ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ 360 ਖੇਤੀ ਮਸ਼ੀਨਾ ਉਪਦਾਨ ‘ਤੇ ਦੇਣ ਲਈ ਕੱਢਵਾਇਆ ਡਰਾਅ ਆਫ ਲਾਟਸ
ਜਲੰਧਰ, 24 ਦਸੰਬਰ (ਪਵਨਦੀਪ ਸਿੰਘ ਭੰਡਾਲ/ਪਰਮਿੰਦਰ ਸਿੰਘ) – ਖੇਤੀ ਖੇਤਰ ਵਿੱਚ ਨਵੀਨਤਮ ਖੇਤੀ ਮਸ਼ੀਨਾਂ ਨੂੰ ਪ੍ਰਚਲਿਤ ਕਰਨ ਹਿੱਤ ਸਰਕਾਰ ਵੱਲੋੋਂ ਵੱਖ-ਵੱਖ ਸਕੀਮਾਂ ਕੌਮੀ ਖੇਤੀ ਵਿਕਾਸ ਯੋਜਨਾ ਅਤੇ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਉਪਦਾਨ ‘ਤੇ ਵੱਖ-ਵੱਖ ਤਰ੍ਹਾਂ ਦੀਆਂ 360 ਖੇਤੀ ਮਸ਼ੀਨਾਂ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਵੰਡਣ ਹਿੱਤ ਸਥਾਨਕ ਮੁੱਖ ਖੇਤੀਬਾੜ੍ਹੀ ਅਫਸਰ ਦੇ ਦਫਤਰ ਵਿਖੇ ਲਾਟਰੀ ਤਰੀਕੇ ਨਾਲ ਅੱਜ ਡਰਾਅ ਕੱਢਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋੋਂ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਮਾਰ ਅਮਿਤ ਨੇ ਵਿਭਾਗ ਵੱਲੋੋੋਂ ਇਸ ਸਬੰਧ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਸਰਾਹਣਾ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਤੀ ਖੇਤਰ ਨੂੰ ਲੇਬਰ ਦੀ ਆ ਰਹੀ ਸਮੱਸਿਆ ਅਤੇ ਹੋਰ ਖੇਤੀ ਦੇ ਤਕਨੀਕੀ ਢੰਗ ਸਮੇੇਂ ਸਿਰ ਅਮਲ ‘ਚ ਲਿਆਉਣ ਲਈ ਸਰਕਾਰ ਵੱਲੋੋਂ ਕਿਸਾਨਾਂ ਨੂੰ ਮਸ਼ੀਨਾ ਉਪਦਾਨ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਲਈ ਅਜਿਹੀ ਮਸ਼ੀਨਰੀ ਨੂੰ ਪਹੁੰਚ ਵਿੱਚ ਲਿਆਉਣ ਲਈ ਸੁਸਾਇਟੀਆਂ ਬਹੁਤ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾ ਨੂੰ ਕਿਹਾ ਕਿ ਉਹ ਅਜਿਹੀਆਂ ਆਧੁਨਿਕ ਤਕਨੀਕਾਂ ਨੂੰ ਅਮਲ ਵਿੱਚ ਲਿਆਉਣ।
ਮੁੱਖ ਖੇਤੀਬਾੜ੍ਹੀ ਅਫਸਰ ਡਾ. ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਵਿਭਾਗ ਵੱਲੋੋਂ ਕਿਸਾਨਾ ਨੂੰ ਉਪਦਾਨ ‘ਤੇ ਮਸ਼ੀਨਾਂ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਜਿਸ ‘ਤੇ ਜ਼ਿਲ੍ਹੇ ਦੇ ਲਗਭਗ 843 ਕਿਸਾਨਾਂ ਨੇ ਆਪਣੀਆਂ ਅਰਜ਼ੀਆਂ ਪੇਸ਼ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨਾਂ ਨੂੰ ਮਸ਼ੀਨਾਂ ਸਰਕਾਰ ਵੱਲੋੋਂ ਨਿਰਧਾਰਤ ਨੋਰਮ ਅਨੁਸਾਰ ਉਪਲੱਬਧ ਕਰਵਾਉਣ ਲਈ ਇਹ ਡਰਾਅ ਆਫ ਲਾਟਸ ਕਢਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਡਰਾਅ ਆਫ ਲਾਟਸ ਪਾਰਦਰਸ਼ਤਾ ਲਈ ਕਿਸਾਨਾਂ ਦੀ ਸ਼ਮੂਲੀਅਤ ਨਾਲ ਹੀ ਕਢਵਾਇਆ ਗਿਆ ਹੈ। ਡਾ. ਐਰੀ ਨੇ ਦੱਸਿਆ ਕਿ ਇਨ੍ਹਾਂ ਖੇਤੀ ਮਸ਼ੀਨਾਂ ਨੂੰ ਵਿਭਾਗ ਵੱਲੋੋਂ ਕਿਸਾਨ ਗਰੁੱਪਾਂ ਜਾਂ ਸੁਸਾਇਟੀਆਂ ਆਦਿ ਰਾਹੀਂ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਦੇ ਖੇਤੀ ਖਰਚੇੇ ਘਟਾਉੰਦੇ ਹੋਏ ਨਿਰੋਲ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਡਰਾਅ ਦੀ ਪ੍ਰਕ੍ਰਿਆ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋੋਂ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇੰਜਨੀਅਰ ਮਨਮੋਹਨ ਕਾਲੀਆ ਨੇ ਇਸ ਮੌਕੇ ਕਿਹਾ ਕਿ ਜ਼ਿਆਦਾਤਰ ਕਿਸਾਨਾ ਵੱਲੋੋਂ ਰੋਟਾਵੇਟਰ ਲਈ ਬਿਨੈ-ਪੱਤਰ ਜਮ੍ਹਾਂ ਕਰਵਾਏ ਗਏ ਸਨ। ਰੋਟਾਵੇਟਰ ਮਸ਼ੀਨਾਂ ਲਈ 506 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਇਸ ਮੌਕੇ ਕਿਸਾਨਾ ਨੂੰ ਵੱਖ-ਵੱਖ ਮਸ਼ੀਨਾਂ ਦੀ ਕਾਰਗੁਜ਼ਾਰੀ ਸਬੰਧੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਖੇਤੀਬਾੜ੍ਹੀ ਵਿਭਾਗ ਵੱਲੋੋਂ ਖੇਤੀ ਮਸ਼ੀਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਇਸ ਮੌਕੇ ਏ.ਪੀ.ਪੀ.ਓ ਜਲੰਧਰ ਡਾ. ਬਲਜਿੰਦਰ ਸਿੰਘ ਬਰਾੜ, ਏ.ਐਮ.ਓ ਜਲੰਧਰ ਡਾ. ਕੁਲਜੀਤ ਸਿੰਘ, ਖੇਤੀਬਾੜ੍ਹੀ ਅਫਸਰ ਡਾ. ਸੁਰਿੰਦਰ ਸਿੰਘ, ਇੰਜ. ਨਵਦੀਪ ਸਿੰਘ ਅਤੇ ਡਾ. ਰੰਜਨ ਕੁਮਾਰ ਨੇ ਵੀ ਕਿਸਾਨਾ ਨੂੰ ਸੰਬੋਧਨ ਕੀਤਾ।