Friday, March 14, 2025
Breaking News

ਖ਼ਾਲਸਾ ਕਾਲਜ ਵਿਖੇ ਕੰਵਰ ਗਰੇਵਾਲ ਤੇ ਪੂਰਨ ਚੰਦ ਵਡਾਲੀ ਨੇ ਲਾਈਆਂ ਛਹਿਬਰਾਂ

ਪੁਸਤਕ ਮੇਲੇ ’ਚ ਏ.ਆਈ ਅਤੇ ਪੰਜਾਬੀ ਨਾਟਕ ’ਚ 1947 ਦਾ ਦਰਦ ਵਿਸ਼ੇ ’ਤੇ ਹੋਈਆਂ ਵਿਚਾਰਾਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੁਸਤਕ ਮੇਲੇ ਦਾ ਤੀਸਰਾ ਦਿਨ ਵੱਖ-ਵੱਖ ਸਰਗਰਮੀਆਂ ਨਾਲ ਭਰਪੂਰ ਰਿਹਾ।ਸਵੇਰ ਦੇ ਪਹਿਲੇ ਸੈਸ਼ਨ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ’ਚ ਮੌਕੇ ’ਤੇ ਚੁਣੌਤੀਆਂ ਵਿਸ਼ੇ ’ਤੇ ਵਿਚਾਰ ਚਰਚਾ ਹੋਈ।
ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ’ਤੇ ਟੈਕਨਾਲੋਜੀ ਮਨੁੱਖੀ ਸਮਾਜ ਨੂੰ ੍ਰਭਾਵਿਤ ਕਰਦੀ ਰਹਿੰਦੀ ਹੈ ਅੱਜ ਦੇ ਦੌਰ ’ਚ ਏ.ਆਈ ਦੀ ਵਿਸ਼ੇਸ਼ ਚਰਚਾ ਹੋ ਰਹੀ ਹੈ।ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਸਾਡੇ ਮਾਹਿਰ ਸਾਡੇ ਵਿਦਿਆਰਥੀਆਂ ਨੂੰ ਇਸ ਸਬੰਧੀ ਲਾਹੇਵੰਦ ਜਾਣਕਾਰੀ ਦੇਣਗੇ।ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਪ੍ਰਮੁੱਖ ਪੰਜਾਬੀ ਚਿੰਤਕ ਡਾ. ਅਮਰਜੀਤ ਸਿੰਘ ਗਰੇਵਾਲ, ਡਾ. ਕੁਲਜੀਤ ਕੌਰ ਪ੍ਰੋਫੈਸਰ ਅਤੇ ਮੁਖੀ ਕੰਪਿਊਟਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰੋ. ਹਰਿਭਜਨ ਸਿੰਘ ਮੁਖੀ ਕੰਪਿਊਟਰ ਵਿਭਾਗ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਏ.ਆਈ ਮਾਹਰ ਨਵਜੋਤ ਸਿੰਘ ਤੁੰਗ ਸਨ।
ਪ੍ਰੋਗਰਾਮ ਦਾ ਸੰਚਾਲਨ ਡਾ. ਮਨੀ ਅਰੋੜਾ, ਅਸਿਸਟੈਂਟ ਪ੍ਰੋਫੈਸਰ, ਕੰਪਿਊਟਰ ਵਿਭਾਗ ਨੇ ਕੀਤਾ।ਵਿਚਾਰ ਚਰਚਾ ’ਚ ਏ.ਆਈ ਨਾਲ ਸਾਡੇ ਸਮਾਜ ’ਚ ਆਉਣ ਵਾਲੀਆਂ ਚੁਣੌਤੀਆਂ ਅਤੇ ਇਸ ਦੁਆਰਾ ਨੌਜਵਾਨਾਂ ਲਈ ਰੋਜ਼ਗਾਰ ਦੇ ਪੈਦਾ ਹੋਣ ਵਾਲੇ ਨਵੇਂ ਮੌਕਿਆਂ ਬਾਰੇ ਵਿਸਥਾਰ ਨਾਲ ਚਰਚਾ ਹੋਈ।ਮਾਹਿਰਾਂ ਦੀ ਰਾਏ ਸੀ ਕਿ ਏ.ਆਈ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਇਸ ਨੂੰ ਰੋਕਿਆ ਨਹੀਂ ਜਾ ਸਕਦਾ।ਇਸ ਖੇਤਰ ਵਿੱਚ ਵੱਡੀਆਂ ਕੰਪਨੀਆਂ ਖਰਬਾਂ ਡਾਲਰ ਨਿਵੇਸ਼ ਕਰ ਰਹੀਆਂ ਹਨ ਜਿਸ ਕਰਕੇ ਆਉਣ ਵਾਲਾ ਸੰਸਾਰ ਏ.ਆਈ ਤੇ ਪੂਰੀ ਤਰ੍ਹਾਂ ਨਿਰਭਰ ਹੋਵੇਗਾ।ਵਿਦਵਾਨਾਂ ਨੇ ਸੋਸ਼ਲ ਮੀਡੀਆ ਤੇ ਸਹੀ ਪੰਜਾਬੀ ਵਰਤਣ ਦੀ ਸਲਾਹ ਵੀ ਦਿੱਤੀ, ਤਾਂ ਜੋ ਪੰਜਾਬੀ ਦਾ ਸਹੀ ਡਾਟਾ ਵਿਕਸਿਤ ਹੋ ਸਕੇ। ਵਿਦਵਾਨਾਂ ਨੇ ਇਕਮੱਤ ਹੋ ਕੇ ਕਿਹਾ ਕਿ ਭਵਿੱਖ ਵਿੱਚ ਇਸ ਖੇਤਰ ‘ਚ ਵੱਡੀ ਗਿਣਤੀ ਵਿੱਚ ਨੌਕਰੀਆਂ ਨਿਕਲਣਗੀਆਂ।
ਦੁਪਹਿਰ ਸਮੇਂ ਸੰਗੀਤ ਵਿਭਾਗ ਦੀ ਇੰਚਾਰਜ਼ ਮੈਡਮ ਰੋਜ਼ੀ ਦੀ ਦੇਖ-ਰੇਖ ਹੇਠ ਕਾਲਜ ਦੇ ਵਿਦਿਆਰਥੀਆਂ ਵਲੋਂ ਸੂਫੀਆਨਾ ਸੰਗੀਤ ਦੀ ਛਹਿਬਰ ਲਗਾਈ ਗਈ।ਬਾਅਦ ਦੁਪਹਿਰ ਦੇ ਸੈਸ਼ਨ ’ਚ ਪੰਜਾਬੀ ਨਾਟਕਾਂ ਵਿਚ 1947 ਦਾ ਦਰਦ ਵਿਸ਼ੇ ’ਤੇ ਵਿਚਾਰ ਚਰਚਾ ਹੋਈ। ਇਸ ਵਿੱਚ ਭਾਗ ਲੈਣ ਵਾਲੇ ਮੁੱਖ ਬੁਲਾਰਿਆਂ ਵਿਚ ਡਾ. ਹਰਿਭਜਨ ਸਿੰਘ ਭਾਟੀਆ ਸਾਬਕਾ ਪ੍ਰੋਫੈਸਰ ਤੇ ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨਵਿਰਸਿਟੀ ਅੰਮ੍ਰਿਤਸਰ, ਪ੍ਰਸਿੱਧ ਨਾਟ-ਨਿਰਦੇਸ਼ਕ ਅਤੇ ਨਾਟ-ਚਿੰਤਕ ਕੇਵਲ ਧਾਲੀਵਾਲ, ਪ੍ਰਸਿੱਧ ਪੰਜਾਬੀ ਨਾਟਕਕਾਰ ਅਤੇ ਨਾਟ-ਚਿੰਤਕ ਜਗਦੀਸ਼ ਸਚਦੇਵਾ ਸ਼ਾਮਿਲ ਸਨ।ਪ੍ਰੋਗਰਾਮ ਦਾ ਸੰਚਾਲਨ ਪੰਜਾਬੀ ਚਿੰਤਕ ਡਾ. ਹਰਭਜਨ ਸਿੰਘ ਢਿੱਲੋਂ ਨੇ ਆਪਣੇ ਹੀ ਅੰਦਾਜ਼ ਵਿੱਚ ਕੀਤਾ।
ਇਸ ਵਿਚਾਰ ਚਰਚਾ ਵਿੱਚ 1947 ਦੇ ਦਰਦ ਨੂੰ ਪੰਜਾਬੀ ਨਾਟਕਕਾਰਾਂ ਆਪਣੇ ਨਾਟਕਾਂ ਵਿੱਚ ਕਿਵੇਂ ਅਤੇ ਕਿੰਨਾ ਕੁ ਪੇਸ਼ ਕੀਤਾ, ਇਸ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਹੋਈ।ਮਾਹਿਰਾਂ ਦਾ ਮੰਨਣਾ ਸੀ ਕਿ 1947 ਦੀ ਦੇਸ਼ ਆਜ਼ਾਦੀ ਨਾਲੋਂ ਦੇਸ਼ ਦੀ ਵੰਡ ਨੇ ਪੰਜਾਬੀਆਂ ਨੂੰ ਜਿਆਦਾ ਪ੍ਰਭਾਵਿਤ ਕੀਤਾ ਜਿਸ ਦਾ ਦਰਦ ਅਜੇ ਵੀ ਪੁਰਾਣੀ ਪੀੜ੍ਹੀ ਦੇ ਲੋਕ ਆਪਣੇ ਦਿਲਾਂ ਵਿੱਚ ਲਈ ਫਿਰਦੇ ਹਨ।ਇਹ ਦਰਦ ਪੰਜਾਬੀ ਸਾਹਿਤ ਦੀ ਹਰ ਵਿਧਾ ਵਿੱਚ ਪੇਸ਼ ਹੋਇਆ, ਪਰ ਪੰਜਾਬੀ ਨਾਟਕ ਨੇ ਇਸ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ।ਸੱਭਿਆਚਾਰਕ ਸ਼ਾਮ ’ਚ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਪਦਮ ਸ਼੍ਰੀ ਪੂਰਨ ਚੰਦ ਗੁਰੂ ਕੀ ਵਡਾਲੀ ਨੇ ਆਪੋ ਆਪਣੀ ਕਲਾ ਰਾਹੀਂ ਦਰਸ਼ਕਾਂ ਦੇ ਖਚਾਖਚ ਭਰੇ ਪੰਡਾਲ ਨੂੰ ਕਿਲਕਾਰੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ।ਸ਼ਾਮ ਦੀ ਵਿਦਾਈ ਸਮੇਂ ਪੰਜਾਬੀ ਲੋਕ ਸਾਜ਼ਾਂ ਦੀ ਜੁਗਲਬੰਦੀ ਫੋਕ ਆਰਕੈਸਟਰਾ ਨਾਲ ਹੋਈ, ਜਿਸ ’ਚੋਂ ਹਰ ਸਰੋਤੇ ਨੇ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ਸੁਣੀਆਂ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …