ਐਨ.ਆਰ.ਆਈ ਭਰਾਵਾਂ ਵਲੋਂ ਪਿੰਡ ਬੱਲੜਵਾਲ ਵਿਖੇ ਲਗਾਇਆ ਗਿਆ ਅੱਖਾਂ ਦਾ ਕੈਂਪ
ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਲੋਕ ਭਲਾਈ ਨੀਤੀਆਂ ਨੂੰ ਦੇਖਦੇ ਹੋਏ ਵੱਡੀ ਗਿਣਤੀ ‘ਚ ਪ੍ਰਵਾਸੀ ਭਰਾ ਪੰਜਾਬ ਦੇ ਵਿਕਾਸ ’ਚ ਆਪਣਾ ਯੋਗਦਾਨ ਪਾਉਣ ਲਈ ਨਿਵੇਸ਼ ਕਰ ਰਹੇ ਹਨ।ਉਥੇ ਹੀ ਸਿਹਤ ਸੇਵਾਵਾਂ ਨੂੰ ਲੈ ਕੇ ਵੀ ਪਿੰਡ ਪੱਧਰ ਤੱਕ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਅਜਨਾਲਾ ਦੇ ਪਿੰਡ ਬੱਲੜਵਾਲ ਵਿਖੇ ਮੁਫ਼ਤ ਅੱਖਾਂ ਦੇ ਆਪਰੇਸ਼ਨ ਕੈਂਪ ਦਾ ਉਦਘਾਟਨ ਕਰਦੇ ਸਮੇਂ ਕੀਤਾ।ਉਨਾਂ ਕਿਹਾ ਕਿ ਲਾਇਨਜ਼ ਕਲੱਬ ਆਦਮਪੁਰ ਅਤੇ ਸੰਤ ਵਤਨ ਸਿੰਘ ਲੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਲਾਇਨਜ਼ ਆਈਜ਼ ਹਸਪਤਾਲ, ਚੈਰੀਟੇਬਲ ਸੁਸਾਇਟੀ ਆਦਮਪੁਰ ਵਲੋਂ ਪਿਛਲੇ 14 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋੜਵੰਦ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਕੀਤੇ ਜਾਂਦੇ ਹਨ।ਇਸ ਵਾਰ ਮੇਰੇ ਕਹਿਣ ‘ਤੇ ਇਸ ਸੰਸਥਾ ਵਲੋਂ ਪਿੰਡ ਬੱਲੜਵਾਲ ਵਿਖੇ ਕੈਂਪ ਲਗਾਇਆ ਗਿਆ ਹੈ ਜਿਥੇ ਉਹ ਆਪਣੀ ਪੂਰੀ ਟੀਮ ਨਾਲ ਪਹੁੰਚੇ ਹਨ। ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਲੋੜਵੰਦਾਂ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਜਾਂਦਾ ਹੈ ਅਤੇ ਲੋੜ ਪੈਣ ਤੇ ਮੁਫ਼ਤ ਅੱਖਾਂ ਦੇ ਅਪ੍ਰਰੇਸ਼ਨ ਕੀਤੇ ਜਾਂਦੇ ਹਨ।
ਧਾਲੀਵਾਲ ਨੇ ਕਿਹਾ ਕਿ ਅਜਨਾਲਾ ਵਿਖੇ ਪਹਿਲਾਂ ਵੀ ਕੁਲਵੰਤ ਸਿੰਘ ਵਲੋਂ ਕੈਂਸਰ ਦੇ ਰੋਗਾਂ ਸਬੰਧੀ ਕੈਂਪ ਲਗਾਏ ਗਏ ਸਨ ਅਤੇ ਹੁਣ ਅਪ੍ਰੈਲ ਵਿੱਚ ਦੁਬਾਰਾ 5 ਕੈਂਪ ਲਗਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ।ਉਨਾਂ ਪ੍ਰਵਾਸੀ ਭਰਾਵਾਂ ਨੂੰ ਕਿਹਾ ਕਿ ਉਹ ਮੁੜ ਤੋਂ ਪੰਜਾਬ ਨੂੰ ਰੰਗਲਾ ਬਣਾਉਣ ਲਈ ਅੱਗੇ ਆਉਣ ਅਤੇ ਸਰਕਾਰ ਦਾ ਸਾਥ ਦੇਣ।
ਇਸ ਮੌਕੇ ਐਸ.ਡੀ.ਐਮ ਅਜਨਾਲਾ ਅਰਵਿੰਦਰਪਾਲ ਸਿੰਘ, ਸਿਵਲ ਸਰਜਨ ਡਾ. ਵਿਜੈ ਕੁਮਾਰ, ਡੀ.ਐਸ.ਪੀ ਰਿਪੂਤਮਨ ਸਿੰਘ, ਬੀ.ਡੀ.ਪੀ.ਓ ਸੁਖਜੀਤ ਸਿੰਘ ਬਾਜਵਾ, ਤਹਿਸੀਲਦਾਰ ਜਗਤਾਰ ਸਿੰਘ, ਉਘੇ ਸਮਾਜ ਸੇਵਾਕ ਜਤਿੰਦਰ ਜੇ ਮਿਨਹਾਸ ਕਨੇਡਾ, ਪ੍ਰਧਾਨ ਲਾਇਨਜ਼ ਆਈ ਹਸਪਤਾਲ ਅਕਸ਼ੈਦੀਪ ਸ਼ਰਮਾ, ਬਲਬੀਰ ਸਿੰਘ ਰਾਇਪੁਰ, ਹਰਦੇਵ ਸਿੰਘ ਡੱਲਾ, ਸਰਬਜੀਤ ਸਿੰਘ, ਜਗੀਰ ਸਿੰਘ, ਡਾ. ਜੋਤੀ ਥਾਪਰ, ਡਾ. ਹਰਪ੍ਰੀਤ ਸਿੰਘ, ਡਾ. ਕੁਲਦੀਪ ਸਿੰਘ, ਮੈਡਮ ਰਵਿੰਦਰ ਕੌਰ, ਮੈਡਮ ਪ੍ਰਵੀਨ ਕੌਰ, ਰਾਹੁਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ‘ਚ ਹਾਜ਼ਰ ਸਨ।