ਪੰਜਾਬ ਦੀ ਤਰੱਕੀ, ਖੁਸ਼ਹਾਲੀ ਤੇ ਆਪਸੀ ਭਾਈਚਾਰਕ ਸਾਂਝ ਲਈ ਕੀਤੀ ਅਰਦਾਸ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਰਿਵਾਰ ਅਤੇ ਨਵਜ਼ੰਮੀ ਬੇਟੀ ਨਿਆਮਤ ਕੌਰ ਮਾਨ ਸਮੇਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਵਿਖੇ ਮੱਥਾ ਟੇਕਿਆ।
ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਵਾਰ ਨੂੰ ‘ਆਪ’ ਦੇ ਚੋਣ ਪ੍ਰਚਾਰ ਲਈ ਅੰਮ੍ਰਿਤਸਰ ਪਹੁੰਚੇ ਹੋਏ ਸਨ, ਜਿਥੇ ਸਵੇਰੇ ਉਨ੍ਹਾਂ ਨੇ ਪਰਿਵਾਰ ਸਮੇਤ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ।ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਮਹੀਨੇ ਧੀ ਵਜੋਂ `ਵਾਹਿਗੁਰੂ ਦੀ ਨਿਆਮਤ` ਦੀ ਬਖਸ਼ੀਸ਼ ਮਿਲੀ ਹੈ, ਇਸ ਲਈ ਉਹ ਅੱਜ ਆਪਣੇ ਪਰਿਵਾਰ ਸਮੇਤ ਪ੍ਰਮਾਤਮਾ ਦੀਆਂ ਸਾਰੀਆਂ ਬਖ਼ਸ਼ਿਸ਼ਾਂ ਦਾ ਸ਼਼ੁਕਰਾਨਾ ਕਰਨ ਲਈ ਇਥੇ ਆਏ ਹਨ।ਉਨ੍ਹਾਂ ਨਾਲ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅਤੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਮੌਜ਼ੂਦ ਸਨ।
ਭਗਵੰਤ ਮਾਨ ਨੇ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸੇ ਵੀ ਸਿਆਸੀ ਮਾਮਲੇ `ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਇਥੇ ਸਿਰਫ਼ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕਰਨ ਆਏ ਹਨ।ਉਨ੍ਹਾਂ ਕਿਹਾ ਕਿ “ਮੈਂ ਪ੍ਰਮਾਤਮਾ ਤੋਂ ਆਪਣੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਅਤੇ `ਰੰਗਲਾ ਪੰਜਾਬ` ਲਈ ਕੰਮ ਕਰਦੇ ਰਹਿਣ ਲਈ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਹੈ।” ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਸਾਡੀ ਖ਼ੁਸ਼ਕਿਸਮਤੀ ਹੈ ਕਿ ਪੰਜਾਬ ਵਿੱਚ ਸਾਰੇ ਧਰਮਾਂ ਅਤੇ ਪਿਛੋਕੜਾਂ ਦੇ ਲੋਕ ਸ਼ਾਂਤੀ ਅਤੇ ਮਿਲਜੁਲ ਕੇ ਰਹਿੰਦੇ ਹਨ।ਅਸੀਂ ਗੁਰਪੁਰਬ, ਈਦ ਅਤੇ ਰਾਮ ਨਵਮੀ ਵਰਗੇ ਤਿਉਹਾਰ ਇਕੱਠੇ ਹੋ ਕੇ ਮਨਾਉਂਦੇ ਹਾਂ।ਉਨ੍ਹਾਂ ਕਿਹਾ ਕਿ “ਮੈਂ ਰੱਬ ਤੋਂ ਇਹੀ ਅਰਦਾਸ ਕਰਦਾ ਹਾਂ ਕਿ ਪੰਜਾਬੀਆਂ ਵਿੱਚ ਹਮੇਸ਼ਾਂ ਭਾਈਚਾਰਕ ਸਾਂਝ ਅਤੇ ਏਕਤਾ ਬਣੀ ਰਹੇ।