ਹਲਕਾ ਅੰਮ੍ਰਿਤਸਰ ਉਤਰੀ ‘ਚ ਲਗਾਏ ਕੈਂਪਾਂ ਦਾ ਕੀਤਾ ਦੌਰਾ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹੇ ਵਿੱਚ ‘ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪ ਉਨ੍ਹਾਂ ਵਸਨੀਕਾਂ ਲਈ ਵਰਦਾਨ ਸਾਬਤ ਹੋਏ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਜਾਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਇਹ ਪ੍ਰਗਟਾਵਾ ਇਹਨਾਂ ਕੈਂਪਾਂ ਲਈ ਹਲਕਾ ਉੱਤਰੀ ਬਲਾਕ ਇੰਚਾਰਜ਼ ਦੀ ਜ਼ਿੰਮੇਵਾਰੀ ਨਿਭਾਅ ਰਹੇ ਰਵਿੰਦਰ ਹੰਸ ਨੇ ਵਾਰਡਾਂ 12,16,17 ਨੰਬਰ ਵਿੱਚ ਲੱਗੇ ਕੈਂਪਾਂ ਦਾ ਦੌਰਾ ਕਰਨ ਦੌਰਾਨ ਕੀਤਾ।
ਉਨਾਂ ਨੇ ਦੱਸਿਆ ਕਿ ਕੈਂਪਾਂ ਵਿੱਚ ਵਸਨੀਕਾਂ ਨੂੰ 43 ਵੱਖ-ਵੱਖ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਘਰ-ਘਰ ਸੇਵਾਵਾਂ ਦੇਣ ਦੀ ਸਕੀਮ ਤਹਿਤ 43 ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਇਸ ਸਕੀਮ ਅਧੀਨ ਸੇਵਾਵਾਂ ਦਾ ਲਾਭ ਟੋਲ-ਫਰੀ ਨੰਬਰ 1076 ’ਤੇ ਡਾਇਲ ਕਰਕੇ ਲਿਆ ਜਾ ਸਕਦਾ ਹੈ।
ਹੰਸ ਨੇ ਕਿਹਾ ਕਿ ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਹਰੇਕ ਕੈਂਪ ਦੇ ਨੋਡਲ ਅਫ਼ਸਰਾਂ ਦਾ ਕੰਮ ਸੌਂਪਿਆ ਗਿਆ ਹੈ ਅਤੇ ਹਰੇਕ ਸਬ ਡਵੀਜ਼ਨ ਵਿੱਚ ਇੱਕ ਦਿਨ ਵਿੱਚ ਘੱਟੋ-ਘੱਟ ਚਾਰ ਕੈਂਪ ਲਾਉਣ ਦਾ ਟੀਚਾ ਰੱਖਿਆ ਗਿਆ ਹੈ।ਕੈਂਪਾਂ ਦਾ ਡਾਟਾ ਆਨਲਾਈਨ ਕੀਤਾ ਜਾ ਰਿਹਾ ਹੈ ਤਾਂ ਜੋ ਬਾਅਦ ਦੀ ਨਿਗਰਾਨੀ ਸਹੀ ਢੰਗ ਨਾਲ ਕੀਤੀ ਜਾ ਸਕੇ।ਉਨ੍ਹਾਂ ਜਿਲ੍ਹਾ ਨਿਵਾਸੀਆਂ ਨੂੰ ਆਪਣੇ ਨੇੜਲੇ ਕੈਂਪਾਂ ਵਿੱਚ ਪਹੁੰਚਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕੈਂਪਾਂ ਵਿੱਚ ਜਾ ਕੇ ਵੱਧ ਤੋਂ ਵੱਧ ਲਾਭ ਲਿਆ ਜਾਵੇ।