ਅਗਲੇ ਅਕਾਦਮਿਕ ਸੈਸ਼ਨ ਤੋਂ ਹੌਸਪੀਟੈਲੇਟੀ ਐਂਡ ਟੂਰਿਜ਼ਮ ਦਾ ਨਵਾਂ ਵਿਭਾਗ ਸ਼ੁਰੂ ਹੋਵੇਗਾ
ਅੰਮ੍ਰਿਤਸਰ, 26 ਦਸੰਬਰ (ਰੋਮਿਤ ਸ਼ਰਮਾ) – ਹੌਸਪੀਟੈਲੇਟੀ ਐਂਡ ਟੂਰਿਜ਼ਮ ਦੇ ਨਵੇਂ ਵਿਭਾਗ ਖੋਲ੍ਹਣ ਤੋਂ ਇਲਾਵਾ ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ ਵਿਭਾਗ ਨੂੰ ਦੋ ਨਵੇਂ ਵਿਭਾਗਾਂ ਵਿਚ ਵੰਡਣਾ, ਨੈਕ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਤੀਜੀ ਵਾਰ ਸਰਵ-ਉੱਚ ਗਰੇਡ ਦੇਣ ਦੀ ਸ਼ਲਾਘਾ ਅਤੇ ਵੱਖ ਫੈਕਲਟੀਆਂ ਵਿਚ ਹੋਏ ਪੀ.ਐਚ.ਡੀ. ਥੀਸਜ਼ ਨੂੰ ਪ੍ਰਵਾਨਗੀ ਅੱਜ ਇਥੇ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਦੇ ਮੁੱਖ ਏਜੰਡੇ ਵਿਚ ਸ਼ਾਮਿਲ ਸੀ।
ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਚ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। ਏਜੰਡਾ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਪੇਸ਼ ਕੀਤਾ। ਇਸ ਮੌਕੇ ਸਿੰਡੀਕੇਟ ਦੇ ਬਹੁਤ ਸਾਰੇ ਮੈਂਬਰ ਹਾਜ਼ਰ ਸਨ।ਭਾਰਤ ਦੀ ਉੱਚ ਵਿਦਿਅਕ ਅਦਾਰਿਆਂ ਦਾ ਮੁਲਾਂਕਣ ਕਰਨ ਵਾਲੀ ਸੰਸਥਾ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੀਸ਼ਨ ਕੌਂਸਲ (ਨੈਕ), ਬੰਗਲੌਰ ਵੱਲੋਂ ਯੂਨੀਵਰਸਿਟੀ ਨੂੰ ਤੀਜੀ ਵਾਰ ਸਰਵ-ਉੱਚ ਗਰੇਡ (4 ਵਿਚੋਂ 3.51) ਨਾਲ ਨਿਵਾਜਣ ਅਤੇ ਯੂਨੀਵਰਸਿਟੀ ਦੇ ਇਸ ਮੁਲਾਂਕਣ ਦੇ ਤੀਜੇ ਸਾਈਕਲ ਵਿਚ ਯੂਨੀਵਰਸਿਟੀ ਦਾ ਭਾਰਤ ਵਿਚ ਤੀਜੇ ਸਥਾਨ ‘ਤੇ ਆੁੳਣ ‘ਤੇ ਯੂਨੀਵਰਸਿਟੀ ਨੂੰ ਵਧਾਈ ਦਿੱਤੀ। ਵਰਣਨਯੋਗ ਹੈ ਕਿ ਸੰਸਥਾ ਵੱਲੋਂ ਪਹਿਲਾ ਦੋ ਵਾਰ ਮੁਲਾਂਕਣ ‘ਤੇ ਯੂਨੀਵਰਸਿਟੀ ਨੂੰ ਆਹਲਾ ਦਰਜੇ ਦੀਆਂ ਖੋਜ ਸਹੂਲਤਾਂ, ਵਧੀਆ ਬੁਨਿਆਦੀ ਢਾਂਚਾ, ਮਿਆਰੀ ਸਿਖਿਆ ਅਤੇ ਪੜ੍ਹਾਈ ਦੇ ਅਨੁਕੂਲ ਸ਼ੁੱਧ ਵਾਤਾਵਰਣ ਹੋਣ ਸਦਕਾ ਸਰਵ-ਉੱਚ ਗਰੇਡ ਨਾਲ ਹੀ ਨਿਵਾਜਿਆ ਗਿਆ ਸੀ।ਅਗਲੇ ਅਕਾਦਮਿਕ ਸੈਸ਼ਨ ਤੋਂ ਯੂਨੀਵਰਿਸਟੀ ਵੱਲੋਂ ਨਵਾਂ ਹੌਸਪੀਟੈਲੇਟੀ ਐਂਡ ਟੂਰਿਜ਼ਮ ਵਿਭਾਗ ਖੋਲ੍ਹਿਆ ਜਾ ਰਿਹਾ ਹੈ, ਜਿਸ ਵਿਚ ਖਿਤੇ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਕੋਰਸ ਸ਼ੁਰੂ ਕੀਤੇ ਜਾਣਗੇ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ ਵਿਭਾਗ ਨੂੰ ਦੋ ਨਵੇਂ ਵਿਭਾਗਾਂ, ਕੰਪਿਊਟਰ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਅਤੇ ਦੂਜਾ ਵਿਭਾਗ ਕੰਪਿਊਟਰ ਸਾਇੰਸ ਵਿਚ ਵੰਡਣ ਨੂੰ ਵੀ ਸਿੰਡੀਕੇਟ ਨੇ ਪ੍ਰਵਾਨਗੀ ਦੇ ਦਿੱਤੀ।
ਪ੍ਰੋ. ਬਰਾੜ ਨੇ ਇਸ ਮੌਕੇ ਮੈਂਬਰਾਂ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ । ਉਨ੍ਹਾਂ ਦੱਸਿਆ ਕਿ ਯੂਨਵਿਰਸਿਟੀ ਦੇ ਆਲ ਇੰਡੀਆ ਸਰਵਿਸਿਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਂਟਰ ਤੇ ਸੈਂਟਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੇਟਿਵ ਐਗਜ਼ਾਮੀਨੇਸ਼ਨ ਦੇ 11 ਵਿਦਿਆਰਥੀਆਂ ਨੇ ਵੱਖ-ਵੱਖ ਰਾਸ਼ਟਰੀ ਅਤੇ ਰਾਜ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕੀਤੀਆ ਹਨ ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਬੀਤੇ ਦਿਨੀਂ ਵੱਖ-ਵੱਖ ਸੈਮੀਨਾਰ, ਵਰਕਸ਼ਾਪ, ਸਿੰਪੋਜ਼ੀਆ ਅਤੇ ਰਿਫਰੈਸ਼ਰ ਕੋਰਸ ਕਰਵਾਏ ਗਏ। ਉਨਾਂ੍ਹ ਕਿਹਾ ਕਿ ਵੱਖ-ਵੱਖ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ 480 ਵਿਦਿਆਰਥੀਆਂ ਨੂੰ ਰਸਮੀਂ ਪੜ੍ਹਾਈ ਪੂਰੀ ਹੋਣ ਤੋਂ ਪਹਿਲਾਂ ਹੀ ਚੰਗੀ ਤਨਖਾਹ ‘ਤੇ ਨੌਕਰੀਆਂ ਲਈ ਚੁਣ ਲਿਆ ਗਿਆ। ਉਨ੍ਹਾਂ ਮੈਂਬਰਾਂ ਨੂੰ ਯੂਨੀਵਰਸਿਟੀ ਦੀਆਂ ਅਕਾਦਮਿਕ, ਖੇਡ ਅਤੇ ਸਭਿਆਚਾਰਕ ਪ੍ਰਾਪਤੀਆਂ ਦੀ ਵੀ ਜਾਣਕਾਰੀ ਕਰਵਾਇਆ। ਸਿੰਡੀਕੇਟ ਮੈਂਬਰਾਂ ਵੱਲੋਂ ਇਕ ਸੁਰ ਵਿਚ ਯੂਨੀਵਰਸਿਟੀ ਭਾਈਚਾਰੇ ਨੂੰ ਵਧਾਈ ਦਿੱਤੀ ਕਿ ਜਿਨ੍ਹਾਂ ਦੀ ਮਿਹਨਤ ਅਤੇ ਪ੍ਰੋ. ਬਰਾੜ ਦੀ ਸੁਯੋਗ ਅਗਵਾਈ ਸਦਕਾ ਇਹ ਪ੍ਰਾਪਤੀਆਂ ਸੰਭਵ ਹੋ ਸਕੀਆਂ।ਇਸ ਤੋਂ ਇਲਾਵਾ ਸਿੰਡੀਕੇਟ ਵੱਲੋਂ ਵੱਖ-ਵੱਖ ਫੈਕਲਟੀਆਂ ਦੇ 20 ਪੀ.ਐਚ.ਡੀ. ਥੀਸਿਜ਼ ਨੂੰ ਵੀ ਪ੍ਰਵਾਨ ਕੀਤਾ ਗਿਆ।