Thursday, November 21, 2024

ਜਗਤਾਰ ਗਿੱਲ ਦੇ ਨਵ ਪ੍ਰਕਾਸ਼ਿਤ ਦੋਹਾ-ਸੰਗ੍ਰਹਿ `ਪਾ ਚਾਨਣ ਦੀ ਬਾਤ` ‘ਤੇ ਹੋਈ ਚਰਚਾ

ਅੰਮ੍ਰਿਤਸਰ, 26 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ-ਮੁਕਾਲਮਾ ਕਾਵਿ-ਮੰਚ ਵਲੋਂ ਅਰੰਭੀ `ਪੁਸਤਕਾਂ ਸੰਗ ਸੰਵਾਦ` ਸਮਾਗਮਾਂ ਦੇ ਅੰਤਰਗਤ ਪ੍ਰਤਿਭਾਵਾਨ ਸ਼ਾਇਰ ਜਗਤਾਰ ਗਿੱਲ ਦੇ ਨਵ-ਪ੍ਰਕਾਸ਼ਿਤ ਦੋਹਾ ਸੰਗ੍ਰਹਿ “ਪਾ ਚਾਨਣ ਦੀ ਬਾਤ” ‘ਤੇ ਵਿਚਾਰ ਚਰਚਾ ਦਾ ਅਯੋਜਨ ਕੀਤਾ ਗਿਆ।ਡਾ. ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਨਾਲ਼ ਸਥਾਨਕ ਭਾਈ ਵੀਰ ਨਿਵਾਸ ਅਸਥਾਨ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਮੰਚ ਦੇ ਕਨਵੀਨਰ ਹਰਜੀਤ ਸਿੰਘ ਸੰਧੂ ਦੇ ਸਵਾਗਤੀ ਸਬਦਾਂ ਨਾਲ ਹੋਇਆ।
ਚਰਚਾ ਅਧੀਨ ਪੁਸਤਕ ਉਪਰ ਪਰਚਾ ਪੜ੍ਹਦਿਆਂ ਡਾ. ਹੀਰਾ ਸਿੰਘ ਨੇ ਕਿਹਾ ਕਿ “ਪਾ ਚਾਨਣ ਦੀ ਬਾਤ” ਦੇ ਸਮੁੱਚੇ ਦੋਹੇ ਜਿਥੇ ਪਾਠਕ ਦੇ ਸੁਹਜ-ਸੁਆਦ ਦੀ ਤ੍ਰਿਪਤੀ ਕਰਦੇ ਹਨ, ਓਥੇ ਉਹਦੀ ਸੋਚ ਨੂੰ ਝੰਜੋੜਦੇ ਤੇ ਜੀਵਨ ਦੇ ਉਸਾਰੂ ਪਹਿਲੂਆਂ ਦੀ ਝਲਕ ਦਿਖਾਉਂਦੇ ਹਨ।
ਵਿਚਾਰ ਚਰਚਾ ਦਾ ਮੁੱਢ ਬੰਨ੍ਹਦਿਆਂ ਡਾ. ਪਰਮਜੀਤ ਢੀਂਗਰਾ ਨੇ ਸਾਹਿਤਕ ਹਵਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਸਦੀਆਂ ਪਹਿਲਾਂ ਤੋਂ ਲੋਕਾਂ ਨੇ ਸੂਫੀ ਸੰਤਾਂ ਵਲੋਂ ਲਿਖੇ, ਪੜ੍ਹੇ ਅਤੇ ਗਾਏ ਗਏ ਇਸ ਦੋਹਾ ਸ਼ਾਇਰੀ ਨੂੰ ਲੋਕ ਅੱਜ ਵੀ ਅਦਬ ਅਤੇ ਸਤਿਕਾਰ ਬਖਸ਼ਦੇ ਹਨ।ਡਾ. ਸੁਖਬੀਰ ਕੌਰ ਮਾਹਲ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਜਿਥੇ ਪੁਸਤਕ ਲੇਖਕ ਜਗਤਾਰ ਗਿੱਲ ਨੂੰ ਵਧਾਈ ਦਿੱਤੀ, ਉਥੇ ਉਹਨਾਂ ਇਹ ਵੀ ਕਿਹਾ ਕਿ ਦੋਹਾ ਸ਼ਾਇਰੀ ਮਨੁੱਖੀ ਮਨ ਅੰਦਰ ਜਜ਼ਬ ਹੋਣ ਅਤੇ ਅਸਰ ਕਰਨ ਵਾਲੀ ਸ਼ਾਇਰੀ ਹੈ।ਅੰਤ ਵਿੱਚ ਲੋਕ-ਕਵੀ ਜਗਦੀਸ਼ ਰਾਣਾ ਨੇ ਆਏ ਦੋਸਤਾਂ ਦਾ ਧੰਨਵਾਦ ਕੀਤਾ।ਮੰਚ ਦਾ ਸੰਚਾਲਨ ਸਰਬਜੀਤ ਸਿੰਘ ਸੰਧੂ ਨੇ ਬਖ਼ੂਬੀ ਕੀਤਾ।
ਗੋਸ਼ਟੀ ਵਿਚ ਹਿੱਸਾ ਲੇਣ ਵਾਲ਼ਿਆਂ ਵਿੱਚ ਕਹਾਣੀਕਾਰ ਦੀਪ ਦਵਿੰਦਰ ਸਿੰਘ, ਮੁਖ਼ਤਾਰ ਗਿੱਲ, ਧਰਵਿੰਦਰ ਔਲਖ, ਸੁਖਦੇਵ ਰਾਜ ਕਾਲੀਆ, ਸੁਖਦੇਵ ਸਿੰਘ ਕਾਹਲੋਂ, ਹਰਪਾਲ ਸਿੰਘ ਨਾਗਰਾ, ਐਸ.ਪਰਸ਼ੋਤਮ, ਹਰਜੀਤ ਸਿੰਘ ਗਰੋਵਰ, ਦਵਿੰਦਰ ਦੀਦਾਰ, ਜਸਵੰਤ ਹਾਂਸ, ਜਗਰੂਪ ਕੌਰ, ਸੁਪਿੰਦਰ ਸਿੰਘ, ਸੁਚਾ ਸਿੰਘ ਰੰਧਾਵਾ, ਅਜੀਤ ਨਬੀਪੁਰੀ, ਕਰਤਾਰ ਸਿੰਘ ਐਮ.ਏ, ਡਾ. ਮੋਹਨ ਬੇਗੋਵਾਲ, ਗੁਰਦੀਪ ਸਿੰਘ ਸੈਣੀ, ਵਜ਼ੀਰ ਸਿੰਘ ਰੰਧਾਵਾ, ਇੰਦਰਪਾਲ, ਰਾਜਪਾਲ ਸ਼ਰਮਾ, ਆਰ ਜੀਤ ਅਤੇ ਮੰਚ ਦੇ ਮੈਂਬਰਾਂ ਡਾ. ਮੋਹਨ ਬੇਗੋਵਾਲ, ਡਾ. ਭੁਪਿੰਦਰ ਸਿੰਘ ਫੇਰੂਮਾਨ, ਬਲਜਿੰਦਰ ਮਾਂਗਟ, ਜਸਵੰਤ ਧਾਪ, ਸਤਿੰਦਰ ਸਿੰਘ ਓਠੀ, ਤਰਸੇਮ ਲਾਲ ਬਾਵਾ ਸ਼ਾਮਲ ਹੋਏ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …