਲੁਜ ਪਾਰ ਦੇ ਇਲਾਕਿਆਂ ਨੂੰ ਜੋ ਰਾਮਗੜ੍ਹੀਏ ਸਰਦਾਰ ਨੇ ਜਿੱਤੇ ਸਨ, ਵੱਲ ਵਧਣ ਦਾ ਹੀਆ ਨਾ ਕਰ ਸਕਿਆ।ਇਸ ਕੌਮੀ ਜਰਨੈਲ ਨੇ ਦਿੱਲੀ ਫ਼ਤਹਿ ਕਰਕੇ ਸਾਰੇ ਭਾਰਤ ਵਰਸ਼ ਵਿੱਚ ਉਹ ਧਾਕ ਬਣਾਈ ਕਿ ਮੁਗਲੀਆ ਸਲਤਨਤ, ਮਰਹੱਟੇ, ਪਠਾਣ, ਰਾਜਪੂਤ ਤੇ ਰੁਹੇਲੇ ਮੂਲ ਕੀ ਉਸ ਸਮੇਂ ਦੀਆਂ ਮਹਾਨ ਤਾਕਤਾਂ ਖ਼ਾਲਸੇ ਦੀ ਸ਼ਾਨ ਤੇ ਤਾਕਤ ਨੂੰ ਮੰਨਣ ਲੱਗ ਪਈਆਂ।ਕਈ ਵਿਦਵਾਨਾਂ ਦੀ ਰਾਇ ਹੈ ਕਿ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਨਾਲ ਮਿਸਲ ਕਨ੍ਹਈਆ, ਮਿਸਲ ਆਹਲੂਵਾਲੀਆ ਤੇ ਮਿਸਲ ਸ਼ੁਕਰਚੱਕੀਆ ਦੇ ਸਰਦਾਰਾਂ ਨੇ ਵਿਰੋਧਤਾ ਕੀਤੀ ਸੀ।ਪਰ ਰਾਮਗੜ੍ਹੀਆ ਸਰਦਾਰ ਪੰਥਕ ਏਕਤਾ ਅਤੇ ਪੰਥ ਦਾ ਬੜਾ ਚਾਹਵਾਨ ਸੀ।ਇਹ ਕੇਵਲ ਜੈ ਸਿੰਘ ਕਨ੍ਹਈਏ ਦੀ ਸ਼ਰਾਰਤ ਸੀ ਕਿ ਰਾਮਗੜ੍ਹੀਏ ਸਰਦਾਰ ਦਾ ਰਿਆੜਕੀ ਹਿਸਾਰ ਦਾ ਇਲਾਕਾ ਆਪਣੇ ਅਧੀਨ ਕਰ ਲਵਾਂ।ਸ. ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਰਚੱਕੀਏ ਦੀ ਸਹਾਇਤਾ ਨਾਲ ਰਾਮਗੜ੍ਹੀਏ ਸਰਦਾਰ ਦੀ ਪੰਜਾਬ ਵਿੱਚੋਂ ਹੋਂਦ ਖਤਮ ਕਰਨ ਦਾ ਯਤਨ ਕੀਤਾ।ਪਰ ਜਿਸ ਮਹਾਂਪੁਰਸ਼ ਨੇ ਪੰਥ ਲਈ ਏਨੀਆਂ ਕੁਰਬਾਨੀਆਂ ਕੀਤੀਆਂ ਹੋਣ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਜੀ ਸਦਾ ਹੀ ਉਸ ਦੇ ਅੰਗ ਸੰਗ ਰਹਿੰਦੇ ਸਨ।ਇਹਨਾਂ ਸਰਦਾਰਾਂ ਦੀ ਦੁਸ਼ਮਨੀ ਸ. ਜੱਸਾ ਸਿੰਘ ਰਾਮਗੜ੍ਹੀਏ ਤੇ ਪੰਥ ਦੀ ਸ਼ਾਨ ਲਈ ਅਕਾਲ ਪੁਰਖ ਦੀ ਇੱਕ ਗੁੱਝੀ ਰਹਿਮਤ ਸਾਬਤ ਹੋਈ।ਇਹ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਬਹਾਦਰੀ, ਦਲੇਰੀ ਅਤੇ ਨਿਰਭੈਤਾ ਸੀ ਕਿ ਉਸਨੇ ਮੁਗਲੀਆ ਸਲਤਨਤ ਦੇ ਬਾਦਸ਼ਾਹ ਸ਼ਾਹ ਆਲਮ ਦੂਸਰੇ ਨੂੰ ਬੁਰੀ ਤਰ੍ਹਾਂ ਹਾਰ ਦਿੱਤੀ ਤੇ ਦਿੱਲੀ ਲਾਲ ਕਿਲ੍ਹੇ ਨੂੰ ਫ਼ਤਹਿ ਕਰਕੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ।
ਜੇ ਨਿਰਪੱਖ ਤੌਰ ‘ਤੇ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਜੀਵਨ ਉਪਰ ਆਲੋਚਨਾਤਮਕ ਦ੍ਰਿਸ਼ਟੀਕੋਣ ‘ਤੇ ਨਜ਼ਰ ਮਾਰੀਏ ਤਾਂ ਸਾਨੂੰ ਕਹਿਣਾ ਪਵੇਗਾ ਕਿ ਜਿਸ ਦ੍ਰਿੜਤਾ ਅਤੇ ਉਤਸ਼ਾਹ ਤੇ ਪੰਥਕ ਪਿਆਰ ਨਾਲ ਰਾਮਗੜ੍ਹੀਏ ਸਰਦਾਰ ਨੇ ਪੰਥਕ ਪਿਆਰ ਲਈ ਕੁਰਬਾਨੀਆਂ ਕੀਤੀਆਂ ਅਤੇ ਮੱਲਾਂ ਮਾਰੀਆਂ ਜੇਕਰ ਜੈ ਸਿੰਘ ਕਨ੍ਹਈਆ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ ਵੀ ਆਪਣੇ ਨਿੱਜੀ ਲਾਭਾਂ ਨੂੰ ਤਿਆਗ ਕਰਕੇ ਪੰਥਕ ਪਿਆਰ ਨੂੰ ਮੁੱਖ ਰੱਖ ਕੇ ਸਿੰਘ ਬਹਾਦਰ ਸ. ਜੱਸਾ ਸਿੰਘ ਰਾਮਗੜ੍ਹੀਏ ਦਾ ਸਾਥ ਦਿੰਦੇ ਤਾਂ ਭਾਰਤ ਵਰਸ਼ ਦਾ ਇਤਿਹਾਸ ਕੁੱਝ ਹੋਰ ਹੀ ਹੁੰਦਾ।ਜਿਸ ਤਰ੍ਹਾਂ ਰਾਮਗੜ੍ਹੀਏ ਸਰਦਾਰ ਨੇ ਦਿੱਲੀ ਦਾ ਲਾਲ ਕਿਲ੍ਹਾ ਫ਼ਤਹਿ ਕਰ ਲਿਆ ਸੀ।ਜੇ ਉਸ ਸਮੇਂ ਪੰਥਕ ਫੁੱਟ ਨਾ ਹੁੰਦੀ ਤਾਂ ਸ. ਜੱਸਾ ਸਿੰਘ ਰਾਮਗੜ੍ਹੀਆ ਆਪਣੇ ਪਿੱਛੇ ਮਹਾਨ ਪੰਥਕ ਤਾਕਤ ਦੇਖ ਕੇ ਦਿੱਲੀ ਤੋਂ ਕਦੀ ਵਾਪਸ ਨਾ ਆਉਂਦਾ।ਦਿੱਲੀ ਉਪਰ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਸਪੂਤਾਂ ਦਾ ਕਬਜ਼ਾ ਦੇਖ ਕੇ ਅੰਗਰੇਜ਼ਾਂ ਨੂੰ ਵੀ ਹੌਂਸਲਾ ਨਾ ਪੈਂਦਾ ਕਿ ਉਹ ਦਿੱਲੀ ਵੱਲ ਆਪਣੇ ਪੈਰ ਪਸਾਰ ਦੇ ਅਤੇ ਭਾਰਤ ਵਰਸ਼ ਨੂੰ ਵਿਦੇਸ਼ੀ ਹਕੂਮਤ ਦਾ ਕਦੀ ਵੀ ਗੁਲਾਮ ਨਾ ਹੋਣਾ ਪੈਂਦਾ।
ਇਸ ਤਰਾਂ ਸਹਾਰਨਪੁਰ, ਮੁਜੱਫਰਪੁਰ, ਮੀਰਪੁਰ, ਸਾਂਬਲ, ਕਾਸਗੰਜ, ਕੋਸੀ, ਖੁਰਜਾ, ਸਿਕੰਦਰਾ ਤੇ ਦਾਰਾ ਆਦਿ ਸ਼ਹਿਰਾਂ ਨੂੰ ਮੁਗਲਾਂ ਪਾਸੋਂ ਖੋਹ ਲਿਆ।ਹੁਣ ਅਗਲੀ ਮੰਜ਼ਿਲ ਮੁਗਲਾਂ ਦੀ ਰਾਜਧਾਨੀ ਦਿੱਲੀ ਸੀ।1783 ਨੂੰ ਸਿੱਖ ਫੋਜਾਂ ਨੇ ਦਿੱਲੀ ‘ਤੇ ਹਮਲਾ ਕਰ ਦਿੱਤਾ।ਇਕ ਪਾਸਿਉਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਆਪਣੀਆਂ ਫੋਜਾਂ ਨਾਲ ਤੇ ਦੂਸਰੇ ਪਾਸੇ ਤੋਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਤੇ ਸ੍ਰ: ਬਘੇਲ ਸਿੰਘ ਵੀ ਆਪਣੀਆਂ ਫੋਜਾਂ ਸਮੇਤ ਪਹੁੰਚ ਗਏ।ਸਾਰੀਆਂ ਸਿੱਖ ਫੋਜਾਂ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਚ ਦਾਖਲ ਹੋ ਕੇ ਕਿਲੇ੍ ਤੇ ਕਬਜ਼ਾ ਕਰ ਲਿਆ ਅਤੇ ਇਸ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖਾਂ ਦੀਆਂ ਜਿੱਤਾਂ ਦੇ ਝੰਡੇ ਗੱਡ ਦਿੱਤੇ।ਅਗਰ ਇਸ ਵੇਲੇ ਸਿੱਖ ਸਰਦਾਰਾਂ ਵਿੱਚ ਆਪਸੀ ਏਕਤਾ ਤੇ ਦੂਰਦਰਸ਼ੀ ਹੁੰਦੀ ਤਾਂ ਹਿੰਦੁਸਤਾਨ ‘ਤੇ ਸਿੱਖ ਰਾਜ ਕਾਇਮ ਹੋ ਗਿਆ ਹੁੰਦਾ।ਮੁਗਲਾਂ ਦੇ ਰਾਜ ਨੂੰ ਜੜ੍ਹੋਂ ਪੁੱਟਣ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲਾਂ ਦੀ ਤਾਜ-ਪੋਸ਼ੀ ਵਾਲੀ ਪੱਥਰ ਦੀ ਸਿਲ ਜੋ ਕਿ 6’-3” ਲੰਬੀ 4-6” ਚੌੜੀ 9” ਮੋਟੀ ਹੈ ਅਤੇ ਕੁਰਾਨ ਦੀਆਂ ਕਲਾਮਾਂ ਨਾਲ ਪਵਿੱਤਰ ਕੀਤੀ ਗਈ ਸੀ, ਨੂੰ ਪੁੱਟ ਕੇ ਅਤੇ ਬਾਰਾਂਦਰੀ ਦੇ 40 ਥੰਮ ਆਪਣੇ ਨਾਲ ਲੈ ਆਂਦੇ, ਜੋ ਕਿ ਅੱਜ ਵੀ ਰਾਮਗੜੀਆ ਬੁੰਗਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਲੱਗੇ ਹੋਏ ਦੇਖੇ ਜਾ ਸਕਦੇ ਹਨ।ਇਕ ਵਾਰ ਫਿਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਫੋਜੀ ਤਾਕਤ ਵਿੱਚ ਕਈ ਗੁਣਾ ਵਾਧਾ ਹੋ ਗਿਆ ਤਾਂ ਉਸ ਨੇ ਪੰਜਾਬ ਵਾਪਸ ਆ ਕੇ ਆਪਣੇ ਖੁੱਸੇ ਹੋਏ ਸਾਰੇ ਇਲਾਕੇ ਦੁਬਾਰਾ ਹਾਸਿਲ ਕਰ ਲਏ ਤੇ ਰਾਮਗੜ੍ਹੀਆ ਮਿਸਲ ਦੀ ਸ਼ਾਨ ਬਹਾਲ ਕਰ ਲਈ।ਅਖੀਰ 8 ਅਗਸਤ 1803 (ਕੁੱਝ ਲੇਖਕਾਂ ਅਨੁਸਾਰ 20 ਅਪ੍ਰੈਲ 1803, ਇਸ ਬਾਰੇ ਪੂਰੀ ਖੋਜ ਕਰਨ ਦੀ ਲੋੜ ਹੈ) ਨੂੰ ਇਸ ਰਾਮਗੜ੍ਹੀਏ ਮਹਾਰਾਜੇ ਦਾ ਆਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ, ਬਿਆਸ ਦਰਿਆ ਦੇ ਕੰਢੇ, ਕੁੱਝ ਚਿਰ ਬਿਮਾਰ ਰਹਿਣ ਮਗਰੋਂ 80 ਸਾਲ ਦੀ ਉਮਰ ਭੋਗਣ ਉਪਰੰਤ ਆਪ ਅਕਾਲ ਚਲਾਣਾ ਕਰ ਗਏ।ਆਪ ਜੀ ਤੋਂ ਮਗਰੋਂ ਆਪ ਜੀ ਦਾ ਸਪੁੱਤਰ ਸ੍ਰ: ਜੋਧ ਸਿੰਘ ਵਾਰਿਸ ਬਣਿਆ, ਜੋ ਕਿ ਆਪ ਜੀ ਵਾਂਗ ਹੀ ਇੱਕ ਅਜ਼ੀਮ ਯੋਧਾ ਸੀ।
(ਭਾਗ ਚੌਥਾ) 2805202301

ਗਿਆਨ ਸਿੰਘ ਬਮਰਾਹ
ਅੰਮ੍ਰਿਤਸਰ।
ਮੋ – 9464283050

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …